ਪਾਕਿ ਦੇ ਕਿਸੇ ਵੀ ਹਮਲੇ ਦਾ ਮੂੰਹ-ਤੋੜਵਾਂ ਜਵਾਬ ਦਿੱਤਾ ਜਾਵੇਗਾ : ਸੁਹਾਗ

ਨਵ-ਨਿਯੁਕਤ ਜ਼ਮੀਨੀ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੇ ਅੱਜ ਕਿਹਾ ਕਿ ਪਾਕਿਸਤਾਨ ਦੇ ਕਿਸੇ ਵੀ ਹਮਲੇ ਦਾ ਭਾਰਤ ਮੂੰਹ-ਤੋੜਵਾਂ ਜਵਾਬ ਦੇਵੇਗਾ। 
ਸੁਹਾਗ ਨੇ ਵੀਰਵਾਰ ਨੂੰ 13 ਲੱਖ ਫੌਜੀਆਂ ਦੀ ਨਫਰੀ ਵਾਲੀ ਮਜ਼ਬੂਤ ਫੌਜ ਦੀ ਕਮਾਨ ਸੰਭਾਲੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਧਿਆਨ ਭਾਰਤੀ ਫੌਜ ਦੇ ਪ੍ਰਭਾਵ ਅਤੇ ਤਿਆਰੀ ਨੂੰ ਵਧਾਉਣ ਲਈ ਮੇਰੇ ਫੌਜੀਆਂ ‘ਤੇ ਹੋਵੇਗਾ। ਮੈਂ ਇਹ ਯਕੀਨੀ ਬਣਾਵਾਂਗਾ ਕਿ ਸਾਡੇ ਫੌਜੀ ਸਹਿਜਮਈ ਢੰਗ ਅਤੇ ਨਵੀਨਤਮ ਹੁਨਰ ਨਾਲ ਟ੍ਰੇਂਡ ਰਹਿਣ ਅਤੇ ਉਨ੍ਹਾਂ ਨੂੰ ਨਵੇਂ ਹਥਿਆਰ ਅਤੇ ਯੰਤਰ ਮੁਹੱਈਆ ਹੋਣ। ਉਨ੍ਹਾਂ ਕਿਹਾ ਕਿ ਨੌਕਰੀ ਕਰ ਰਹੇ ਫੌਜੀਆਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਦਾ ਮੁੱਦਾ ਮੇਰੇ ਦਿਲ ਨਾਲ ਜੁੜਿਆ ਹੋਇਆ ਹੈ। 
ਕੰਟਰੋਲ ਰੇਖਾ ‘ਤੇ ਫੌਜੀਆਂ ਦੇ ਸਿਰ ਕਲਮ ਕਰ ਦੇਣ ‘ਤੇ ਭਾਰਤੀ ਫੌਜ ਵਲੋਂ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇਣ ਦੇ ਸਾਬਕਾ ਫੌਜ ਮੁਖੀ ਜਨਰਲ ਬਿਕਰਮ ਸਿੰਘ ਦੇ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਜਨਰਲ ਸੁਹਾਗ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਘਟਨਾ ਭਵਿੱਖ ਵਿਚ ਵਾਪਰਦੀ ਹੈ ਤਾਂ ਭਾਰਤ ਇਸ ਦਾ ਮੂੰਹ-ਤੋੜਵਾਂ ਜਵਾਬ ਦੇਵੇਗਾ। 
ਨਵੇਂ ਫੌਜ ਮੁਖੀ ਨੇ ਪਿਛਲੇ ਸਾਲ ਪਾਕਿਸਤਾਨੀ ਫੌਜੀਆਂ ਵਲੋਂ 8 ਜਨਵਰੀ 2013 ਨੂੰ ਪੁੰਛ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਭਾਰਤੀ ਫੌਜੀ ਲਾਂਸ ਨਾਇਕ ਹੇਮਰਾਜ ਦੇ ਸਿਰ ਕਲਮ  ਕੀਤੇ ਜਾਣ  ਮਗਰੋਂ ਪਾਕਿਸਤਾਨ ਨੂੰ ‘ਕਰਾਰਾ ਜਵਾਬ’ ਦਿੱਤੇ ਜਾਣ ਦੇ ਸਬੰਧ ਵਿਚ ਪੁੱਛੇ ਜਾਣ ‘ਤੇ ਉਪਰੋਕਤ ਪ੍ਰਗਟਾਵਾ ਕੀਤਾ।  ਜਨਰਲ ਦਲਬੀਰ ਸਿੰਘ ਸੁਹਾਗ ਨੂੰ ਅੱਜ ਚੀਫ ਆਫ ਆਰਮੀ ਸਟਾਫ ਵਜੋਂ ਸਲਾਮੀ ਗਾਰਦ ਦਿੱਤੀ ਗਈ।

468 ad