ਨਿਊਜ਼ੀਲੈਂਡ ਦੀ ਗਿੱਧਾ ਟੀਮ ‘ਸੱਗੀ ਐਨ. ਜ਼ੈਡ.’ ਨੇ ਆਸਟਰੇਲੀਆ ਵਿਚ ਪਾਈ ਧਮਾਲ

6

ਮੋਨਾਸ਼ ਯੂਨੀਵਰਸਿਟੀ ‘ਚ ਕਰਵਾਏ ਗਏ ਮੁਕਾਬਲੇ
ਆਕਲੈਂਡ, 18 ਮਈ ( ਪੀਡੀ ਬੇਉਰੋ ) ਬੀਤੇ ਦਿਨੀਂ ਮੈਲਬੋਰਨ ਦੀ ਮੋਨਾਸ਼ ਯੂਨੀਵਰਸਿਟੀ ਵਿਖੇ ਗਿੱਧੇ ਅਤੇ ਭੰਗੜੇ ਦੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਗਏ ਜਿਸ ਦੇ ਵਿਚ ਨਿਊਜ਼ੀਲੈਂਡ ਦੀ ਗਿੱਧਾ ਟੀਮ ‘ਸੱਗੀ ਐਨ.ਜ਼ੈਡ.’ ਨੇ ਵੀ ਭਾਗ ਲਿਆ। ਨਿਊਜ਼ੀਲੈਂਡ ਤੋਂ ਸ਼ਾਇਦ ਪਹਿਲੀ ਵਾਰ ਕੁੜੀਆਂ ਦੀ ਗਿੱਧੇ ਦੀ ਟੀਮ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੇ ਵਿਚ ਹਿੱਸਾ ਲੈਣ ਗਈ ਸੀ। ਇਸ ਟੀਮ ਦੀਆਂ ਕੁੜੀਆਂ ਦਾ ਹੌਂਸਲਾ ਐਨਾ ਬੁਲੰਦ ਸੀ ਕਿ ਇਨ੍ਹਾਂ ਨੇ ਬਿਨਾਂ ਕਿਸੇ ਸਪਾਂਸਰਜ਼ ਦੇ ਆਪਣੇ ਪੈਸੇ ਖਰਚ ਕੇ ਨਿਊਜ਼ੀਲੈਂਡ ਦੇ ਪੰਜਾਬੀਆਂ ਦਾ ਮਾਣ ਵਧਾਇਆ। ਟੀਮ ਸੰਚਾਲਕਾ ਰਜਨੀ ਸ਼ਰਮਾ ਦੇ ਨਾਲ ਸਿੰਮੂ ਬੱਲ, ਕਮਲ ਗਿੱਲ, ਮਿਨਲ ਹੈਰੀ, ਰੁਚੀ ਸ਼ਰਮਾ, ਲਾਡੀ ਬੈਂਸ, ਕਿਰਨ ਗਿੱਲ, ਜਗਨੂਰ ਬਾਜਵਾ, ਰਜਿੰਦਰ ਬਾਜਵਾ ਤੇ ਬਲਪ੍ਰੀਤ ਕੌਰ ਨੇ ਪੂਰੇ ਜੋਸ਼ ਦੇ ਨਾਲ ਐਸੀ ਧਮਾਲ ਪਾਈ ਕਿ ਜੱਜਾਂ ਦੀਆਂ ਅੱਖਾਂ ਵੇਖਦੀਆਂ ਰਹਿ ਗਈਆਂ। ਇਸ ਮੁਕਾਬਲੇ ਦੇ ਵਿਚ ਪਹਿਲਾ ਅਤੇ ਦੂਜਾ ਇਨਾਮ ਮੈਲਬੌਰਨ ਦੀਆਂ ਟੀਮਾਂ ਦੇ ਹਿੱਸੇ ਆਇਆ, ਪਰ ਨਿਊਜ਼ੀਲੈਂਡ ਟੀਮ ਦੀ ਕਾਰਗੁਜ਼ਾਰੀ ਐਨੀ ਵਧੀਆ ਸੀ ਕਿ ਦੂਜੇ ਨੰਬਰ ‘ਤੇ ਐਲਾਨੀ ਗਈ ਮੈਲਬੌਰਨ ਦੀ ਟੀਮ ਨੇ ਆਪਣੀ ਟ੍ਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸਦੀ ਸਹੀ ਹੱਕਦਾਰ ਨਿਊਜ਼ੀਲੈਂਡ ਦੀ ਟੀਮ ਹੈ।ਜਿੱਤ ਹਾਰ ਦਾ ਮਲਾਲ ਇਨ੍ਹਾਂ ਕੁੜੀਆਂ ਨੂੰ ਨਹੀਂ ਪਰ ਜਿਹੜਾ ਹੌਂਸਲਾ ਅਤੇ ਵਿਸ਼ਵਾਸ਼ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਮਿਲਿਆ, ਉਹ ਹੀ ਇਨ੍ਹਾਂ ਲਈ ਜਿੱਤ ਦੇ ਬਰਾਬਰ ਹੈ। ਸਾਰੀ ਟੀਮ ਨੇ ਆਪਣੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਸਾਥ ਦਿੱਤਾ। ਹਰਪਾਲ ਸਿੰਘ ਲੋਹੀ ਹੋਰਾਂ ਇਸ ਮੌਕੇ ਦੀ ਫੋਟੋਗ੍ਰਾਫੀ ਕੀਤੀ।

468 ad

Submit a Comment

Your email address will not be published. Required fields are marked *