ਪੰਜਾਬੀਆਂ ਦਾ ਦਰਦ ਪਛਾਣੋ: ਬਾਦਲ ਦੇ ਨਾਂ ਖੁੱਲ੍ਹਾ ਖ਼ਤ

5ਚੰਡੀਗੜ੍ਹ: ਪੰਜਾਬ ਦੀ ਕਿਸਾਨੀ ਦਿਨੋ-ਦਿਨ ਸੰਕਟ ਵਿੱਚ ਘਿਰਦੀ ਜਾ ਰਹੀ ਹੈ। ਪਿਛਸੇ ਨੌਂ ਸਾਲਾਂ ਤੋਂ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਅਕਾਲੀ ਦਲ ਦੀ ਸਰਕਾਰ ਹੈ। ਇਸ ਦੇ ਬਾਵਜੂਦ ਪੰਜਾਬ ਦੀ ਹਾਲਤ ਹੋਰ ਨਿੱਘਰੀ ਹੈ। ਪੰਜਾਬ ਇਹ ਦਰਦ ਕਿਸਾਨ ਖੇਤ ਮਜ਼ਦੂਰ ਸੈੱਲ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਜੀਰਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਖੁੱਲ੍ਹੇ ਖ਼ਤ ਵਿੱਚ ਬਿਆਨਿਆ ਹੈ। ਪੇਸ਼ ਹੈ ਬਾਦਲ ਨੂੰ ਲਿਖਿਆ ਹੂ-ਬੂ-ਹੂ ਖ਼ਤ।
ਸ੍ਰ. ਪ੍ਰਕਾਸ਼ ਸਿੰਘ ਬਾਦਲ ਜੀ, ਮੁੱਖ ਮੰਤਰੀ ਪੰਜਾਬ ਚੰਡੀਗੜ੍ਹ।ਪਰਮ ਸਤਿਕਰਯੋਗ ਸ. ਬਾਦਲ ਸਾਹਿਬ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ 28 ਅਪ੍ਰੈਲ ਤੋਂ ਆਪ ਦੀ ਕੋਠੀ ਅੱਗੇ 5 ਬੰਦੇ ਹਰ ਰੋਜ ਕਿਸਾਨਾਂ ਦੀ ਕਣਕ ਦੀ ਭੁਗਤਾਨ ਦੇ ਮਸਲੇ ਵਿੱਚ ਧਰਨਾ ਦੇ ਰਹੇ ਹਾਂ, ਪਰ ਤੁਸੀਂ ਅੱਜ ਤੱਕ ਕੋਈ ਵੀ ਹੱਲ ਨਹੀਂ ਕੀਤਾ।ਬਾਦਲ ਸਾਹਿਬ, ਪੰਜਾਬ ਦਾ ਇੱਕ ਨਿਮਾਣਾ ਜਿਹਾ ਵਸਨੀਕ ਹੋਣ ਦੇ ਨਾਤੇ ਵੇਲੇ-ਕੁਵੇਲੇ ਤੁਹਾਨੂੰ ਨੀਂਦ ‘ਚੋਂ ਬਾਹਰ ਕੱਢ ਕੇ ਜਗਾਉਣਾ ਚਾਹੁੰਦਾ ਹਾਂ। ਮੈਨੂੰ ਇਹ ਵੀ ਪਤਾ ਹੈ ਕਿ ਮੇਰੀਆਂ ਅਜਿਹੀਆਂ ਕੋਸ਼ਿਸ਼ਾਂ ਦਾ ਕੋਈ ਫਾਇਦਾ ਨਹੀਂ, ਕਿਉਂਕਿ ਤੁਹਾਨੂੰ ਤਾਂ ਘਰਦਿਆਂ ਦੀਆਂ ਚੀਕਾਂ ਵੀ ਨਹੀਂ ਸੁਣਦੀਆਂ। ਜਦੋਂ ਤੁਸੀਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ, ਉਦੋਂ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਕਸਲਵਾਦੀ ਕਹਿ ਕੇ ਕਤਲੋਗਾਰਤ ਦਾ ਦੌਰ ਸ਼ੁਰੂ ਕਰਾ ਦਿੱਤਾ ਸੀ। ਸੰਨ 1978 ਵਿੱਚ ਆਏ ਤਾਂ ਨਿਰੰਕਾਰੀ ਕਾਂਡ, 1997 ਵਿੱਚ ਆਏ ਤਾਂ ਸਿੱਖ ਸੰਗਠਨਾਂ ਨੂੰ ਬਦਨਾਮ ਕਰਨਾ, ਹੁਣ ਵਢੇਰੇ ਮੁੱਖ ਮੰਤਰੀ ਹੋਣ ਦੇ ਬਾਵਜੂਦ 2007 ਤੋਂ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਣ ਹੋਣਾ, ਬਰਗਾੜੀ ਕਾਂਡ ਵਿੱਚ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨਾ ਤੇ ਸਾਧੂ-ਸੰਤਾਂ ਦੀ ਬੇਇੱਜ਼ਤੀ ਕਰਨਾ, ਮੈਂ ਕਿਸ ਪਲ ਦੀ ਗੱਲ ਕਰਾਂ, ਤੁਸੀਂ ਤਾਂ ਕਦੇ ਕੋਈ ਕਸਰ ਬਾਕੀ ਹੀ ਨਹੀਂ ਛੱਡੀ। ਫਿਰ ਵੀ ਤੁਹਾਨੂੰ ਇੰਦਰਜੀਤ ਸਿੰਘ ਜੀਰਾ ਵਰਗੇ ਪੰਜਾਬ ਹਿਤੈਸ਼ੀਆਂ ਦੀਆਂ ਚੀਕਾਂ ਤਾਂ ਸੁਣਨੀਆਂ ਹੀ ਨਹੀਂ। ਸੁਣਨ ਵੀ ਕਿਵੇਂ, ਜੇ ਬੰਦਾ ਕੁਦਰਤੀ ਬੋਲਾ ਹੋਵੇ ਤਾਂ ਅਲੱਗ ਗੱਲ ਹੈ, ਪਰ ਜੇਕਰ ਬੰਦਾ ਸੁਣਨਾ ਹੀ ਨਾ ਚਾਹੇ ਤਾਂ ਫਿਰ ਤਾਂ ਇਹ ਗੱਲ ਹੈ ”ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ।”ਬਾਦਲ ਸਾਹਿਬ, ਮੈਂ ਤੁਹਾਨੂੰ ਬੀਤੇ ਸਮੇਂ ਦੀ ਇੱਕ ਗੱਲ ਯਾਦ ਕਰਾਉਣਾ ਚਾਹੁੰਦਾ ਹਾਂ। ਤੁਹਾਡੇ ਰਾਜ ਨਾਲ ਰਲਦਾ-ਮਿਲਦਾ ਮੁਗਲਾਂ ਦਾ ਰਾਜ ਸੀ, ਉਸ ਸਮੇਂ ਕੁਝ ਬੱਚਿਆਂ ਨੇ ਖੇਡਦਿਆਂ-ਖੇਡਦਿਆਂ ਇੱਕ ਖੋਤੇ ਨੂੰ ਲੱਤਾਂ ਮਾਰ ਮਾਰ ਕੇ ਮਾਰ ਦਿੱਤਾ। ਮਾਮਲਾ ਮੁਸਲਮਾਨ ਮੌਲਵੀ ਕੋਲ ਚਲਾ ਗਿਆ। ਮੌਲਵੀ ਨੇ ਕਿਹਾ ਕਿ ਮੈਂ ਅੱਲ੍ਹਾ ਕੋਲੋਂ ਪੁੱਛ ਕੇ ਦੱਸਦਾ ਹਾਂ, ਤਾਂ ਉਸ ਨੇ ਅੱਖਾਂ ਬੰਦ ਕਰ ਲਈਆਂ। ਕੁਝ ਦੇਰ ਬਾਅਦ ਉਹ ਬੋਲਿਆ ਕਿ ਇਹ ਬਰਦਾਸ਼ਤ ਕਰਨਯੋਗ ਨਹੀਂ ਹੈ। ਹੁਣ ਜਾਂ ਤਾਂ ਚਾਂਦੀ ਦਾ ਖੋਤਾ ਮਸੀਤ ਵਿੱਚ ਚੜ੍ਹਾਉਣਾ ਪਵੇਗਾ, ਜਾਂ ਫਿਰ ਬੱਚਿਆਂ ਨੂੰ ਬਹੁਤ ਸਖਤ ਸਜ਼ਾ ਦਿੱਤੀ ਜਾਵੇਗੀ। ਪਰ ਜਦੋਂ ਦੂਜੇ ਮੁਸਲਮਾਨਾਂ ਨੇ ਮੌਲਵੀ ਸਾਹਿਬ ਨੂੰ ਇਹ ਦੱਸਿਆ ਕਿ ਲੱਤਾਂ ਮਾਰਨ ਵਾਲਿਆਂ ਵਿੱਚ ਤੁਹਾਡਾ ਪੁੱਤਰ ਮੀਰ ਜਮਾਲ ਵੀ ਸ਼ਾਮਲ ਸੀ, ਤਾਂ ਮੌਲਵੀ ਨੇ ਕਿਹਾ ਕਿ ਇੱਕ ਵਾਰ ਫਿਰ ਅੱਲ੍ਹਾ ਨੂੰ ਪੁੱਛਣਾ ਪਵੇਗਾ। ਕੁਝ ਦੇਰ ਬਾਅਦ ਫਿਰ ਮੌਲਵੀ ਨੇ ਅੱਖਾਂ ਖੋਲ੍ਹ ਕੇ ਕਿਹਾ ਕਿ ਅੱਲ੍ਹਾ ਨੇ ਕਿਹਾ ਹੈ ਕਿ ”ਜਿੱਥੇ ਤੁਹਾਡਾ ਮੀਰ ਜਮਾਲ ਉਥੇ ਖੱਚਰ-ਖੋਤਾ ਸਭੀ ਹਲਾਲ” ਹੁਣ ਕਿਸੇ ਦਾ ਕੋਈ ਕਸੂਰ ਨਹੀਂ ਬਣਦਾ, ਮੌਜਾਂ ਲਵੋ।ਪਰ ਬਾਦਲ ਸਾਹਿਬ, ਤੁਸੀਂ ਤਾਂ ਉਸ ਮੌਲਵੀ ਨੂੰ ਵੀ ਫੇਲ੍ਹ ਕਰ ਦਿੱਤਾ। ਪੰਜਾਬ ਵਿੱਚ ਜੇਕਰ ਕਿਸੇ ਕੋਲੋਂ ਪਾਈਆ ਪੋਸਤ ਵੀ ਫੜਿਆ ਜਾਂਦਾ ਹੈ ਤਾਂ ਪੁਲਿਸ ਉਸ ਉਪਰ ਇੱਕ ਮਿੰਟ ਵਿੱਚ ਪਰਚਾ ਕੱਟ ਦਿੰਦੀ ਹੈ ਪਰ ਜਦੋਂ ਤੋਂ ਤੁਸੀਂ ਕੁੜਮਾਚਾਰੀ ਦਾ ਮਾਣ ਰੱਖਣ ਖਾਤਰ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਤੇ ਮਜੀਠੀਏ ਨੇ ਚਿੱਟੇ ਦਾ ਕੰਮ ਸ਼ੁਰੂ ਕੀਤਾ ਹੈ, ਉਦੋਂ ਦਾ ਸਾਰੇ ਸਮਗਲਰਾਂ ਨੇ ਮੀਰ ਜਮਾਲ ਦਾ ਪੱਲਾ ਫੜ ਲਿਆ ਹੈ ਤੇ ਨਸ਼ਾ ਵੇਚ-ਵੇਚ ਕੇ ਲੋਕਾਂ ਨੂੰ ਮਾਰਨ ਦਾ ਰਾਹ ਬਿਲਕੁਲ ਪੱਧਰਾ ਕਰ ਲਿਆ ਹੈ। ਜਿਹੜੇ ਨੌਜਵਾਨ ਤੁਹਾਡੀ ਬੁੱਕਲ ਵਿੱਚ ਆਏ, ਉਨ੍ਹਾਂ ਨੂੰ ਤੁਸੀਂ ਨਸ਼ੇ ਦੇ ਵਪਾਰੀ ਤੇ ਗੈਂਗਸਟਰ ਬਣਾ ਕੇ ਨੌਜਵਾਨਾਂ ਵਿੱਚ ਇੱਕ ਨਵੀਂ ਆਪਸੀ ਲੜਾਈ ਸ਼ੁਰੂ ਕਰਵਾ ਦਿੱਤੀ ਤੇ ਦੂਜੇ ਪਾਸੇ ਨਸ਼ਿਆਂ ਦੀ ਮਾਰ ਨਾਲ ਹਜ਼ਾਰਾਂ ਘਰਾਂ ਦੇ ਚਿਰਾਗ ਬੁੱਝ ਗਏ ਹਨ। ਪਰ ਤੁਹਾਨੂੰ ਤਾਂ ਸਿਰਫ ਕੁਰਸੀ ਤੇ ਕਮਾਈ ਚਾਹੀਦੀ ਹੈ ਪਰ ਯਾਦ ਰੱਖਿਓ, ਕਿੱਕਰਾਂ ਦੇ ਬੀਜ ਬੀਜ ਕੇ ਕਦੇ ਖਰਬੂਜੇ ਨਹੀਂ ਖਾਧੇ ਜਾਂਦੇ। ਲੋਕਾਂ ਦੇ ਪੁੱਤ ਮਰਵਾ ਕੇ ਜੇ ਤੁਸੀਂ ਸੋਚਦੇ ਹੋ ਕਿ ਰੱਬ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਤਾਂ ਇਹ ਵੀ ਤੁਹਾਡਾ ਬਹੁਤ ਵੱਡਾ ਭੁਲੇਖਾ ਹੈ। ਚਲੋ ਰੱਬ ਖੈਰ ਕਰੇ।ਬਾਦਲ ਸਾਹਿਬ, ਜਦੋਂ ਕਿਤੇ ਤੁਸੀਂ ਧਰਮ ਰਾਜ ਦੀ ਕਚਹਿਰੀ ਵਿੱਚ ਪੇਸ਼ ਹੋਏ, ਤਾਂ ਉਥੇ ਵੀ ਤੁਸੀਂ ਇਸਦੀ ਜਿੰਮੇਵਾਰੀ ਕਾਂਗਰਸ ਤੇ ਮੜ੍ਹ ਦੇਣੀ ਹੈ। ਤੁਹਾਡੇ ਪਰਿਵਾਰ ਕੋਲ ਕਾਂਗਰਸ ਨੂੰ ਗਾਲਾਂ ਕੱਢਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ, ਪਰ ਤੁਹਾਡੇ ਦੁਸ਼ਮਣ ਵਧਦੇ ਜਾ ਰਹੇ ਹਨ ਤੇ ਤੁਹਾਡੇ ਸਾਥੀ ਤੁਹਾਡਾ ਸਾਥ ਛੱਡ ਕੇ ਭੱਜਣ ਵਾਲੇ ਹਨ। ਅਜੇ ਵੀ ਮੌਕਾ ਹੈ, ਰੱਬ ਤੋਂ ਡਰੋ ਤੇ ਮਨੁੱਖਤਾ ਦੇ ਭਲੇ ਲਈ ਕੋਈ ਚੰਗਾ ਕੰਮ ਕਰ ਲਵੋ।ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਨਿਮਾਣਾ ਜਿਹਾ ਸਿੱਖ ਹਾਂ ਤੇ ਮੈਂ ਵਾਅਦਾ ਕਰਦਾ ਹਾਂ ਕਿ ਜਦੋਂ ਤੱਕ ਤੁਸੀਂ ਆਪਣੀਆਂ ਔਰੰਗਜੇਬੀ ਹਰਕਤਾਂ ਤੋਂ ਬਾਜ ਨਹੀਂ ਆਉਂਦੇ, ਉਦੋਂ ਤੱਕ ਮੈਂ ਆਪਣਾ ਫਰਜ ਨਿਭਾਉਂਦਾ ਰਹਾਂਗਾ ਤੇ ਤੁਹਾਨੂੰ ਕੁੰਭਕਰਨੀ ਨੀਂਦ ਤੋਂ ਜਗਾਉਂਦਾ ਰਹਾਂਗਾ। ਵੈਸੇ ਤਾਂ ਮੈਨੂੰ ਲੋੜ ਨਹੀਂ ਸੀ। ਤੁਹਾਡੇ ਅਜਿਹੇ ਹਾਲਾਤ ਕਰਨ ਲਈ ਤੁਹਾਡਾ ਆਪਣਾ ਪਰਿਵਾਰ ਅਤੇ ਮਜੀਠੀਆ ਪਰਿਵਾਰ ਹੀ ਬਹੁਤ ਸੀ। ਪਰ ਮੈਂ ਤੁਹਾਡੇ ਵਰਗਾ ਨਹੀਂ। ਮੈਂ ਗੁਰੂ ਆਸਰੇ ਜੀਉਣ ਵਾਲਾ ਇਨਸਾਨ ਹਾਂ। ਵਕਤ ਦੇ ਨਾਲ-ਨਾਲ ਜੇ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਬਾਰੇ ਲੋਕਾਂ ਨੂੰ ਜਾਗਰੁਕ ਨਾ ਕੀਤਾ ਤਾਂ ਮੈਂ ਆਪਣੇ ਇਨਸਾਨੀ ਜਾਮੇ ਤੋਂ ਕੁਤਾਹੀ ਕਰ ਰਿਹਾ ਹੋਵਾਂਗਾ।ਬਾਦਲ ਸਾਹਿਬ, ਤੁਹਾਡੇ ਹੰਕਾਰ ਦੀ ਦੀਵਾਰ ਜਿੰਨੀ ਮਰਜੀ ਵੱਡੀ ਹੋਵੇ, ਪਰ ਤੁਸੀਂ ਇੱਕ ਗੱਲ ਯਾਦ ਰੱਖਿਓ, ਜੇ ਕਿਸੇ ਦੀ ਦਹੀ ਨਾਲ ਲਿਬੜੀ ਉਂਗਲ ਦੁੱਧ ਵਿੱਚ ਪੈ ਜਾਵੇ ਤਾਂ ਉਹ ਸਵੇਰ ਤੱਕ ਦੁੱਧ ਨਹੀਂ ਰਹਿੰਦਾ, ਫਿਰ ਭਾਵੇਂ ਜਿੰਨੇ ਮਰਜੀ ਮੰਤਰ ਪੜ੍ਹ ਲਈਏ, ਦੁੱਧ ਨਹੀਂ ਬਚਦਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪੰਜਾਬ ਦੀ ਜਨਤਾ ਨੂੰ ਅਣਗੌਲਿਆਂ ਨਾ ਕਰੋ। ਇਹ ਦਹੀ ਨਾਲ ਲਿਬੜੀ ਉਂਗਲ ਨਹੀਂ, ਸਗੋਂ ਕੜਛੀ ਭਰ ਦਹੀਂ ਹੈ, ਜੋ ਤੁਹਾਡੇ ਪਾਪਾਂ ਦੇ ਖਾਤਮੇ ਲਈ ਕਾਫੀ ਹੈ ਤੇ ਲੋਕਾਂ ਨੇ ਤੁਹਾਡੇ ਤੋਂ ਰਾਜ ਭਾਗ ਖੋਹ ਕੇ ਪਤਾ ਨਹੀਂ ਤੁਹਾਨੂੰ ਕੀ ਕਰਨ ਲਈ ਮਜਬੂਰ ਕਰ ਦੇਣਾ ਹੈ। ਅਖੀਰ ਵਿੱਚ ਮੈਂ ਬੇਨਤੀ ਕਰਦਾ ਹਾਂ ਕਿ ਤੁਹਾਡੇ ਰਾਜ ਭਾਗ ਪੰਜਾਬ ਵਿੱਚ ਪੈਂਦੇ ਮਾਲਵਾ ਖੇਤਰ ਦੇ ਪਿੰਡਾਂ ਵਿੱਚ ਤੁਸੀਂ ਹਰੇਕ ਪਿੰਡ ਦੇ ਸ਼ਮਸ਼ਾਨ ਘਾਟ ਦਾ ਦੌਰਾ ਜਰੂਰ ਕਰਿਓ।ਤੁਹਾਨੂੰ ਸਾਰੇ ਸਿਵਿਆਂ ਵਿੱਚੋਂ ਇੱਕੋ ਅਵਾਜ ਆਵੇਗੀ ਕਿ ਬਾਦਲ ਸਾਹਿਬ, ਤੁਸੀਂ ਕਿਹਾ ਸੀ ਕਿ ਰਾਜ ਨਹੀਂ ਸੇਵਾ। ਇਹ ਤੁਹਾਡੀ ਸੇਵਾ ਦਾ ਅਸਰ ਹੈ ਕਿ ਅਸੀਂ ਜਵਾਨੀ ਵਿੱਚ ਹੀ ਸ਼ਮਸ਼ਾਨ ਘਾਟ ਦਾ ਸ਼ਿੰਗਾਰ ਬਣ ਗਏ ਹਾਂ। ਬਾਦਲ ਸਾਹਿਬ, ਕਿਸਾਨਾਂ ਤੇ ਨੌਜਵਾਨਾਂ ਦੇ ਬਲਦੇ ਸਿਵੇ ਤੁਹਾਡੇ ਤੋਂ ਇਹ ਪੁੱਛਦੇ ਹਨ ਕਿ ਇਹ ਹਾਲਤ ਸਿਰਫ ਸਾਡੇ ਲਈ ਹੀ ਕਿਉਂ ? ਕਦੇ ਤੁਹਾਡੇ ਕਿਸੇ ਨਜ਼ੀਦੀਕ ਨੇਤਾਂ ਖੁਦਕੁਸ਼ੀ ਨਹੀਂ ਕੀਤੀ। ਚਲੋ ਬਾਦਲ ਸਾਹਿਬ, ਗੱਲਾਂ ਤਾਂ ਬਹੁਤ ਹਨ, ਪਰ ਮੈਂ ਕੀ-ਕੀ ਆਖਾਂ। ਪਰ ਤੁਹਾਡਾ ਤਾਂ ਉਹ ਹਾਲ ਹੈ ਕਿ ”ਪੰਚਾਂ ਦੀ ਗੱਲ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ।” ਪਰ ਮੈਂ ਆਪਣਾ ਫਰਜ਼ ਨਿਭਾਉਂਦਾ ਰਹਾਂਗਾ। ਤੁਹਾਨੂੰ ਤੁਹਾਡੇ ਪੰਜਾਬ ਅਤੇ ਕੌਮ ਪ੍ਰਤੀ ਗੁਨਾਹ ਮੁਬਾਰਕ। ਬਾਦਲ ਸਾਹਿਬ, ਇਹ ਮੇਰੇ ਮਸ਼ਵਰੇ ਹੀ ਨਹੀਂ ਸਗੋਂ ਇਹ ਪੰਜਾਬ ਦੀ ਦੁੱਖੀ ਆਤਮਾ ਦੀ ਆਵਾਜ ਹੈ। ਇਸ ਲਈ ਬੁਰੇ ਹਾਲੀਂ ਮਰ ਰਹੇ ਲੋਕਾਂ ਦੀ ਹਾਲ-ਪਾਹਰਿਆ ਦਾ ਡਰ-ਭੈਅ ਜਰੂਰ ਰੱਖਿਓ। ਗਰੀਬਾਂ ਦੀ ਆਹ ਤੋਂ ਤੁਹਾਨੂੰ ਕੋਈ ਤਾਕਤ ਨਹੀਂ ਬਚਾ ਸਕਦੀ। ਇਹਨਾਂ ਗਰੀਬਾਂ ਦੀਆਂ ਖੁਦਕੁਸ਼ੀਆਂ ਦਾ ਭਾਰ ਤੁਹਾਡੇ ਤੋਂ ਨਹੀਂ ਝੱਲ ਹੋਣਾ।ਕਿਸਾਨਾਂ ਵੱਲੋਂ ਦਿਨ ਪ੍ਰਤੀ ਦਿਨ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਪਿੱਛੇ ਬਹੁਤ ਘੱਟ ਕੇਸਾਂ ਵਿੱਚ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ 3 ਲੱਖ ਰੁਪਏ ਕੀ ਭੁੱਖ ਨਾਲ ਮਰਨ ਕਿਨਾਰੇ ਪਏ ਬਜੁਰਗ ਦੇ ਬੁੱਲਾਂ ਨੂੰ ਘਿਓ ਲਾਉਣ ਮਾਤਰ ਨਹੀਂ ? ਕਿੰਨਾ ਚੰਗਾ ਹੁੰਦਾ, ਕਿ ਜੇਕਰ ਤੁਸੀਂ 1997 ਤੋਂ ਹੀ ਜਦੋਂ ਕਿ ਕੇਂਦਰ ਵਿੱਚ ਤੁਹਾਡੀ ਆਪਣੀ ਭਾਈਵਾਲ ਬੀ.ਜੇ.ਪੀ. ਸਰਕਾਰ ਸੀ। ਜੇਕਰ ਤੁਸੀਂ ਉਦੋਂ ਬਤੌਰ ਮੁੱਖ ਮੰਤਰੀ ਪੰਜਾਬ ਦੇ ਜਿਮੀਂਦਾਰਾਂ ਦੀਆਂ ਫਸਲਾਂ ਨੂੰ ਪ੍ਰਾਈਜ ਇੰਡੈਕਸ ਨਾਲ ਜੁੜਵਾ ਲੈਂਦੇ ਤਾਂ ਪੰਜਾਬ ਦੇ ਕਿਸਾਨਾਂ ਦਾ ਅੱਜ ਏਨਾ ਮਾੜਾ ਹਾਲ ਨਹੀਂ ਹੋਣਾ ਸੀਛ ਜੇਕਰ ਤੁਸੀਂ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਮਝਦੇ ਹੋ ਤਾਂ ਹੁਣ ਵੀ ਤੁਸੀਂ ਕੇਂਦਰ ਵਿੱਚ ਮੋਦੀ ਸਰਕਾਰ ਤੋਂ ਇਹ ਕੰਮ ਕਿਉਂ ਨਹੀਂ ਕਰਵਾ ਰਹੇ?
(ਇੰਦਰਜੀਤ ਸਿੰਘ ਜੀਰਾ) ਚੇਅਰਮੈਨ, ਕਿਸਾਨ ਖੇਤ ਮਜ਼ਦੂਰ ਸੈੱਲ ਪੰਜਾਬ, ਸਾਬਕਾ ਮੰਤਰੀ, ਪੰਜਾਬ

468 ad

Submit a Comment

Your email address will not be published. Required fields are marked *