ਜਲੰਧਰ , 4 ਮਈ ( ਪੀਡੀ ਬੇਉਰੋ )ਪੂਰੇ ਦੇਸ਼ ‘ਚ ਐਤਵਾਰ ਨੂੰ ਨੈਸ਼ਨਲ ਐਲਿਜੀਬਿਲਟੀ ਐਂਟਰੈਂਸ ਟੈਸਟ (ਐੱਨ. ਈ. ਈ. ਟੀ.) ਦਾ ਪਹਿਲਾ ਪੱਧਰ ਪੂਰਾ ਹੋਇਆ। ਇਹ ਪ੍ਰੀਖਿਆ 52 ਸ਼ਹਿਰਾਂ ਦੇ 1040 ਪ੍ਰੀਖਿਆ ਕੇਂਦਰਾਂ ‘ਚ ਹੋਈ ਅਤੇ ਪੂਰੇ ਦੇਸ਼ ‘ਚ ਕੁੱਲ 6.67 ਲੱਖ ਵਿਦਿਆਰਥੀਆਂ ਨੇ ਇਹ ਟੈਸਟ ਦਿੱਤਾ। ਇਸ ਟੈਸਟ ਤੋਂ ਪਹਿਲਾਂ ਦੀ ਚੈਕਿੰਗ ਇੰਨੀ ਸਖਤ ਸੀ ਕਿ ਇਸ ਨੇ ਕਈ ਵਿਦਿਆਰਥਣਾਂ ਦੀਆਂ ਅੱਖਾਂ ‘ਚ ਹੰਝੂ ਤੱਕ ਲਿਆ ਦਿੱਤੇ।
ਬਾਕੀ ਸ਼ਹਿਰਾਂ ਦੀ ਤਰ੍ਹਾਂ ਜਲੰਧਰ ‘ਚ ਵੀ ਇਸ ਪ੍ਰੀਖਿਆ ਲਈ 13 ਸੈਂਟਰ ਬਣੇ ਸਨ, ਜਿਨ੍ਹਾਂ ‘ਚ ਕੁੱਲ 8200 ਵਿਦਿਆਰਥੀਆਂ ਨੇ ਪੇਪਰ ਦਿੱਤਾ। ਤੁਸੀਂ ਖਬਰ ਦੇ ਨਾਲ ਪੋਸਟ ਕੀਤੀਆਂ ਗਈਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਪੇਪਰ ਤੋਂ ਪਹਿਲਾਂ ਵਿਦਿਆਰਥਣਾਂ ਨੂੰ ਸਖਤ ਚੈਕਿੰਗ ‘ਚੋਂ ਲੰਘਣਾ ਪਿਆ। ਜਿਨ੍ਹਾਂ ਕੁੜੀਆਂ ਨੇ ਕੰਨਾਂ ‘ਚ ਟੌਪਸ ਅਤੇ ਵਾਲਾਂ ‘ਚ ਕਲਿੱਪ ਲਗਾਏ ਹੋਏ ਸਨ, ਉਨ੍ਹਾਂ ਦਾ ਸਮਾਨ ਪ੍ਰੀਖਿਆ ਕੇਂਦਰ ਦੇ ਬਾਹਰ ਹੀ ਉਤਰਵਾ ਲਿਆ ਗਿਆ। ਇੱਥੋਂ ਤੱਕ ਕਿ ਕੁੜੀਆਂ ਦੇ ਗਲੇ ‘ਚ ਪਾਈਆਂ ਚੇਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਭੋਪਾਲ, ਗਵਾਲੀਅਰ, ਜਬਲਪੁਰ ਅਤੇ ਇੰਦੌਰ ਦੇ ਮੈਡੀਕਲ ਕਾਲਜਾਂ ‘ਚ ਦਾਖਲੇ ਲਈ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿੱਥੇ ਅਧਿਆਪਕਾਂ ਨੇ ਗਲਤ ਤਰੀਕਿਆਂ ਨਾਲ ਪ੍ਰੀਖਿਆ ਦੇਣ ਵਾਲੇ ਬੱਚਿਆਂ ਦੀ ਚੈਕਿੰਗ ਕੀਤੀ। ਸਿਰਫ ਇੰਨਾ ਹੀ ਨਹੀਂ, ਕਈ ਵਿਦਿਆਰਥੀਆਂ ਨੂੰ ਕੱਪੜੇ ਤੱਕ ਉਤਾਰਨੇ ਪਏ ਅਤੇ ਕੁੜੀਆਂ ਨੂੰ ਵੀ ਪਰਦੇ ਦੇ ਪਿੱਛੇ ਲਿਜਾ ਕੇ ਚੈੱਕ ਕੀਤਾ ਗਿਆ।