ਪਹਿਰੇਦਾਰ ਵਿਰੁੱਧ ਪੀ.ਟੀ.ਸੀ. ਨਹੀ ਬੋਲ ਰਿਹਾ ਇਹ ਬਾਦਲਾਂ ਦੀ ਭੜਾਸ ਹੈ : ਭਾਈ ਰਣਜੀਤ ਸਿੰਘ

ਪੰਥ ਦੀ ਪਹਿਰੇਦਾਰੀ ਕਰ ਰਹੇ ਪੰਜਾਬੀ ਦੇ ਨਿੱਧੜਕ ਅਖਬਾਰ ” ਪਹਿਰੇਦਾਰ” ਵਿਰੁੱਧ ਹਾਕਮ ਅਕਾਲੀ ਦਲ ਦੇ ਚਹੇਤੇ ਟੀ.ਵੀ. ਚੈਨਲ ਪੀ.ਟੀ.ਸੀ. ਵੱਲੋਂ ਬੜੇ ਨਾਟਕੀ ਤਰੀਕੇ ਨਾਲ ਚਲਾਈ ਮੁਹਿੰਮ ਨੇ ਪੰਥਕ ਹਲਕਿਆਂ ਵਿਚ ਰੋਹ ਪੈਦਾ ਕਰ ਦਿੱਤਾ ਹੈ। ਜਿਵੇ ਜਿਵੇ ਪੀ.ਟੀ.ਸੀ. ਇਸ ਨੂੰ ਆਪਣੇ ਚੈਨਲ ਤੋਂ ਪ੍ਰਸਾਰਨ ਕਰ ਰਿਹਾ ਹੈ ਓਵੇ ਓਵੇਂ ਪੰਥਕ ਹਲਕਿਆਂ ਵਿਚ ਗੁੱਸਾ ਹੋਰ ਵਧ ਰਿਹਾ ਹੈ ਅਤੇ ਦੇਸ਼ ਵਿਦੇਸ਼ ਤੋਂ ਟੀ.ਵੀ. ਚੈਨਲ ਦੀ ਨਿੰਦਿਆ ਦੇ ਬਿਆਨ ਆ ਰਹੇ ਹਨ। ਅੱਜ ਪੰਥ ਦੀ ਮਹਾਨ ਅਤੇ ਸਤਿਕਾਰਤ ਸ਼ਖਸੀਅਤ  ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਪੀ.ਟੀ.ਸੀ. ਚੈਨਲ ਵੱਲੋਂ ਕੀਤੀ ਇਸ ਕੋਝੀ ਹਰਕਤ ਨੂੰ ਪੰਥ ਦੀ ਆਵਾਜ ਤੇ ਸਿੱਧਾ ਵਾਰ ਦੱਸਦਿਆਂ ਕਿਹਾ ਕਿ ਅਸਲ ਵਿਚ ਇਹ ਪੀ.ਟੀ.ਸੀ. ਨਹੀ ਬੋਲ ਰਿਹਾ ਇਹ ਬਾਦਲ ਦੀ ਭੜਾਸ ਹੈ। ਕਿਉਂਕਿ ਪਹਿਰੇਦਾਰ ਅਤੇ ਇਸਦੇ ਸੰਪਾਦਕ ਨੇ ਪਿਛਲੇ ਕਾਫੀ ਸਮੇਂ ਤੋਂ ਲੈਕੇ ਪੰਥਕ ਮਸਲਿਆਂ ਨੂੰ ਬਖੂਬੀ ਉਭਾਰਿਆ ਹੈ ਅਤੇ ਪੰਥ ਦਾ ਸੱਚਾ ਪਹਿਰੇਦਾਰ ਬਣਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਨੂੰ ਖਤਮ ਕਰਵਾਉਣ ਲਈ ਕਰੋੜ ਦੇ ਕਰੀਬ ਸਿੱਖਾਂ ਦੇ ਦਸਤਖਤ ਕਰਵਾਉਣ ਉਪਰੰਤ ਰਾਸ਼ਟਰਪਤੀ ਨੂੰ ਦੇਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਭਾਈ ਸਾਹਿਬ ਨੇ ਕਿਹਾ ਕਿ ਪਹਿਰੇਦਾਰ ਹਰ ਰੋਜ਼ ਆਪਣੀ ਸੰਪਾਦਕੀ ਅਤੇ ਮਿਆਰੀ ਲੇਖਾਂ ਰਾਹੀ ਪੰਥਕ ਅਤੇ ਪੰਜਾਬ ਦੇ ਦਰਦਾਂ ਨੂੰ ਬਿਆਨਦਾ ਹੈ। ਜਿਸ ਤੋਂ ਬਾਦਲ ਦਲ ਜਾ ਉਸਦੇ ਜਰ ਖਰੀਦ ਮੀਡੀਆ ਨੂੰ ਤਕਲੀਫ਼ ਹੋਣੀ ਸੁਭਾਵਿਕ ਹੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਪੀ.ਟੀ.ਸੀ. ਚੈਨਲ ਨੂੰ ਕਿਸੇ ਦੇ ਖਿਲਾਫ਼ ਚਿੱਕੜ ਸੁੱਟਣ ਤੋਂ ਪਹਿਲਾਂ  ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਬਾਦਲਾਂ ਨੇ ਜਦੋਂ ਤੋਂ ਸ਼੍ਰੋਮਣੀ ਕਮੇਟੀ ਤੇ ਕਬਜਾ ਕੀਤਾ ਹੈ ਤਾਂ ਉਸ ਸਮੇਂ ਹੀ ਈ.ਟੀ.ਸੀ. ਚੈਨਲ ਨਾਲ ਸਮੇਂ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਅਸਟਾਮ ਉਤੇ  ਇੱਕ ਇਕਰਾਰਨਾਮਾ ਈ.ਟੀ.ਸੀ  ਚੈਨਲ ਨਾਲ ਕਰਵਾਇਆ ਸੀ, ਕਿ ਗੁਰਬਾਣੀ ਪ੍ਰਸਾਰਨ ਦੇ ਪਹਿਲਾਂ ਅਤੇ ਬਾਅਦ ਵਿਚ ਹੋਣ ਵਾਲੀ ਮਸ਼ਹੂਰੀਆਂ ਦੀ ਆਮਦਨੀ ਦਾ ਪੰਜ ਪ੍ਰਤਿਸ਼ਤ ਹਿੱਸਾ ਸ਼੍ਰੋਮਣੀ ਕਮੇਟੀ ਨੂੰ ਮਿਲੇਗਾ ਅਤੇ ਪੰਜਾਹ ਲੱਖ ਰੁਪੈ ਹੋਰ ਵੀ ਉੱਕੇ ਪੁੱਕੇ ਮਿਲਣਗੇ। ਪਰ ਬਾਦਲਾਂ ਦੀ ਸ਼ਹਿ ਤੇ ਈ.ਟੀ.ਸੀ. ਨੇ ਸੰਨ 2000 ਤੋਂ ਲੈਕੇ 2011 ਖੋਟਾ ਪੈਸਾ ਵੀ ਗੁਰੂ ਘਰ ਨੂੰ ਨਹੀ ਦਿੱਤਾ  ਅਤੇ ਹੁਣ ਬਾਦਲਾਂ ਨੇ ਆਪਣੇ ਪਰਿਵਾਰ ਦਾ ਚੈਨਲ ਪੀ.ਟੀ.ਸੀ. ਕਾਇਮ ਕਰਕੇ ਸਿੱਧਾ ਪ੍ਰਸਾਰਨ ਸਿਰਫ ਆਪਣੇ ਕੋਲ ਹੀ ਰਖਿਆ ਹੋਇਆ ਹੈ। ਕਿਸੇ ਹੋਰ ਚੈਨਲ ਨੂੰ ਗੁਰਬਾਣੀ ਪ੍ਰਸਾਰਨ ਦੀ ਇਜਾਜਤ ਨਹੀ ਹੈ ਅਤੇ ਪੀ.ਟੀ.ਸੀ. ਜਾਂ ਸਿੱਧੇ ਲਫਜਾਂ ਵਿੱਚ ਬਾਦਲ ਪਰਿਵਾਰ ਗੁਰਬਾਣੀ ਵੇਚਕੇ ਕਰੋੜਾਂ ਕਮਾ ਰਹੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਨਹੀ ਹੋਣਾ ਚਾਹੀਦਾ। ਹਾਕਮ ਧਿਰ ਨੂੰ ਜਦੋਂ ਕਿਸੇ ਪਾਸਿਓਂ ਸੇਕ ਪਹੁੰਚਦਾ ਹੋਵੇ ਤਾਂ ਇਹ ਬੁਰੇ ਦੇ ਦੇ ਘਰ ਤੱਕ ਵੀ ਜਾ ਸਕਦੇ ਹਨ। ਜੇ ਕਿਸੇ ਵੱਡੇ ਅਦਾਰੇ ਵਿਚ ਕੋਈ ਇੱਕ ਅੱਧਾ ਬੰਦਾ ਛੋਟੀ ਮੋਟੀ ਗਲਤੀ ਵੀ ਕਰਦਾ ਹੈ ਤਾਂ ਸਾਨੂੰ ਪਹਿਰੇਦਾਰ ਦੀ ਪੰਥਕਤਾ ਤੇ ਸ਼ੱਕ ਨਹੀ ਕਰਨਾ ਚਾਹੀਦਾ। ਭਾਈ ਰਣਜੀਤ ਸਿੰਘ ਨੇ ਆਖਿਆ ਕਿ ਪੀ.ਟੀ.ਸੀ  ਜਿੰਨਾ ਉਲਾਰਵਾਦੀ ਹੋਕੇ ਸਟਿੰਗ ਓਪਰੇਸ਼ਨ ਨੂੰ ਵਿਖਾ ਰਿਹਾ ਹੈ। ਉਸਨੂੰ ਡੀ.ਜੀ.ਪੀ. ਸ਼ਸ਼ੀ ਕਾਂਤ ਵੱਲੋਂ ਬਾਦਲ ਸਰਕਾਰ ਦੇ ਉਚਕੋਟੀ ਦੇ ਆਗੂਆਂ ਅਤੇ ਮੰਤਰੀਆਂ ਦੀ ਨਸ਼ਾ ਤਸਕਰੀ ਨੂੰ ਵੀ ਵਿਖਾਉਣਾ ਚਾਹੀਦਾ ਹੈ ਅਤੇ ਨਾਲ ਹੀ ਬਾਦਲ ਦਲੀਆਂ ਵੱਲੋਂ ਵੋਟਾਂ ਦੀ ਕੀਤੀ ਖਰੀਦੋ ਫਰੋਖਤ ਨੂੰ ਵੀ ਵਿਸ਼ੇਸ਼ ਪ੍ਰੋਗ੍ਰਾਮ ਬਣਾਕੇ ਵਿਖਾਉਣ ਦੀ ਦਲੇਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੀ.ਟੀ.ਸੀ. ਤਾਂ ਬਾਦਲ ਵਿਰੋਧੀਆਂ ਦੇ ਰਿਕਾਰਡ ਕੀਤੇ ਬਿਆਨ ਵੀ ਨਹੀ ਵਿਖਾਉਂਦਾ। ਭਾਈ ਰਣਜੀਤ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ  ਕਿ ਇਸ ਸਮੇਂ ਸਮੂੰਹ ਪੰਥ ਦਰਦੀਆਂ ਨੂੰ ਪਹਿਰੇਦਾਰ ਦਾ ਸਾਥ ਦੇਣਾ ਚਾਹੀਦਾ ਹੈ।

468 ad