ਨੈਸ਼ਨਲ ਹੇਰਾਲਡ ਮਾਮਲੇ ‘ਚ ਸੋਨੀਆ-ਰਾਹੁਲ ‘ਤੇ ਕੇਸ

ਨੈਸ਼ਨਲ ਹੇਰਾਲਡ ਮਾਮਲੇ 'ਚ ਸੋਨੀਆ-ਰਾਹੁਲ 'ਤੇ ਕੇਸ

ਨੈਸ਼ਨਲ ਹੇਰਾਲਡ ਮਾਮਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀਆਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।  ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਨ੍ਹਾਂ ਦੋਵਾਂ ਵਿਰੁੱਧ ਸ਼ੁਰੂਆਤੀ ਜਾਂਚ ਦਾ ਮੁਕੱਦਮਾ ਦਰਜ ਕੀਤਾ ਹੈ। ਇਨਫੋਰਸਮੈਂਟ ਡਾਇਰੈਟੋਰੇਟ ਇਸ ਗੱਲ ਦੀ ਜਾਂਚ ਕਰੇਗਾ ਕਿ ਇਹ ਮਨੀ ਲਾਂਡਰਿੰਗ ਨਾਲ ਜੁੜਿਆ ਮਾਮਲਾ ਹੈ ਜਾਂ ਨਹੀਂ। ਜੇਕਰ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਈ. ਡੀ. ਇਸ ਮਾਮਲੇ ਵਿਚ ਹੋਰ ਵੀ ਕੇਸ ਦਰਜ ਕਰੇਗਾ।
ਇਸ ਮਾਮਲੇ ਵਿਚ ਆਮਦਨ ਕਰ ਵਿਭਾਗ ਵੀ ਕਾਂਗਰਸ ਪਾਰਟੀ ਨੂੰ ਨੋਟਿਸ ਜਾਰੀ ਕਰ ਚੁੱਕਾ ਹੈ। ਸੋਨੀਆ ਗਾਂਧੀ ਨੇ ਇਸ ਮਾਮਲੇ ਨੂੰ ‘ਸਿਆਸੀ ਸਾਜ਼ਿਸ਼’ ਕਰਾਰ ਦਿੱਤਾ।  ਇਸੇ ਦਰਮਿਆਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਅਤੇ 6 ਹੋਰਨਾਂ ਵਲੋਂ ਨੈਸ਼ਨਲ ਹੇਰਾਲਡ ਕੇਸ ਵਿਚ ਦਾਖਲ ਕੀਤੀ ਗਈ ਰਿਟ ‘ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਸੁਬਰਾਮਨੀਅਮ ਸਵਾਮੀ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 5 ਅਗਸਤ ਨੂੰ ਹੋਵੇਗੀ।
ਵਰਣਨਯੋਗ ਹੈ ਕਿ ਹੇਠਲੀ ਅਦਾਲਤ ਨੇ ਕੁਝ ਦਿਨ ਪਹਿਲਾਂ ਸੋਨੀਆ, ਰਾਹੁਲ ਸਮੇਤ 6 ਵਿਅਕਤੀਆਂ ਨੂੰ 7 ਅਗਸਤ ਨੂੰ ਹਾਜ਼ਰ ਹੋਣ ਦਾ ਹੁਕਮ ਦਿੱਤਾ ਸੀ। ਹੇਠਲੀ ਅਦਾਲਤ ਨੇ ਪਹਿਲੀ ਨਜ਼ਰੇ ਸੁਬਰਾਮਨੀਅਮ ਸਵਾਮੀ ਦੇ ਦੋਸ਼ਾਂ ਨੂੰ ਸਹੀ ਮੰਨਦੇ ਹੋਏ ਸੋਨੀਆ, ਰਾਹੁਲ ਸਮੇਤ 6 ਵਿਅਕਤੀਆਂ ਨੂੰ ਅਦਾਲਤ ਵਿਚ ਹਾਜ਼ਰ ਹੋਣ ਦਾ ਹੁਕਮ ਦਿੱਤਾ ਸੀ। ਉਧਰ ਪੱਤਰਕਾਰਾਂ ਦੇ ਇਕ ਚੋਣਵੇਂ ਗਰੁੱਪ ਨਾਲ ਗੱਲ ਕਰਦੇ ਹੋਏ ਵਿੱਤ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਇਸ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਤੋਂ ਨਾਂਹ ਕੀਤੀ। ਉਨ੍ਹਾਂ ਕਿਹਾ ਕਿ ਇਹ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਅਦਾਲਤ ਦਰਮਿਆਨ ਮਾਮਲਾ ਹੈ, ਜਿਥੇ ਡਾ. ਸਵਾਮੀ ਨੇ ਸ਼ਿਕਾਇਤ ਦਰਜ ਕਰਾਈ ਹੈ।

ਕੀ ਹੈ ਮਾਮਲਾ 
ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਸਣੇ 6 ਵਿਅਕਤੀਆਂ ‘ਤੇ ਦੋਸ਼ ਲਗਾਇਆ ਸੀ ਕਿ ਯੰਗ ਇੰਡੀਆ ਕੰਪਨੀ ਨੇ ਨੈਸ਼ਨਲ ਹੇਰਾਲਡ ਵਿਚ ਜੋ 90 ਕਰੋੜ ਰੁਪਏ ਲਗਾਏ ਸਨ, ਉਹ ਨਿਯਮਾਂ ਦੇ ਵਿਰੁੱਧ ਸਨ। ਜਦਕਿ ਹਕੀਕਤ ਇਹ ਸੀ ਕਿ ਨੈਸ਼ਨਲ ਹੇਰਾਲਡ ਟਰੱਸਟ ਦੀ ਕੀਮਤ ਬਾਜ਼ਾਰ ਵਿਚ ਹਜ਼ਾਰਾਂ ਕਰੋੜ ਸੀ। ਯੰਗ ਇੰਡੀਆ ਵਿਚ ਸੋਨੀਆ, ਰਾਹੁਲ, ਮੋਤੀ ਲਾਲ ਵੋਰਾ, ਆਸਕਰ ਫਰਨਾਂਡੀਜ਼ ਸਮੇਤ 6 ਵਿਅਕਤੀ ਸ਼ਾਮਲ ਸਨ। ਵਰਣਨਯੋਗ ਹੈ ਕਿ ਕਾਂਗਰਸ ਪਾਰਟੀ ਉੱਤੇ ਨੈਸ਼ਨਲ  ਹੇਰਾਲਡ ਅਖਬਾਰ ਦਾ ਪ੍ਰਕਾਸ਼ਨ ਕਰਨ ਵਾਲੀ ਕੰਪਨੀ ਦੇ ਖਜ਼ਾਨੇ ਵਿਚ ਹੇਰਾਫੇਰੀ ਕਰਨ ਦਾ ਦੋਸ਼ ਹੈ। ਨੈਸ਼ਨਲ ਹੇਰਾਲਡ ਦ ਪ੍ਰਕਾਸ਼ਨ ਅਜੇ ਬੰਦ ਹੈ।

468 ad