ਪਹਿਰੇਦਾਰ ਹਮੇਸ਼ਾ ਹੀ ਹੱਕ-ਸੱਚ ਦੇ ਨਾਲ ਡਟ ਕੇ ਖੜਨ ਵਾਲਾ ਅਖਬਾਰ ਹੈ, ਜੋ ਬਾਦਲ ਸਰਕਾਰ ਨੂੰ ਮਾਫਕ ਨਹੀਂ ਆ ਰਿਹਾ – ਭਗਵੰਤ ਮਾਨ

ਪੀ.ਟੀ.ਸੀ. ਚੈਨਲ ਵੱਲੋਂ ਪਹਿਰੇਦਾਰ ਅਖ਼ਬਾਰ ਵਿਰੁੱਧ ਘੜੀ ਗਈ ਸਾਜਿਸ ‘ਤੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਉਤਰ ਪ੍ਰਦੇਸ਼ ਤੋਂ ਇਸ ਪੱਤਰਕਾਰ ਨਾਲ ਫੋਨ ‘ਤੇ ਗੱਲਬਾਤ ਦੌਰਾਨ ਸਵਾਲੀਆ ਅੰਦਾਜ਼ ‘ਚ ਕਿਹਾ ਕਿ ਇਕ ਪੇਡ ਚੈਨਲ, ਪੇਡ ਨਿਊਜ਼ ਦੀ ਕੀ ਗੱਲ ਕਰ ਸਕਦਾ ਹੈ? ਉਹਨਾਂ ਪਹਿਰੇਦਾਰ ਦੀ ਭਰੋਸੇਯੋਗਤਾ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪਹਿਰੇਦਾਰ ਹਮੇਸ਼ਾ ਹੀ ਹੱਕ-ਸੱਚ ਦੇ ਨਾਲ ਡਟ ਕੇ ਖੜਨ ਵਾਲੇ ਅਖਬਾਰ ਹੈ, ਜੋ ਬਾਦਲ ਸਰਕਾਰ ਨੂੰ ਮਾਫਕ ਨਹੀਂ ਆ ਰਿਹਾ। ਉਹਨਾਂ ਆਪਣੇ ਅੰਦਾਜ ‘ਚ ਪੀ.ਟੀ.ਸੀ. ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਕਿਥੋਂ ਦਾ ਦਸਤੂਰ ਹੈ ਕਿ ਇੱਕ ਚੋਰ ਹੀ ਪਹਿਰੇਦਾਰ ‘ਤੇ ਇਲਜਾਮ ਲਾਵੇ। ਉਹਨਾਂ ਕਿਹਾ ਕਿ ‘ਉਲਟਾ ਚੋਰ ਪਹਿਰੇਦਾਰ ਕੋਂ ਡਾਂਟੇ’ ਵਾਲੀ ਗੱਲ ਪੀ.ਟੀ.ਸੀ. ਚੈਨਲ ਦੀ ਹੈ, ਜਿਸ ਦੀ ਬਾਦਲ ਪ੍ਰਤੀ ਵਫਾਦਾਰੀ ਨੂੰ ਸਾਰਾ ਜੱਗ ਜਾਣਦਾ ਹੈ। ਸਾਰਾ ਦਿਨ ਬਾਦਲ-ਬਾਦਲ ਦੀ ਰਟ ਲਾਉਣ ਵਾਲਾ ਚੈਨਲ ਸਾਫ ਸੁਥਰੇ ਲੋਕਾਂ ‘ਤੇ ਇਲਜਾਮ ਲਾਵੇ ਸੋਭਾ ਨਹੀਂ ਦਿੰਦਾ। ਭਗਵੰਤ ਮਾਨ ਨੇ ਚੋਣਾਂ ਦੌਰਾਨ ਵਾਪਰੀ ਘਟਨਾ ਦਾ ਚੇਤਾ ਕਰਵਾਉਂਦਿਆਂ ਕਿਹਾ ਕਿ ਕੀ ਪੀ. ਟੀ. ਸੀ. ਚੈਨਲ ਦੀ ਮੈਨੇਜਮੈਂਟ ਦੱਸ ਸਕਦੀ ਹੈ ਕਿ ਜਿਸ ਦਿਨ ਕੇਜਰੀਵਾਲ ਪੰਜਾਬ ਦੌਰੇ ਸਮੇਂ ਹਰਮਿੰਦਰ ਸਾਹਿਬ ਨਤਮਸਤਿਕ ਹੋਣ ਗਏ ਸੀ, ਉਸ ਦਿਨ ਦੋ ਘੰਟੇ ਤੱਕ ਚੈਨਲ ਨੇ ਸਿੱਧਾ ਪ੍ਰਸਾਰਨ ਕਿਸਦੇ ਕਹਿਣ ‘ਤੇ ਬੰਦ ਕੀਤਾ ਸੀ? ਕੀ ਚੋਣ ਕਮਿਸ਼ਨ ਇਸ ਘਟਨਾ ਦੀ ਵੀ ਜਾਂਚ ਕਰਨਗੇ ਕਿ ਸਭ ਧਰਮਾਂ ਦੇ ਸਾਂਝੇ ਸਿਫ਼ਤੀ ਦੇ ਘਰ ‘ਚੋਂ ਸਿਰਫ ਕੇਜਰੀਵਾਲ ਦੇ ਆਉਣ ‘ਤੇ ਦੋ ਘੰਟੇ ਤੱਕ ਸਿੱਧਾ ਪ੍ਰਸਾਰਨ ਬੰਦ ਰੱਖਣਾ ਕੀ ਪੇਡ ਚੈਨਲ ਦੀ ਸਚਾਈ ਨਹੀਂ ਦਰਸਾਉਂਦਾ। ਅੰਤ ਵਿਚ ਉਹਨਾਂ ਸਮੁੱਚੇ ਪੰਜਾਬੀਆਂ ਨੂੰ ਪਹਿਰੇਦਾਰ ਦੇ ਹੱਕ ਵਿਚ ਡਟਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਚੋਣਾਂ ਦੌਰਾਨ ਸੱਚ ਦਾ ਸਾਥ ਦੇ ਕੇ ਵੱਡੇ-ਵੱਡੇ ਤਖਤ ਹਿਲਾਕੇ ਰੱਖ ਦਿੱਤੇ ਹਨ, ਹੁਣ ਉਸੇ ਤਰ੍ਹਾਂ ਪਹਿਰੇਦਾਰ ਨਾਲ ਡਟ ਕੇ ਖੜਨਾ ਵੀ ਸੱਚ ਦਾ ਸਾਥ ਦੇਣਾ ਹੈ। ਉਹਨਾਂ 16 ਤਾਰੀਕ ਨੂੰ ਚੋਣ ਦੇ ਨਤੀਜਿਆਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਸ ਦਿਨ ਸੱਚ ਦੀ ਜਿੱਤ ਹੋਵੇਗੀ, ਆਮ ਆਦਮੀ ਦੀ ਜਿੱਤ ਹੋਵੇਗੀ ਅਤੇ ਅਕਾਲੀ-ਬੀ.ਜੇ.ਪੀ., ਕਾਂਗਰਸ ਅਤੇ ਪੀ.ਟੀ.ਸੀ. ਚੈਨਲ ਹਾਰਣਗੇ।

468 ad