ਨਸ਼ੇੜੀ ਨੌਜਵਾਨਾਂ ਦੀ ਹੱਡਬੀਤੀ ਬਿਆਨ ਕਰਦੀ ਹੈ ਪੰਜਾਬ ਦੀ ਤਬਾਹੀ ਦੀ ਦਾਸਤਾਂ

drugs

ਭਾਵੇਂ ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਮੁਤਾਬਕ ਪੰਜਾਬ ‘ਚ ਹਰ 8 ਘੰਟਿਆਂ ਬਾਅਦ ਇਕ ਨੌਜਵਾਨ ਨਸ਼ਈ ਮੁੰਡੇ ਦੀ ਮੌਤ ਹੋ ਰਹੀ ਹੈ ਤੇ ਪੂਰੇ ਦੇਸ਼ ‘ਚ ਫੜੇ ਜਾ ਰਹੇ ਨਸ਼ੀਲੇ ਪਦਾਰਥਾਂ ਦਾ 60 ਫ਼ੀ ਸਦੀ ਹਿੱਸਾ ਇਕੱਲੇ ਪੰਜਾਬ ‘ਚੋਂ ਫੜਿਆ ਜਾ ਰਿਹਾ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਯੂਟਿਊਬ, ਫ਼ੇਸਬੁੱਕ, ਵਟਸਅੱਪ ਆਦਿ ਸੋਸ਼ਲ ਮੀਡੀਏ ਰਾਹੀਂ ਲੱਖਾਂ ਲੋਕਾਂ ਵਲੋਂ ਦੇਖੀ ਜਾ ਰਹੀ ਹੈਰੋਇਨ ਤੇ ਸਮੈਕ (ਚਿੱਟਾ) ਵਰਗਾ ਮਹਿੰਗਾ ਨਸ਼ਾ ਸੇਵਨ ਕਰਨ ਵਾਲੇ ਨੌਜਵਾਨਾਂ ਦੀ ਵੀਡੀਉ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਉਕਤ 11:54 ਮਿੰਟ ਦੀ ਫ਼ਿਲਮ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ, ਜਿਵੇਂ ਆਗਾਮੀ 10 ਸਾਲਾਂ ਬਾਅਦ ਪੰਜਾਬ ਦੇ ਨੌਜਵਾਨ ਹਸਪਤਾਲਾਂ ‘ਚ ਇਲਾਜ ਕਰਾਉਂਦੇ ਦਿਖਾਈ ਦੇਣਗੇ ਤੇ ਬਹੁਤ ਸਾਰੇ ਉਦੋਂ ਤਕ ਨਸ਼ੇ ਕਾਰਨ ਅਪਣੀਆਂ ਜਾਨਾਂ ਤੋਂ ਹੱਥ ਧੋ ਬੈਠਣਗੇ। ਪਿਛਲੇ ਦਿਨੀਂ ਹੋ ਕੇ ਹਟੀਆਂ ਲੋਕ ਸਭਾ ਚੋਣਾਂ ਮੌਕੇ ਤਕਰੀਬਨ ਹਰ ਪਾਰਟੀ ਦੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕਾਂ ਨੇ ਵੱਡੇ-ਵੱਡੇ ਦਾਅਵੇ ਕੀਤੇ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹਰ ਹੀਲਾ ਵਰਤਿਆ ਜਾਵੇਗਾ ਪਰ ਪੋਲਿੰਗ ਵਾਲੇ ਦਿਨ ਰਵਾਇਤੀ ਪਾਰਟੀਆਂ ਦੇ ਸਮਰਥਕਾਂ ਨੇ ਆਦਤਨ ਨਸ਼ਾ ਵੰਡਣ ਵਿਚ ਕੋਈ ਕਸਰ ਬਾਕੀ ਨਾ ਰਹਿਣ ਦਿਤੀ।

ਇਕ ਸਰਵੇ ਮੁਤਾਬਕ ਹਰ ਤੀਜੇ ਘਰ ‘ਚ ਇਕ ਨੌਜਵਾਨ ਨਸ਼ਿਆਂ ਦੇ ਰਾਹ ਪੈ ਚੁੱਕਾ ਹੈ, ਸਮੈਕ ਤੇ ਹੈਰੋਇਨ ਵਰਗੇ ਮਹਿੰਗੇ ਨਸ਼ੇ ਦੀ ਪੂਰਤੀ ਲਈ ਵੱਡੇ ਘਰਾਂ ਦੇ ਕਾਕੇ ਵੀ ਔਰਤਾਂ ਦੀਆਂ ਚੈਨੀਆਂ ਝਪਟਣ ਜਾਂ ਪਰਸ ਖੋਹਣ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਉਕਤ ਫ਼ਿਲਮ ‘ਚ ਤਾਂ ਵੱਡੇ ਘਰਾਂ ਦੇ ਕਾਕੇ ਹੀ ਨਹੀਂ ਬਲਕਿ ਮੋਟਰਸਾਈਕਲ ਮਕੈਨਿਕ, ਆਜੜੀ ਤੇ ਦਿਹਾੜੀਦਾਰ ਨੌਜਵਾਨ ਖੁਦ ਅਪਣੀ ਹੱਡਬੀਤੀ ਬਿਆਨ ਕਰਦੇ ਦਿਖਾਏ ਗਏ ਹਨ, ਜੋ ਐਂਕਰ ਅੱਗੋਂ ਖ਼ੁਦ ਮੰਨਦੇ ਹਨ ਕਿ ਨਸ਼ਾ ਛੱਡਣਾ ਉਨਾਂ ਲਈ ਬਹੁਤ ਔਖਾ ਹੈ ਤੇ ਉਹ ਇਹ ਵੀ ਜਾਣਦੇ ਹਨ ਕਿ ਇਕ ਦਿਨ ਉਨਾਂ ਦੀ ਮੌਤ ਹੋ ਜਾਵੇਗੀ।

ਸੁਰਸਾਗਰ ਕੈਨੇਡਾ ਟੀ.ਵੀ.ਦੇ ਐਂਕਰ ਵੱਲੋਂ ਮਾਝੇ ਦੇ ਕਸਬੇ ਹਰੀਕੇ ਪੱਤਣ ਨੇੜੇ ਖੇਤਾਂ ‘ਚ ਬੈਠੇ ਨੌਜਵਾਨਾਂ ਤੋਂ ਜਦੋਂ ਨਸ਼ੇ ਦੀ ਲੱਤ ਬਾਰੇ ਜਾਣਕਾਰੀ ਇਕੱਤਰ ਕੀਤੀ ਤਾਂ ਪਹਿਲਾਂ ਅੰਗਰੇਜ਼ ਸਿੰਘ ਨਾਂਅ ਦੇ ਨੌਜਵਾਨ ਨੇ ਮੰਨਿਆ ਕਿ ਉਸਦੇ ਦੋ ਬੇਟੇ ਹਨ, ਉਹ ਮੋਟਰਸਾਈਕਲ ਮਕੈਨਿਕ ਹੈ ਪਰ ਰੋਜ਼ਾਨਾ 500 ਰੁਪੈ ਅਰਥਾਤ 15,000 ਰੁਪੈ ਮਹੀਨੇ ਦੀ ਸਮੈਕ ਜਾਂ ਹੈਰੋਇਨ ਪੀਣੀ ਉਸਦੀ ਮਜਬੂਰੀ ਹੈ।

ਬੱਕਰੀਆਂ ਚਾਰਨ ਵਾਲੇ ਰਾਜਾ ਨਾਂਅ ਦੇ ਆਜੜੀ ਨੇ ਦੱਸਿਆ ਕਿ ਉਹ ਘਰੋਂ ਬੱਕਰੀਆਂ ਚਾਰਨ ਲਈ ਆਉਂਦਾ ਹੈ ਪਰ ਇਥੇ ਇਨਾਂ ਮੁੰਡਿਆਂ ਨਾਲ ਰਲ ਕੇ ਹੈਰੋਇਨ ਤੇ ਸਮੈਕ ਦਾ ਨਸ਼ਾ ਸੇਵਨ ਕਰਦਾ ਹੈ। ਇਸੇ ਤਰ੍ਹਾਂ ਐਂਕਰ ਨੇ ਰਮੇਸ਼, ਹਰਜੀਤ ਤੇ ਦਵਿੰਦਰ ਨਾਂਅ ਦੇ ਲੜਕਿਆਂ ਤੋਂ ਵੀ ਨਸ਼ਾ ਖਰੀਦਣ, ਵੇਚਣ, ਸੇਵਨ ਕਰਨ ਅਤੇ ਇਸ ਸਬੰਧੀ ਪੈਸੇ ਦਾ ਪ੍ਰਬੰਧ ਕਰਨ ਬਾਰੇ ਸਵਾਲ-ਜਵਾਬ ਕੀਤੇ।

ਨਸ਼ੱਈ ਹੋ ਚੁੱਕੇ ਉਕਤ ਲੜਕੇ ਖੁਦ ਮੰਨਦੇ ਹਨ ਕਿ ਉਨਾਂ ਦੀ ਵਿਆਹੁਤਾ ਜਿੰਦਗੀ ਗੜਬੜਾ ਰਹੀ ਹੈ, ਛੋਟੇ-ਛੋਟੇ ਮਾਸੂਮ ਬੱਚਿਆਂ ਦਾ ਭਵਿੱਖ ਪਤਾ ਨਹੀਂ ਕੀ ਹੋਵੇਗਾ, ਸਾਡੇ ਮਾਪਿਆਂ ਦੇ ਦਿਲਾਂ ‘ਤੇ ਪਤਾ ਨਹੀਂ ਕੀ ਬੀਤੇਗੀ? ਪਰ ਉਹ ਹੁਣ ਸਾਰੀ ਉਮਰ ਨਸ਼ਾ ਨਹੀਂ ਛੱਡ ਸਕਣਗੇ।

ਨਸ਼ਾ ਤਸਕਰਾਂ ਤੇ ਨਸ਼ਾ ਮਾਫ਼ੀਆ ਬਾਰੇ ਉਕਤ ਨੌਜਵਾਨ ਕੈਮਰੇ ਸਾਹਮਣੇ ਦੱਸਦੇ ਹਨ ਕਿ ਉਹ ਭਿਖੀਵਿੰਡ ਤੋਂ ਮਹਿੰਗਾ ਨਸ਼ਾ ਲਿਆਉਂਦੇ ਹਨ ਤੇ ਇਹ ਨਸ਼ਾ ਵੇਚਣ ਬਦਲੇ ਉਨਾਂ ਨੂੰ ਭਾਰੀ ਕਮਿਸ਼ਨ ਮਿਲਦਾ ਹੈ। ਜਦੋਂ ਪੈਸੇ ਦਾ ਜੁਗਾੜ ਨਹੀਂ ਬਣਦਾ ਤਾਂ ਉਹ ਔਰਤਾਂ ਦੇ ਸੋਨੇ ਦੇ ਗਹਿਣੇ ਲੁੱਟਣ ਜਾਂ ਪਰਸ, ਮੋਬਾਈਲ ਆਦਿਕ ਖੋਹਣ ਲਈ ਮਜਬੂਰ ਹੁੰਦੇ ਹਨ।

ਇਕ ਨੌਜਵਾਨ ਨੇ ਸਪਸ਼ਟ ਕੀਤਾ ਕਿ ਜੇਕਰ ਪੁਲਿਸ ਫੜ ਲਵੇ ਤਾਂ ਪਿੰਡ ਦਾ ਸਰਪੰਚ ਛੁਡਾ ਲਿਆਉਂਦਾ ਹੈ। ਪਿਛਲੇ ਸਮੇਂ ‘ਚ ਸਮੈਕ ਜਾਂ ਹੈਰੋਇਨ ਦਾ ਨਸ਼ਾ ਕਰਨ ਵਾਲੇ ਆਪਣੇ ਵਿਛੜ ਚੁੱਕੇ ਦੋਸਤਾਂ ਦਾ ਨਾਂਅ ਵੀ ਉਹ ਦੱਸਦੇ ਹਨ ਕਿ ਉਨਾਂ ਦੇ ਦੋਸਤ ਹਰੀਕੇ ਦੇ ਵਸਨੀਕ ਰਾਣਾ ਨੇ ਕੈਨੇਡਾ ਜਾਣਾ ਸੀ ਤੇ ਨਸ਼ਾ ਛੱਡਣ ਕਾਰਨ ਉਸਦੀ ਦੁਖਦਾਇਕ ਮੌਤ ਹੋ ਗਈ। ਉਕਤ ਫ਼ਿਲਮ ਨੇ ਪੰਜਾਬ ਦੀ ਤਬਾਹੀ ਦੇ ਕਾਰਨ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰਕੇ ਰੱਖ ਦਿੱਤੇ ਹਨ ਤੇ ਜੇਕਰ ਪੰਜਾਬ ਵਾਸੀ ਅਜੇ ਵੀ ਨਾ ਜਾਗੇ ਤਾਂ ਪੰਜਾਬ ਦੀ ਬਰਬਾਦੀ ਨੂੰ ਕੋਈ ਵੀ ਨਹੀਂ ਰੋਕ ਸਕੇਗਾ।

 

 

– ਗੁਰਿੰਦਰ ਸਿੰਘ

ਕੋਟਕਪੂਰਾ

468 ad