ਪ੍ਰੋ. ਬਲਜਿੰਦਰ ਕੌਰ ਵੱਲੋਂ ‘ਆਪ’ ਉਮੀਦਵਾਰ ਵਜੋਂ ਕਾਗਜ਼ ਦਾਖਲ

photo-2-talwandi-sabo-Baljinder Kaur

ਜ਼ਿਮਨੀ ਚੋਣ ਤਲਵੰਡੀ ਸਾਬੋ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅਖ਼ੀਰਲੇ ਦਿਨ ਅੱਜ ਨੌਂ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖ਼ਲ ਕੀਤੇ।  ਇਨ੍ਹਾਂ ਵਿੱਚ ਆਮ ਆਦਮੀ ਪਾਰਟੀ (ਆਪ)  ਦੀ ਨਵੀਂਂ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ, ਅਕਾਲੀ ਦਲ ਦੇ ਕਵਰਿੰਗ ਉਮੀਦਵਾਰ ਸ੍ਰੀਮਤੀ ਨਿਮਰਤ ਕੌਰ ਸਿੱਧੂ ਅਤੇ ਆਜ਼ਾਦ ਉਮੀਦਵਾਰ ਬਲਕਾਰ ਸਿੱਧੂ ਦੇ ਨਾਂ ਸ਼ਾਮਲ ਹਨ।

ਪ੍ਰੋਫੈਸਰ ਬਲਜਿੰਦਰ ਕੌਰ  ਨੂੰ ਆਮ ਆਦਮੀ ਪਾਰਟੀ ਨੇ ਬੀਤੀ ਦੇਰ ਸ਼ਾਮ ਆਪਣਾ ਉਮੀਦਵਾਰ ਬਣਾਇਆ। ਉਨ੍ਹਾਂ ਨੇ ਪਹਿਲਾਂ ਆਪਣੇ ਸਮਰਥਕਾਂ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ, ਫਿਰ ਉਨ੍ਹਾਂ ਨੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਬਲਵੰੰਤ ਸਿੰਘ ਨੰਦਗੜ੍ਹ ਦੀ ਰਿਹਾਇਸ਼ ’ਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਇਸ ਮਗਰੋਂ ਉਨ੍ਹਾਂ ਨੇ ਉਪ ਮੰਡਲ ਚੋਣ ਅਧਿਕਾਰੀ ਪਰਮਦੀਪ ਸਿੰਘ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਬਾਅਦ ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜੋ ਹੁਕਮ ਕੀਤਾ ਹੈ, ਉਹ ਉਨ੍ਹਾਂ ਨੂੰ ਖਿੜ੍ਹੇ ਮੱਥੇ ਪ੍ਰਵਾਨ ਹੈ। ਪਹਿਲੇ ਉਮੀਦਵਾਰ ਬਲਕਾਰ ਸਿੱਧੂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ  ਬਾਰੇ ਉਨ੍ਹਾਂ ਕਿਹਾ ਕਿ ਉਹ ਉਸ ਦੇ ਵੱਡੇ ਭਰਾ ਹਨ। ਉਨ੍ਹਾਂ ਨੂੰ ਆਸ ਹੈ ਕਿ ਸ੍ਰੀ ਸਿੱਧੂ ਆਪਣੇ ਕਾਗਜ਼ ਵਾਪਸ ਲੈ ਲੈਣਗੇ। ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਇਸ ਹਲਕੇ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ, ਕੈਂਸਰ ਦੀ ਬੀਮਾਰੀ ਦੂਰ ਕਰਨ, ਪੀਣ ਵਾਲਾ ਪਾਣੀ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਬੇਰੁਜ਼ਗਾਰੀ ਦੂਰ ਕਰਨ ਆਦਿ ਨੂੰ ਉਹ ਚੋਣ ਮੁੱਦੇ ਬਣਾਉਣਗੇ।
ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਵੱਲੋਂ ਪਹਿਲਾਂ ਚੋਣ ਮੈਦਾਨ ਵਿੱਚੋਂ ਹਟਾਏ ਗਏ ਬਲਕਾਰ ਸਿੱਧੂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੀਤ ਮੁਹਿੰਦਰ ਸਿੰਘ ਸਿੱਧੂ ਦੀ ਪਤਨੀ ਨਿਮਰਤ ਕੌਰ ਸਿੱਧੂ ਨੇ ਅੱਜ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ। ਇਸ ਮੌਕੇ ਸ੍ਰੀ ਸਿੱਧੂ ਵੀ ਉਨ੍ਹਾਂ ਦੇ ਨਾਲ ਸਨ। ਬਲਵਿੰਦਰ ਸਿੰਘ ਨੇ ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਮੱਖਣ ਸਿੰਘ ਪ੍ਰੇਮੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਭਰਪੂਰ ਸਿੰਘ ਨੇ  ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ।  ਇਸ ਤਰ੍ਹਾਂ ਅੱਜ ਅਖ਼ੀਰਲੇ ਦਿਨ ਤੱਕ  ਕੁੱਲ 17 ਨਾਮਜ਼ਦਗੀਆਂ ਦਾਖ਼ਲ ਹੋਈਆਂ। ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਚਾਰ ਅਗਸਤ ਨੂੰ ਹੋਵੇਗੀ।  ਛੇ ਅਗਸਤ ਤੱਕ ਕਾਗਜ਼ ਵਾਪਸ ਲਏ ਜਾ ਸਕਦੇ ਹਨ।

468 ad