ਨਟਵਰ ਨੇ ਅਪਣੀ ਕਿਤਾਬ ‘ਚ ਰਾਜੀਵ ਗਾਂਧੀ ਦੀ ਸਿਆਸੀ ਅਤੇ ਪ੍ਰਸ਼ਾਸਨਕ ਹੁਨਰਮੰਦੀ ‘ਤੇ ਸਵਾਲ ਖੜੇ ਕੀਤੇ

clipboard0-tile

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਪ੍ਰਤੀ ਅਪਣੇ ਨਿਜੀ ਸਨੇਹ ਦੇ ਬਾਵਜੂਦ ਨਟਵਰ ਸਿੰਘ ਨੇ ਅਪਣੀ ਕਿਤਾਬ ‘ਚ ਰਾਜੀਵ ਦੀ ਸਿਆਸੀ ਅਤੇ ਪ੍ਰਸ਼ਾਸਨਕ ਹੁਨਰਮੰਦੀ ‘ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਨੇ ਸ਼ਾਹ ਬਾਨੋ ਮਾਮਲੇ, ਬਾਬਰੀ ਮਸਜਿਦ-ਰਾਮ ਜਨਮ ਭੂਮੀ ਮੁੱਦੇ ਅਤੇ ਦਾਰਜਲਿੰਗ ਪਰਬਤੀ ਖੇਤਰ ਦੇ ਅੰਦੋਲਨ ਨੂੰ ‘ਗ਼ਲਤ ਢੰਗ ਨਾਲ ਨਬੇੜਿਆ।’ ਕਦੀ ਨਹਿਰੂ-ਗਾਂਧੀ ਪਰਵਾਰ ਦੇ ਵਫ਼ਾਦਾਰ ਰਹੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਬੋਫ਼ੋਰਸ ਵਿਵਾਦ ਨੂੰ ਨਿਪਟਾਉਣ ਦੇ ਮਾਮਲੇ ‘ਚ ਵੀ ਰਾਜੀਵ ਗਾਂਧੀ ‘ਚ ਖੋਟ ਕਢਿਆ। ਉਨ੍ਹਾਂ ਅਪਣੀ ਸਵੈਜੀਵਨੀ ‘ਵਨ ਲਾਈਫ਼ ਇਜ਼ ਨਾਟ ਇਨੱਫ਼’ ‘ਚ ਕਿਹਾ, ”ਮੈਂ ਉਦੋਂ ਮਹਿਸੂਸ ਕੀਤਾ ਅਤੇ ਹੁਣ ਵੀ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਇਸ ਤੋਂ ਜ਼ਿਆਦਾ ਚੰਗੇ ਢੰਗ ਨਾਲ ਨਿਪਟਾਰਾ ਕਰ ਸਕਦੇ ਹਨ। ਉਹ ਜ਼ਿਆਦਾ ਸੰਜਮ ਵਰਤ ਸਕਦੇ ਸਨ। ਉਨ੍ਹਾਂ ਇਹ ਨਹੀਂ ਕੀਤਾ। ਇਸ ਤੋਂ ਉਲਟ, ਉਹ ਬੋਫ਼ੋਰਸ ਦੇ ਚਿੱਕੜ ‘ਚ ਪੈ ਗਏ ਅਤੇ ਇਸ ‘ਚੋਂ ਕੁੱਝ ਉਨ੍ਹਾਂ ਨੂੰ ਵੀ ਲੱਗ ਗਿਆ।” ਉਨ੍ਹਾਂ ਕਿਹਾ ਕਿ ਰਾਜੀਵ ਅਪਣੇ ਮੰਤਰੀ ਮੰਡਲ ‘ਚ ਵਾਰ-ਵਾਰ ਫ਼ੇਰਬਦਲ ਕਰਦੇ ਸਨ। ਅਜਿਹੇ ਫ਼ੇਰਬਦਲ ਦੋ ਦਰਜਨ ਤੋਂ ਜ਼ਿਆਦਾ ਵਾਰੀ ਹੋਏ ਅਤੇ ਇਕੋ-ਇਕ ਰੇਲ ਮੰਤਰੀ ਮਾਧਵਰਾਵ ਸਿੰਧੀਆ ਪੰਜ ਸਾਲਾਂ ਦਾ ਅਪਣਾ ਕਾਰਜਕਾਲ ਪੂਰਾ ਕਰ ਸਕੇ। ਨਟਵਰ ਸਿੰਘ ਰਾਜੀਵ ਦੇ ਮੰਤਰੀ ਮੰਡਲ ‘ਚ ਵੀ ਮੰਤਰੀ ਰਹੇ ਸਨ। ਉਨ੍ਹਾਂ ਲਿਖਿਆ ਕਿ ਬਾਬਰੀ ਮਸਜਿਦ-ਰਾਮ ਜਨਮ ਭੂਮੀ ਮੁੱਦਾ ਉਦੋਂ ਉਭਰਿਆ ਜਦੋਂ ਕਥਿਤ ਤੌਰ ‘ਤੇ ਰਾਜੀਵ ਦੇ ਨਿਕਟ ਸਹਿਯੋਗੀ ਅਰੁਣ ਨਹਿਰੂ ਦੇ ਇਸ਼ਾਰੇ ‘ਤੇ ਜ਼ਮੀਨ ਉਪਰ ਲੱਗਾ ਤਾਲਾ ਹਟਾ ਦਿਤਾ ਗਿਆ ਅਤੇ ਉਥੇ ਪੂਜਾ ਸ਼ੁਰੂ ਹੋ ਗਈ। ਇਸ ਦਾ ਨਤੀਜਾ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਰਥ ਯਾਤਰਾ ਅਤੇ ਬਾਬਰੀ ਮਸਜਿਦ ਦੇ ਢਾਹੇ ਜਾਣ ਵਿਚ ਨਿਕਲਿਆ। ਨਟਵਰ ਨੇ ‘ਵੱਡੀ ਗਿਣਤੀ ‘ਚ ਲੋਕਾਂ ਦੀ ਮਾਨਸਿਕਤਾ ਬਦਲਣ’ ਅਤੇ ਦੇਸ਼ ਨੂੰ 21ਵੀਂ ਸਦੀ ਲਈ ਤਿਆਰ ਕਰਨ ਲਈ ਰਾਜੀਵ ਦੀ ਤਾਰੀਫ਼ ਕੀਤੀ। ਉਨ੍ਹਾਂ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਚੀਨ ਯਾਤਰਾ ਨੂੰ ਅਹਿਮ ਘਟਨਾ ਵਜੋਂ ਪੇਸ਼ ਕਰਦਿਆਂ ਲਿਖਿਆ, ”ਉਨ੍ਹਾਂ ਅਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਜੋ ਪ੍ਰਾਪਤੀ ਹਾਸਲ ਕੀਤੀ, ਉਹ ਜ਼ਿਕਰਯੋਗ ਹੈ।” ਨਟਵਰ ਅਨੁਸਾਰ ਰਾਜੀਵ ਗਾਂਧੀ ਅਪਣੇ ਰਾਜ ਦੇ ਪਹਿਲੇ ਡੇਢ ਸਾਲਾਂ ਤਕ ਬੜੇ ਅਹੰਕਾਰ ਵਾਲੇ ਅਗਿਆਨੀਆਂ ਦੀ ਇਕ ਟੀਮ ‘ਤੇ ਪੂਰੀ ਤਰ੍ਹਾਂ ਨਿਰਭਰ ਰਹੇ। ਉਨ੍ਹਾਂ ਇਨ੍ਹਾਂ ‘ਚੋਂ ਦੋ ਦੀ ਪਛਾਣ ਗੋਪੀ ਅਰੋੜਾ ਅਤੇ ਅਰੁਣ ਨਹਿਰੂ ਵਜੋਂ ਕੀਤੀ। ਦੋਵੇਂ ਹੁਣ ਇਸ ਦੁਨੀਆ ‘ਚ ਨਹੀਂ ਹਨ। ਨਟਵਰ ਨੇ ਅਪਣੀ ਕਿਤਾਬ ‘ਚ ਲਿਖਿਆ ਹੈ ਕਿ ਰਾਜੀਵ ਗਾਂਧੀ ਦੇ ਮਿੱਤਰ ਅਤੇ ਮੰਤਰੀ ਮੰਡਲ ਦੇ ਸਹਿਯੋਗੀ ਅਰੁਣ ਸਿੰਘ ਨੇ ਉਨ੍ਹਾਂ ਨੂੰ ‘ਅਪਰੇਸ਼ਨ ਬ੍ਰਾਸਸਟੈਕਸ’ ਬਾਬਤ ਹਨੇਰੇ ‘ਚ ਰਖਿਆ। ਇਸ ਮੁੱਦੇ ਨੇ ਭਾਰਤ ਅਤੇ ਪਾਕਿਸਤਾਨ ਨੂੰ ਜੰਗ ਦੇ ਨੇੜੇ ਲਿਆ ਦਿਤਾ। ਬਾਅਦ ‘ਚ ਇਸ ਮੁੱਦੇ ‘ਤੇ ਅਰੁਣ ਸਿੰਘ ਨੂੰ ਮੰਤਰੀ ਮੰਡਲ ‘ਚੋਂ ਹਟਾ ਦਿਤਾ ਗਿਆ ਸੀ। ਨਟਵਰ ਦੀ ਕਿਤਾਬ ‘ਚ ਸੋਨੀਆ ਗਾਂਧੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਉ ਵਿਚਕਾਰ ਠੰਢੇ ਰਿਸ਼ਤੇ ਵੀ ਨਟਵਰ ਦੀ ਕਿਤਾਬ ‘ਚ ਖੁੱਲ੍ਹ ਕੇ ਸਾਹਮਣੇ ਆ ਗਏ। ਨਟਵਰ ਅਨੁਸਾਰ ਸੋਨੀਆ ਨੇ ਕਦੀ ਰਾਉ ਨੂੰ ਪਸੰਦ ਨਹੀਂ ਕੀਤਾ ਜਦਕਿ ਰਾਉ ਨੂੰ ਇਸ ਦਾ ਕਾਰਨ ਕਦੀ ਸਮਝ ਨਹੀਂ ਆਇਆ। ਰਾਉ ਨੇ ਸੋਨੀਆ ਨਾਲ ਅਪਣੇ ਰਿਸ਼ਤੇ ਠੀਕ ਕਰਨ ਲਈ ਦਸੰਬਰ, 1994 ‘ਚ ਨਟਵਰ ਤੋਂ ਮਦਦ ਮੰਗੀ ਸੀ। ਰਾਉ ਨੇ ਉਦੋਂ ਕਿਹਾ ਸੀ ਕਿ ਉਹ ਸੋਨੀਆ ਨਾਲ ਨਜਿੱਠ ਸਕਦੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ ਅਤੇ ਸੋਨੀਆ ਦੇ ਸਲਾਹਕਾਰ ਉਨ੍ਹਾਂ ਵਿਰੁਧ ਸੋਨੀਆ ਦੇ ਕੰਨ ਭਰ ਰਹੇ ਹਨ। ਰਾਉ ਨੇ ਨਟਵਰ ਨੂੰ ਕਿਹਾ ਕਿ ਉਨ੍ਹਾਂ ਸੋਨੀਆ ਪ੍ਰਤੀ ਸਿਸ਼ਟ ਰਹਿਣ ਲਈ ਬਹੁਤ ਕੁੱਝ ਕੀਤਾ ਪਰ ਸੋਨੀਆ ਨੇ ਉਨ੍ਹਾਂ ਨੂੰ ਕਦੀ ਫ਼ੋਨ ਨਹੀਂ ਕੀਤਾ।

468 ad