ਪਾਕਿ ਦੀ ਸਿੱਖ ਸੰਗਤ ਨੇ ਸੋਧੇ ਨਾਨਕਸ਼ਾਹੀ ਕੈਲੰਡਰ ਨੂੰ ਦਿੱਤੀ ਪ੍ਰਵਾਨਗੀ: ਮੱਕੜ ਦਾ ਦਾਅਵਾ – ਕੈਲੰਡਰ ਬਾਰੇ ਫ਼ਿਲਹਾਲ ਰਸਮੀ ਫ਼ੈਸਲਾ ਨਹੀਂ ਹੋਇਆ: ਬਿਸ਼ਨ ਸਿੰਘ

Avtar-Singh-Makkar

ਪਾਕਿਸਤਾਨ ਦੌਰੇ ‘ਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਸਿੱਖ ਸੰਗਤ ਨੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ ਹੈ। ਜਦਕਿ ਇਸ ਮਾਮਲੇ ਸਬੰਧੀ ਪੀਜੀਪੀਸੀ ਨਾਲ ਰਸਮੀ ਗੱਲਬਾਤ ਨਹੀਂ ਹੋਈ ਹੈ ਇਸੇ ਦੌਰਾਨ ਭਲਕੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਇਸਲਾਮਾਬਾਦ ਸਥਿਤ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨਾਲ ਮੀਟਿੰਗ ਹੋਵੇਗੀ, ਜਿਸ ਵਿੱਚ ਸਿੱਖ ਧਾਰਮਿਕ ਮਸਲਿਆਂ ਦੇ ਹੱਲ ਲਈ ਗੱਲਬਾਤ ਹੋਵੇਗੀ।
ਲਾਹੌਰ ਤੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਸਨ, ਜਿਥੇ ਉਨ੍ਹਾਂ ਨੇ ਸੰਗਤ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ  ਸੰਗਤ ਨੂੰ ਦੱਸਿਆ ਕਿ ਸਿੱਖ ਆਗੂਆਂ ਦਾ ਵਫਦ ਵੱਖ-ਵੱਖ ਮਸਲਿਆਂ ਬਾਰੇ ਉਨ੍ਹਾਂ ਦੇ ਵਿਚਾਰ ਲੈਣ ਲਈ ਆਇਆ ਹੈ, ਜਿਸ ਵਿੱਚ ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਮਰਿਆਦਾ ਨੂੰ ਲਾਗੂ ਕਰਾਉਣਾ ਵੀ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਤੋਂ ਜਾਰੀ ਹਰ ਫੈਸਲੇ ਨੂੰ ਲਾਗੂ ਕਰਾਉਣ ਲਈ ਸ਼੍ਰੋਮਣੀ ਕਮੇਟੀ ਸਰਗਰਮ ਹੈ ਕਿਉਂਕਿ ਇਹ ਉਸਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਗੁਰਪੁਰਬ ਅਤੇ ਹੋਰ ਦਿਨ ਦਿਹਾੜੇ ਅਕਾਲ ਤਖ਼ਤ ਦੇ ਆਦੇਸ਼ਾਂ ਅਨੁਸਾਰ ਮਨਾਏ ਜਾਣ। ਇਸ ਮੌਕੇ ਹਾਜ਼ਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਨੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਣ ਲਈ ਸਮਰਥਨ ਦੇਣ ਵਾਸਤੇ ਜੈਕਾਰਾ ਛੱਡਿਆ, ਜਿਸਨੂੰ ਸੰਗਤ ਨੇ ਪ੍ਰਵਾਨ ਕੀਤਾ।
ਜਥੇਦਾਰ ਮੱਕੜ ਨੇ ਪਾਕਿਸਤਾਨ ਦੀ ਸਿੱਖ ਸੰਗਤ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸਮੁੱਚੇ ਵਿਸ਼ਵ ਵਿੱਚ ਇਕਸਾਰਤਾ ਬਣਾਉਣ ਲਈ ਪਾਕਿਸਤਾਨ ਦੀ ਸਿੱਖ ਸੰਗਤ ਦੀ ਰਾਇ ਵੀ ਸ਼ਾਮਲ ਕੀਤੀ ਜਾਇਆ ਕਰੇਗੀ। ਉਨ੍ਹਾਂ ਆਖਿਆ ਕਿ ਇਸ ਵੇਲੇ ਕੁਝ ਗੁਰਪੁਰਬਾਂ ਦੀਆਂ ਤਰੀਕਾਂ ਸਬੰਧੀ ਵਖਰੇਵੇਂ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਇਸ ਮੌਕੇ ਪਾਕਿਸਤਾਨ ਸਰਕਾਰ ਵਿੱਚ ਸਿੱਖ ਐਮ.ਪੀ.ਏ. ਰਮੇਸ਼ ਸਿੰਘ ਅਰੋੜਾ ਨੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨੀ ਸਿੱਖਾਂ ਦੀਆਂ ਮੰਗਾਂ ਤੋਂ ਜਾਣੂ ਕਰਾਇਆ।
ਦੂਜੇ ਪਾਸੇ ਪੀਜੀਪੀਸੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਆਖਿਆ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਬਾਰੇ ਫਿਲਹਾਲ ਰਸਮੀ ਫੈਸਲਾ ਨਹੀਂ ਹੋਇਆ ਹੈ। ਉਨ੍ਹਾਂ ਆਖਿਆ ਕਿ ਪੀਜੀਪੀਸੀ ਦੇ ਇੱਕ ਸਾਬਕਾ ਆਗੂ ਦੇ ਸਮਰਥਨ ਨੂੰ ਸਮੁੱਚੀ ਪੀਜੀਪੀਸੀ ਦਾ ਫੈਸਲਾ ਨਹੀਂ ਕਿਹਾ ਜਾ ਸਕਦਾ।
ਇਸ ਬਾਰੇ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਭਲਕੇ ਇਸਲਾਮਾਬਾਦ ਵਿੱਚ ਧਾਰਮਿਕ ਮਾਮਲਿਆਂ ਬਾਰੇ  ਕੇਂਦਰੀ ਮੰਤਰੀ ਨਾਲ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਉਹ ਵੱਖ ਵੱਖ ਸਿੱਖ ਧਾਰਮਿਕ ਮਾਮਲਿਆਂ ਨੂੰ ਰੱਖਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਸਿੱਖ ਸ਼ਰਧਾਲੂਆਂ ਨੂੰ ਵਧੇਰੇ ਵੀਜ਼ੇ ਦੇਣ, ਪਾਕਿਸਤਾਨ ਸਥਿਤ ਗੁਰਧਾਮਾਂ ਦੀ ਸਾਂਭ ਸੰਭਾਲ ਅਤੇ ਇਨ੍ਹਾਂ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਨੂੰ ਦੇਣ ਸਮੇਤ ਹੋਰ ਮਾਮਲੇ ਵਿਚਾਰੇ ਜਾਣਗੇ। ਉਨ੍ਹਾਂ ਨੇ ਲਹਿੰਦੇ ਪੰਜਾਬ ਦੀ ਸਰਕਾਰ ਕੋਲੋਂ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ ਸਰਾਂ ਦੀ ਉਸਾਰੀ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਤਜਵੀਜ਼ ਰੱਖੀ ਹੈ ਕਿ ਸਰਾਂ ਦੀ ਉਸਾਰੀ ਵਾਸਤੇ ਜ਼ਮੀਨ ਸਰਕਾਰ ਵੱਲੋਂ ਮੁਹੱਈਆ ਕੀਤੀ ਜਾਵੇ ਅਤੇ ਉਸ ‘ਤੇ ਉਸਾਰੀ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਜਾਵੇ।
ਪਹਿਲਾਂ ਬੀਤੀ ਰਾਤ ਸਮਾਗਮ ਵਿੱਚ ਪਾਕਿਸਤਾਨ ਸਰਕਾਰ ਦੇ ਨੁਮਾਇੰਦਿਆਂ, ਪੀਜੀਪੀਸੀ ਦੇ ਨੁਮਾਇੰਦਿਆਂ ਅਤੇ ਸਿੱਖ ਸੰਗਤ ਵੱਲੋਂ ਉਨ੍ਹਾਂ ਨੂੰ ਸਿਰੋਪਾ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਿੱਖ ਆਗੂਆਂ ਨੇ ਨਨਕਾਣਾ ਸਾਹਿਬ ਅਤੇ ਨਾਰੋਵਾਲ ਦੇ ਡਿਪਟੀ ਕਮਿਸ਼ਨਰਾਂ ਨਾਲ ਵੀ ਮੁਲਾਕਾਤ ਕੀਤੀ।

468 ad