ਨਿਹੰਗ ਪਹੂਲਾ ਕਤਲ ਕੇਸ ਦੀ ਬਹਿਸ ਹੋਈ ਮੁਕੰਮਲ

download (2)

5 ਸਾਲ ਪੁਰਾਣੇ ਅਤੇ ਬਹੁਚਰਚਿਤ ਬਦਨਾਮ ਨਿਹੰਗ ਅਜੀਤ ਸਿੰਘ ਪੂਹਲਾ ਕਤਲ ਕਾਂਡ ਦੀ ਬਹਿਸ ਅੱਜ ਇਥੇ ਜ਼ਿਲ੍ਹਾ ਸੈਸ਼ਨ ਜੱਜ ਸ: ਗੁਰਬੀਰ ਸਿੰਘ ਦੀ ਅਦਾਲਤ ‘ਚ ਮੁਕੰਮਲ ਹੋ ਗਈ ਹੈ। ਅਦਾਲਤ ਵੱਲੋਂ ਇਸ ਕੇਸ ਦੇ ਫ਼ੈਸਲੇ ਦੀ ਅਗਲੀ ਤਾਰੀਖ 14 ਮਈ ਨਿਰਧਾਰਿਤ ਕਰ ਦਿੱਤੀ ਗਈ। ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲ ਸ: ਦਿਲਬਾਗ ਸਿੰਘ ਅਟਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਹੁਣ 3 ਵਿਅਕਤੀ ਨਵਤੇਜ ਸਿੰਘ ਗੁੱਗੂ ਡਾਨ ਵਾਸੀ ਬਟਾਲਾ, ਹਰਚੰਦ ਸਿੰਘ ਵਾਸੀ ਪਿੰਡ ਮਾੜੀ ਕੰਬੋਕੇ ਜ਼ਿਲ੍ਹਾ ਤਰਨ ਤਾਰਨ ਅਤੇ ਡਾ: ਹਰਨੇਕ ਸਿੰਘ ਮਾਮਲੇ ਦਾ ਸਾਹਮਣਾ ਕਰ ਰਹੇ ਹਨ।

2009 ‘ਚ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਅੱਗ ਲੱਗ ਕੇ ਉਕਤ ਨਿਹੰਗ ਨੂੰ ਮਾਰ ਦਿੱਤਾ ਗਿਆ ਸੀ। ਨਿਹੰਗ ਅਜੀਤ ਪੂਹਲਾ ਦੀ ਮੌਤ ਦਾ ਮਾਮਲਾ ਤਤਕਾਲੀ ਜੇਲ੍ਹ ਸੁਪਰਡੈਂਟ ਸ: ਬਲਕਾਰ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਸੀ, ਜਿਸ ‘ਚ ਉਪਰੰਤ ਕੁੱਲ 6 ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ, ਜਿਨ੍ਹਾਂ ‘ਚੋਂ ਤਿੰਨਾਂ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਡਿਸਚਾਰਜ਼ ਕਰ ਦਿੱਤਾ ਗਿਆ ਸੀ ਤੇ ਹੁਣ ਕੇਵਲ ਉਕਤ 3 ਹੀ ਕੇਸ ਦਾ ਸਾਹਮਣਾ ਕਰ ਰਹੇ ਹਨ।

ਇਸ ਮਾਮਲੇ ‘ਚ ਮੁਦਈ ਪੱਖ ਵੱਲੋਂ 23 ਗਵਾਹ ਸਰਕਾਰੀ ਤੇ ਗੈਰ-ਸਰਕਾਰੀ ਪੇਸ਼ ਹੋਏ। ਅੱਜ ਇਸ ਮਾਮਲੇ ਦੀ ਅੰਤਿਮ ਬਹਿਸ ਐਡਵੋਕੇਟ ਅਮਰਪਾਲ ਸਿੰਘ ਰੰਧਾਵਾ ਅਤੇ ਦਿਲਬਾਗ ਸਿੰਘ ਅਟਾਰੀ ਵੱਲੋਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਉਕਤ ਨਿਹੰਗ ਪਹੂਲਾ ਨੂੰ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਪੁਲਿਸ ਅਤੇ ਸਰਕਾਰ ਦੀ ਸਰਪ੍ਰਸਤੀ ਹਾਸਲ ਸੀ ਅਤੇ ਸਰਕਾਰੀ ਗੰਨਮੈਨਾਂ ਦੇ ਬਲਬੂਤੇ ਪਹੁਲੇ ਨਿਹੰਗ ਨੇ ਅਨੇਕਾਂ ਸਿੱਖ ਸੰਘਰਸ਼ ਨਾਲ ਸਬੰਧਿਤ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਆਪਣੇ ਅਤੇ ਸਰਕਾਰ ਦੇ ਜ਼ੁਲਮ ਦਾ ਨਿਸ਼ਾਨਾ ਬਣਾਇਆ, ਨਿਰਦੋਸ਼ ਲੋਕਾਂ ਦੇ ਨਿਰਦੈਤਾ ਦੇ ਨਾਲ ਕਤਲ ਕੀਤੇ , ਅਨੇਕਾਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ।

2009 ਵਿੱਚ ਉਹ ਅਜਿਹੇ ਹੀ ਕਿਸੇ ਮੁਕੱਦਮੇ ਵਿੱਚ ਅੰਮ੍ਰਿਤਸਰ ਦੀ ਕੇਂਦਰੀ ਜ਼ੇਲ ਦੇ ਵਿੱਚ ਬੰਦ ਸੀ ਤਾਂ ਦੋ ਸਿੱਖ ਨੌਜਵਾਨਾਂ ਨਵਤੇਜ ਸਿੰਘ ਗੁੱਗੂ ਡਾਨ ਵਾਸੀ ਬਟਾਲਾ, ਹਰਚੰਦ ਸਿੰਘ ਵਾਸੀ ਪਿੰਡ ਮਾੜੀ ਕੰਬੋਕੇ ਜ਼ਿਲ੍ਹਾ ਤਰਨ ਤਾਰਨ ਨੇ  ਉਸਨੂੰ ਜ਼ੇਲ ਵਿੱਚ ਹੀ ਜਿਉਦੇਂ ਨੂੰ ਸਾੜ ਕੇ ਉਸਦੇ ਪਾਪਾਂ ਦੀ ਸਜ਼ਾ ਦੇ ਦਿੱਤੀ ਸੀ।

468 ad