ਨਾਨਕਸ਼ਾਹੀ ਕੈਲੰਡਰ ਸਬੰਧੀ ਗਿਆਨੀ ਨੰਦਗੜ੍ਹ ਵੱਲੋਂ ਲਿਆ ਸਟੈਂਡ ਸ਼ਾਲਾਘਾਯੋਗ -: ਭਾਈ ਪੰਥਪ੍ਰੀਤ ਸਿੰਘ

Bhai-Panthpreet-Singh-khalsa

ਨਾਨਕਸ਼ਾਹੀ ਕੈਲੰਡਰ ਸਬੰਧੀ ਤਖ਼ਤ ਸ਼੍ਰੀ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਲਿਆ ਗਿਆ ਸਖਤ ਸਟੈਂਡ ਅਤੇ ਵਿਗਾੜੇ ਗਏ ਕੈਲੰਡਰ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਲਾਗੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾ ਦੀ ਜਥੇਦਾਰ ਨੰਦਗੜ੍ਹ ਵੱਲੋਂ ਕੀਤੀ ਗਈ ਅਲੋਚਨਾ ਅਤਿ ਸ਼ਲਾਘਾਯੋਗ ਹੈ।

ਇਹ ਸ਼ਬਦ ਗੁਰਮਤਿ ਸੇਵਾ ਲਹਿਰ ਭਾਈ ਬਖਤੌਰ (ਬਠਿੰਡਾ) ਦੇ ਮੁੱਖ ਸੇਵਾਦਾਰ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ (ਪੰਚ ਪ੍ਰਧਾਨੀ) ਦੇ ਕੌਮੀ ਉਪ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਕਨਵੀਨਰ ਕਿਰਪਾਲ ਸਿੰਘ, ਏਕਸ ਕੇ ਬਾਰਕ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖ਼ਾਲਸਾ ਅਤੇ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਸਾਬਕਾ ਸਕੱਤਰ ਜਥੇਦਾਰ ਰਣਜੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਹੇ।

ਉਨ੍ਹਾਂ ਕਿਹਾ ਕਿ ਇਤਿਹਾਸਿਕ ਵਸੀਲਿਆਂ ਮੁਤਾਬਕ ਗੁਰੂ ਅਰਜੁਨ ਸਾਹਿਬ ਜੀ ਨੇ 28 ਜੇਠ, ਜੇਠ ਵਦੀ 14, ਸੰਮਤ 1663 ਨੂੰ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਪੰਜ ਦਿਨ ਬਾਅਦ 2 ਹਾੜ, ਜੇਠ ਸੁਦੀ 4, ਬਿਕ੍ਰਮੀ ਸੰਮਤ 1663 ਨੂੰ ਸ਼ਹੀਦੀ ਪ੍ਰਾਪਤ ਕੀਤੀ; ਇਨ੍ਹਾਂ ਤਰੀਕਾਂ ‘ਤੇ ਪੰਥ ਵਿੱਚ ਕੋਈ ਵੀ ਮੱਤ ਭੇਦ ਨਹੀਂ ਹਨ। 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਇਤਿਹਾਸਕ ਤੌਰ ‘ਤੇ ਸਰਬ ਪ੍ਰਵਾਨਤ ਮਿਤੀ 28 ਜੇਠ ਨਿਸਚਿਤ ਕਰ ਦਿੱਤੀ ਗਈ ਜੋ ਸਾਂਝੇ ਕੈਲੰਡਰ ਮੁਤਾਬਿਕ ਹਰ ਸਾਲ ਹੀ 11 ਜੂਨ ਨੂੰ ਆਉਣ ਕਰਕੇ ਸਦਾ ਲਈ ਸਥਿਰ ਅਤੇ ਯਾਦ ਰੱਖਣ ਵਿੱਚ ਬਹੁਤ ਹੀ ਆਸਾਨ ਹੋ ਗਈ।

ਇਸੇ ਤਰ੍ਹਾਂ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ 2 ਹਾੜ ਨੂੰ ਨਿਸਚਿਤ ਕਰ ਦਿੱਤਾ ਗਿਆ ਸੀ ਜੋ ਸਾਂਝੇ ਕੈਲੰਡਰ ਅਨੁਸਾਰ ਹਰ ਸਾਲ 16 ਜੂਨ ਨੂੰ ਆਉਣ ਲੱਗ ਪਿਆ ਸੀ। ਪਰ ਸੋਧ ਦੇ ਨਾਮ ‘ਤੇ 14 ਮਾਰਚ 2010 ਨੂੰ ਲਾਗੂ ਕੀਤੇ ਮਿਲਗੋਭੇ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਤਾਂ ਹਰ ਸਾਲ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ 11 ਜੂਨ ਨੂੰ ਹੀ ਮਨਾਇਆ ਜਾਂਦਾ ਹੈ ਪਰ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬਿਕ੍ਰਮੀ ਸੰਮਤ ਦੇ ਚੰਦਰ ਸਾਲ ਮੁਤਾਬਕ ਜੇਠ ਸੁਦੀ 4 ਨੂੰ ਮਨਾਇਆ ਜਾਣ ਲੱਗ ਪਿਆ। ਚੰਦਰ ਸਾਲ ਦੀ ਲੰਬਾਈ 354 ਦਿਨ ਅਤੇ ਸੂਰਜੀ ਸਾਲ ਦੀ ਲੰਬਾਈ 365 ਦਿਨ ਹੋਣ ਕਰਕੇ 1 ਦਿਨ ਦਾ ਫਰਕ ਹੈ ਇਸ ਲਈ ਇਹ ਦਿਨ ਕਦੀ ਵੀ ਸਥਿਰ ਨਹੀਂ ਰਹਿੰਦੇ ਤੇ ਹਮੇਸ਼ਾਂ ਅੱਗੇ ਪਿੱਛੇ ਆਉਂਦੇ ਰਹਿੰਦੇ ਹਨ। ਜਿਵੇਂ ਕਿ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿਚ 16 ਜੂਨ, 2011 ਵਿੱਚ 5 ਜੂਨ, 2012 ਵਿਚ 25 ਮਈ, 2013 ਵਿਚ 12 ਜੂਨ ਨੂੰ ਆਇਆ ਅਤੇ 2014 ਵਿੱਚ 01 ਜੂਨ, 2015 ਵਿੱਚ 22 ਮਈ, 2016 ਵਿੱਚ 08 ਜੂਨ ਅਤੇ 2017 ਵਿੱਚ 29 ਮਈ ਨੂੰ ਆਵੇਗਾ।

ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਸਾਲ ਭਾਵ 2014 ਵਿੱਚ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ 1 ਜੂਨ ਦੀ ਹੋਈ ਤਾਂ 11 ਜੂਨ ਤੱਕ 10 ਦਿਨਾਂ ਤੱਕ ਸਿੱਖਾਂ ਦਾ ਗੁਰੂ ਕੌਣ ਸੀ ਤੇ 11 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਕਿਸ ਨੇ ਦਿੱਤੀ? ਇਹੀ ਸਵਾਲ 2015 ਇਸ ਤੋਂ ਵੀ ਗੰਭੀਰ ਰੂਪ ਵਿੱਚ ਸਾਡੇ ਸਾਹਮਣੇ ਹੋਵੇਗਾ ਕਿ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ 22 ਮਈ ਨੂੰ ਮਨਾਇਆ ਜਾਵੇਗਾ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ਪੁਰਬ 11 ਜੂਨ ਨੂੰ ਤਾਂ 20 ਦਿਨ ਲਈ ਸਿੱਖਾਂ ਦਾ ਗੁਰੂ ਕੌਣ ਸੀ ਤੇ 20 ਦਿਨ ਬਾਅਦ ਗੁਰਗੱਦੀ ਕਿਸ ਨੇ ਸੌਂਪੀ?

ਆਰ.ਐੱਸ.ਐੱਸ ਦੇ ਪ੍ਰਭਾਵ ਹੇਠ ਡੇਰੇਦਾਰਾਂ ਅਤੇ ਬ੍ਰਾਹਮਣਵਾਦੀ ਸਿੱਖਾਂ ਦੀਆਂ ਵੋਟਾਂ ਲੈਣ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਨਾਮ ਹੇਠ ਇਸ ਦਾ ਮਿਲਗੋਭਾ ਕਰਕੇ ਕਤਲ ਕਰਨ ਵਾਲੀ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਇਸ ਵਿਗਾੜੇ ਗਏ ਕੈਲੰਡਰ ਨੂੰ ‘ਸੋਧਿਆ ਹੋਇਆ ਕੈਲੰਡਰ’ ਦੱਸ ਕੇ ਸੋਧ ਸ਼ਬਦ ਦੀ ਤੌਹੀਨ ਕਰ ਰਹੇ ਹਨ ਅਤੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕੋਲ ਇਸ ਗੱਲ ਦਾ ਵੀ ਕੋਈ ਜਵਾਬ ਨਹੀਂ ਹੈ ਕਿ ਜੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, ਦੀ ਥਾਂ 2 ਹਾੜ ਨੂੰ ਮਨਾ ਲਿਆ ਜਾਵੇ ਜਿਸ ਨਾਲ 16 ਜੂਨ ਦੀ ਤਰੀਖ ਹਮੇਸ਼ਾਂ ਲਈ ਸਥਿਰ ਆਉਣ ਕਰਕੇ ਯਾਦ ਰੱਖਣੀ ਵੀ ਸੌਖੀ ਹੋ ਜਾਵੇਗੀ ਤੇ ਗੁਰਪੁਰਬ ਅੱਗੇ ਪਿੱਛੇ ਹੋਣ ਦਾ ਭੰਬਲਭੂਸਾ ਵੀ ਨਹੀਂ ਰਹੇਗਾ ਤਾਂ ਇਸ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਸੱਟ ਵੱਜੇਗੀ?

468 ad