ਪਾਕਿਸਤਾਨੀ ਅੰਬੈਸੀ ਨੇ ਨਾਨਕ ਦੇ ਭਾਰਤੀ ਹੋਣ ਸਬੰਧੀ ਮੰਗੇ ਦਸਤਾਵੇਜ਼

10ਅੰਮ੍ਰਿਤਸਰ, 9 ਮਈ ( ਪੀਡੀ ਬੇਉਰੋ ) ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿਚ ਕੈਦ ਭਾਰਤੀ ਨਾਗਰਿਕ ਨਾਨਕ ਸਿੰਘ ਦੀ ਵਤਨ ਵਾਪਸੀ ਦੀ ਉਮੀਦ ਵਧਣ ਲੱਗੀ ਹੈ। ਨਾਨਕ ਸਿੰਘ ਦੀ ਰਿਹਾਈ ਲਈ ਸਿਰਤੋੜ ਯਤਨ ਕਰ ਰਹੀ ਵਿਦਿਆਰਥੀ ਜਥੇਬੰਦੀ ਇੰਡੀਪੈਂਡੇਂਟ ਸਟੂਡੈਂਟਸ ਫੈੱਡਰੇਸ਼ਨ (ਆਈ. ਐੱਸ. ਐੱਫ.) ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਅੰਬੈਸੀ ਨੇ ਨਾਨਕ ਸਿੰਘ ਦੇ ਭਾਰਤੀ ਹੋਣ ਸਬੰਧੀ ਦਸਤਾਵੇਜ਼ ਮੰਗੇ ਹਨ, ਤਾਂ ਜੋ ਉਸਦੀ ਰਿਹਾਈ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ। ਜਥੇਬੰਦੀ ਦੇ ਪ੍ਰਧਾਨ ਕੇਸ਼ਵ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਨੇ ਨਾਨਕ ਸਿੰਘ ਦੇ ਪਿਤਾ ਰਤਨ ਸਿੰਘ ਨੂੰ ਮਿਲ ਕੇ ਲੋੜੀਂਦੇ ਸਾਰੇ ਦਸਤਾਵੇਜ ਇਕੱਠੇ ਕਰ ਲਏ ਹਨ। ਇਹ ਦਸਤਾਵੇਜ਼ ਪਾਕਿਸਤਾਨੀ ਅੰਬੈਸੀ ਨੂੰ ਸੌਂਪ ਕੇ ਨਾਨਕ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਕੋਟ ਰਜਾਦਾ ਤਹਿਸੀਲ ਅਜਨਾਲਾ (ਅੰਮ੍ਰਿਤਸਰ) ਦਾ ਰਹਿਣ ਵਾਲਾ ਨਾਨਕ ਸਿੰਘ ਬਚਪਨ (ਸੰਨ 1984) ਵਿਚ ਆਪਣੇ ਪਿਤਾ ਦੇ ਮਗਰ ਖੇਤਾਂ ਵਿਚ ਗਿਆ ਸੀ ਅਤੇ ਹਨੇਰੇ ਵਿਚ ਗਲਤੀ ਨਾਲ ਪਾਕਿਸਤਾਨ ਦੀ ਹੱਦ ਵਿਚ ਦਾਖਲ ਹੋ ਗਿਆ ਸੀ, ਜਿਸਨੂੰ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ ਸੀ। ਉਦੋਂ ਤੋਂ ਹੀ ਉਹ ਪਾਕਿਸਤਾਨ ਦੀ ਜੇਲ ਵਿਚ ਕੈਦ ਹੈ। ਰਤਨ ਸਿੰਘ ਨੇ ਦੱਸਿਆ ਕਿ 1999 ਵਿਚ ਪਾਕਿਸਤਾਨ ਵਲੋਂ ਜਾਰੀ ਕੀਤੀ ਗਈ ਭਾਰਤੀ ਕੈਦੀਆਂ ਦੀ ਸੂਚੀ ਵਿਚ ਨਾਨਕ ਸਿੰਘ ਦਾ ਨਾਂ ਕਾਨਕ ਸਿੰਘ ਲਿਖਿਆ ਹੋਇਆ ਸੀ ਜਦੋਂਕਿ ਬਾਕੀ ਸਾਰੀ ਜਾਣਕਾਰੀ ਸਹੀ ਸੀ। ਸਾਲ 2005 ਵਿਚ ਬੀ. ਐੱਸ. ਐੱਫ. ਵਲੋਂ ਕਾਨਕ ਸਿੰਘ ਦੇ ਨਾਨਕ ਸਿੰਘ ਹੋਣ ਸਬੰਧੀ ਸਬੂਤ ਮੰਗ ਗਏ, ਜੋ ਦੇਣ ਦੇ ਬਾਵਜੂਦ ਉਸਦੇ ਪੁੱਤਰ ਦੀ ਰਿਹਾਈ ਨਹੀਂ ਹੋ ਸਕੀ। 31 ਸਾਲਾਂ ਤੋਂ ਆਪਣੇ ਪੁੱਤਰ ਨੂੰ ਵੇਖਣ ਲਈ ਤਰਸ ਰਹੇ ਰਤਨ ਸਿੰਘ ਨੇ ਕਿਹਾ ਕਿ ਉਹ ਮਰਨ ਤੋਂ ਪਹਿਲਾਂ ਉਸ ਨੂੰ ਗਲ ਨਾਲ ਲਾਉਣਾ ਚਾਹੁੰਦਾ ਹੈ ਅਤੇ ਉਸਨੂੰ ਉਮੀਦ ਹੈ ਕਿ ਉਸਦਾ ਪੁੱਤਰ ਜਲਦੀ ਹੀ ਉਸਦੇ ਕੋਲ ਹੋਵੇਗਾ।

468 ad

Submit a Comment

Your email address will not be published. Required fields are marked *