ਥਕਾਊ ਪ੍ਰਚਾਰ : ਕਈ ਉਮੀਦਵਾਰਾਂ ਦਾ ਭਾਰ ਘਟਿਆ

ਥਕਾਊ ਪ੍ਰਚਾਰ : ਕਈ ਉਮੀਦਵਾਰਾਂ ਦਾ ਭਾਰ ਘਟਿਆ

 ਇਸ ਵਾਰ ਲੋਕ ਸਭਾ ਚੋਣਾਂ ਪੰਜਾਬ ਵਿਚ ਉਮੀਦਵਾਰਾਂ ਲਈ ਸਭ ਤੋਂ ਵੱਧ ਥਕਾਵਟ ਵਾਲੀਆਂ ਰਹੀਆਂ। ਉਮੀਦਵਾਰ ਅਤੇ ਨੇਤਾ ਚੋਣ ਮਾਹੌਲ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ, ਇਸ ਦੇ ਬਾਰੇ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਦੇ ਮੁੱਖ ਉਮੀਦਵਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੇਸ਼ ਹਨ ਤੁਹਾਡੇ ਸਾਹਮਣੇ ਪੰਜਾਬ ਦੀਆਂ 13 ਸੀਟਾਂ ਦੇ ਮੁੱਖ ਉਮੀਦਵਾਰਾਂ ਦੇ ਚੋਣਾਂ ਤੋਂ ਬਾਅਦ ਦੇ ਦਿਨਾਂ ਦੇ ਰੁਝੇਵੇਂ-


ਅੰਮ੍ਰਿਤਸਰ
ਪੂਰੇ ਦੇਸ਼ ਦੀ ਅੰਮ੍ਰਿਤਸਰ ਲੋਕ ਸਭਾ  ਸੀਟ ‘ਤੇ ਨਜ਼ਰ ਸੀ। ਉਥੋਂ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਕਹਿੰਦੇ ਹਨ ਕਿ ਥਕਾਵਟ ਹੋਈ ਹੈ ਪਰ ਫਿੱਟ ਹਾਂ। ਥੋੜ੍ਹਾ-ਬਹੁਤ ਗਲਾ ਖਰਾਬ ਹੋਇਆ ਹੈ ਪਰ ਸਿਹਤ ਅਤੇ ਭਾਰ ਠੀਕ ਹੈ, ਇਸ ਲਈ ਪਿਛਲੇ 3 ਦਿਨਾਂ ਤੋਂ ਬਨਾਰਸ ਵਿਚ ਹਾਂ।  ਇਕ-ਦੋ ਦਿਨ ਹੋਰ ਇਥੇ ਰਹਾਂਗਾ, ਫੇਰ ਦਿੱਲੀ ਪਰਤਾਂਗਾ।ਇਥੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਨਹੀਂ ਹੋ ਸਕੀ। ਉਨ੍ਹਾਂ ਦੇ ਬੁਲਾਰੇ ਅਨੁਸਾਰ ਕੈਪਟਨ ਫਿੱਟ ਹਨ ਅਤੇ ਦਿੱਲੀ ਵਿਚ ਆਰਾਮ ਕਰ ਰਹੇ ਹਨ ਤੇ ਪਾਰਟੀ ਨੇਤਾਵਾਂ ਨੂੰ ਮਿਲ ਕੇ ਅਗਲੀ ਰਣਨੀਤੀ ‘ਤੇ ਕੰਮ ਕਰ ਰਹੇ ਹਨ। ਅੰਮ੍ਰਿਤਸਰ ਤੋਂ ਹੀ ‘ਆਪ’ ਦੇ ਉਮੀਦਵਾਰ ਡਾ. ਦਲਜੀਤ ਸਿੰਘ ਕਹਿੰਦੇ ਹਨ ਕਿ ਮੈਂ ਪੂਰੀ ਤਰ੍ਹਾਂ ਦਰੁਸਤ ਹਾਂ। ਭਾਰ ਘੱਟ ਨਹੀਂ ਹੋਇਆ। ਸਵੇਰੇ 7 ਵਜੇ ਹਸਪਤਾਲ ਚਲਾ ਜਾਂਦਾ ਹਾਂ ਅਤੇ ਰਾਤ 8 ਵਜੇ ਤਕ ਰੁੱਝਿਆ ਰਹਿੰਦਾ ਹਾਂ।
ਬਠਿੰਡਾ 
ਸੂਬੇ ਦੀਆਂ ਸਭ ਤੋਂ ਹਾਟ ਚਰਚਿਤ ਸੀਟਾਂ ਵਿਚੋਂ ਇਕ ਬਠਿੰਡਾ ਸੀਟ ‘ਤੇ ਸਭ ਤੋਂ ਜ਼ਿਆਦਾ ਮਿਹਨਤ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੀ ਹਮਾਇਤ ਨਾਲ ਮੈਦਾਨ ਵਿਚ ਪਹੁੰਚੇ ਪੀ. ਪੀ. ਪੀ. ਚੀਫ ਮਨਪ੍ਰੀਤ ਸਿੰਘ ਬਾਦਲ ਨੇ ਕੀਤੀ। ਇਸ ਮਿਹਨਤ ਦਾ ਖਮਿਆਜ਼ਾ ਮਨਪ੍ਰੀਤ ਬਾਦਲ ਨੂੰ ਗਲੇ ਦੀ ਤਕਲੀਫ ਨਾਲ ਚੁਕਾਉਣਾ  ਪਿਆ, ਜਦਕਿ ਹਰਸਿਮਰਤ ਬਾਦਲ ਨੇ ਇਸ ਮਾਮਲੇ ਵਿਚ ਕੋਈ ਟਿੱਪਣੀ ਨਹੀਂ ਕੀਤੀ। ਇਥੋਂ ‘ਆਪ’ ਦੇ ਉਮੀਦਵਾਰ ਜਸਰਾਜ ਸਿੰਘ ਲੋਂਗੀਆ ਉਰਫ ਜੱਸੀ ਜਸਰਾਜ ਦੀ ਚੋਣ ਭੱਜ-ਦੌੜ ਵਿਚ 7 ਕਿਲੋ ਭਾਰ ਘੱਟ ਹੋ ਗਿਆ। ਜਸਰਾਜ ਸਿੰਘ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਉਸਦਾ ਭਾਰ 96 ਕਿਲੋ ਸੀ, ਜੋ ਹੁਣ 89 ਕਿਲੋ ਰਹਿ ਗਿਆ ਹੈ।
ਪਟਿਆਲਾ 
ਸ਼ਾਹੀ ਘਰਾਣੇ ਨਾਲ ਸੰਬੰਧ ਰੱਖਣ ਵਾਲੀ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੀ ਹਾਲਾਂਕਿ ਡੇਲੀ ਰੁਟੀਨ ਨੂੰ ਚੋਣ ਪ੍ਰਚਾਰ ਨੇ ਜ਼ਰੂਰ ਬਦਲਿਆ ਸੀ ਪਰ ਆਪਣੇ ਸਟ੍ਰਿਕਟ ਟੂ ਹੈਲਥ ਰੂਲਜ਼ ਦੇ ਕਾਰਨ ਉਹ ਖੁਦ ਨੂੰ ਪਹਿਲਾਂ ਵਰਗੀ ਹੀ ਮੰਨ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ਵਿਚ ਸਟ੍ਰੈਸ ਜ਼ਰੂਰ ਵਧ ਜਾਂਦੀ ਹੈ ਪਰ ਤਜਰਬੇਕਾਰ ਟੀਮ ਦੀ ਬਦੌਲਤ ਉਨ੍ਹਾਂ ‘ਤੇ ਇਸਦਾ ਜ਼ਿਆਦਾ ਪ੍ਰਭਾਵ ਨਹੀਂ ਪੈ ਸਕਿਆ। ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਦੀਪੇਂਦਰ ਸਿੰਘ ਢਿੱਲੋਂ ਕਹਿੰਦੇ ਹਨ ਕਿ ਚੋਣ ਪ੍ਰਚਾਰ ਦੌਰਾਨ ਰੋਜ਼ 18 ਘੰਟੇ ਫਿਜ਼ੀਕਲ ਵਰਕ ਤੋਂ ਲੈ ਕੇ ਮੈਂਟਲ ਵਰਕ ਸ਼ਾਮਿਲ ਸੀ। ਸਰੀਰ ਐਥਲੈਟਿਕ ਹੈ, ਫਿਰ ਵੀ ਕਰੀਬ ਪੌਣੇ ਦੋ ਕਿਲੋ ਭਾਰ ਘੱਟ ਹੋਇਆ। ਓਧਰ ‘ਆਪ’ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਕਹਿੰਦੇ ਹਨ ਕਿ ਜਨਤਾ ਦੀ ਸੇਵਾ ਕਰਨ ਲਈ ਛੇੜੇ ਗਏ ਚੋਣ ਪ੍ਰਚਾਰ ਦੌਰਾਨ ਭਾਰ ਘੱਟ ਹੋਣਾ ਸੁਭਾਵਿਕ ਹੈ ਕਿਉਂਕਿ ਹਰ ਪਾਸਿਓਂ ਬਣਨ ਵਾਲਾ ਪ੍ਰੈਸ਼ਰ ਲਗਾਤਾਰ ਜਾਰੀ ਰਹਿੰਦਾ ਹੈ।
ਗੁਰਦਾਸਪੁਰ
ਗੁਰਦਾਸਪੁਰ  ਸੰਸਦੀ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਵਿਨੋਦ ਖੰਨਾ ਮੁਤਾਬਕ ਚੋਣਾਂ ਦੇ ਬਾਅਦ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਆਰਾਮ ਵਿਚ ਹੀ ਬੀਤ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ  ਮੁੰਬਈ ਵਿਚ ਹਾਂ, ਜਲਦੀ ਹੀ ਨਵੇਂ ਸ਼ੈਡਿਊਲ ਵਿਚ ਢਲ ਜਾਵਾਂਗਾ। ਚੋਣਾਂ ਨੇ ਮੇਰੀ ਸਿਹਤ ‘ਤੇ ਕੋਈ ਅਸਰ ਨਹੀਂ ਪਾਇਆ ਹੈ। ਭਾਰ ਵੀ ਪਹਿਲਾਂ ਵਾਂਗ ਹੀ ਹੈ।ਇਥੋਂ ਕਾਂਗਰਸ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਮੁਤਾਬਕ ਚੋਣਾਂ ਦੇ ਕਾਰਨ ਉਨ੍ਹਾਂ ਦਾ ਕਰੀਬ 3 ਕਿਲੋ ਭਾਰ ਘੱਟ ਹੋਇਆ ਸੀ। ਮੌਜੂਦਾ ਸਮੇਂ ਵਿਚ ਜ਼ਿਆਦਾਤਰ ਵਕਤ   ਲੋਕਾਂ ਨਾਲ ਮੁਲਾਕਾਤ ਵਿਚ ਬੀਤਦਾ ਹੈ। ਚੋਣਾਂ ਦੇ ਬਾਅਦ ਰੋਜ਼ਾਨਾ ਦੀ ਜ਼ਿੰਦਗੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਪਹਿਲਾਂ ਵੀ ਸਵੇਰੇ ਜਲਦੀ ਜਾਗਣ ਅਤੇ ਦੇਰ ਨਾਲ ਸੌਣ ਦੀ ਆਦਤ ਸੀ, ਜੋ ਅਜੇ ਵੀ ਬਰਕਰਾਰ ਹੈ।
ਸੰਗਰੂਰ
ਤਿਕੋਣੇ ਮੁਕਾਬਲੇ ਦੇ ਕਾਰਨ ਇਸ ਸੀਟ ‘ਤੇ ਉਮੀਦਵਾਰਾਂ ਨੂੰ ਕਾਫੀ ਭੱਜ-ਦੌੜ ਕਰਨੀ ਪਈ ਅਤੇ ਪੰਜਾਬ ਵਿਚ ਮਤਦਾਨ ਹੋਣ ਦੇ ਬਾਵਜੂਦ ਵੀ ਇਸ ਸੀਟ ਤੋਂ  ਦੋ ਪ੍ਰਮੁੱਖ ਉਮੀਦਵਾਰਾਂ ਨੂੰ ਅਜੇ ਵੀ ਆਰਾਮ ਨਹੀਂ ਮਿਲ ਸਕਿਆ ਹੈ। ਕਾਂਗਰਸ ਦੇ ਉਮੀਦਵਾਰ  ਵਿਜੇਇੰਦਰ ਸਿੰਗਲਾ ਆਪਣੀ ਚੋਣ ਮੁਹਿੰਮ ਖਤਮ ਹੋਣ ਤੋਂ  ਬਾਅਦ  ਉੱਤਰ ਪ੍ਰਦੇਸ਼ ਪਾਰਟੀ ਸਰਗਰਮੀਆਂ ਵਿਚ ਸ਼ਾਮਲ ਹੋਣ ਲਈ ਚਲੇ ਗਏ। ‘ਆਪ’ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਨ ਲਈ ਵਾਰਾਨਸੀ ਪਹੁੰਚਣਾ ਪਿਆ। ਜਦਕਿ ਅਕਾਲੀ-ਭਾਜਪਾ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਫਿਲਹਾਲ ਆਰਾਮ ਦੇ ਮੂਡ ਵਿਚ ਹਨ। ਵਿਜੇਇੰਦਰ ਦਾਅਵਾ ਕਰਦੇ ਹਨ ਕਿ ਚੋਣ ਪ੍ਰਚਾਰ ਦੀ ਭੱਜ-ਦੌੜ ਕਾਰਨ ਉਨ੍ਹਾਂ ਦਾ ਭਾਰ 3 ਕਿਲੋ ਦੇ ਕਰੀਬ ਘੱਟ ਹੋਇਆ ਹੈ, ਜਦ ਕਿ ਦੂਸਰੇ ਪਾਸੇ ਭਗਵੰਤ ਮਾਨ ਕਹਿੰਦੇ ਹਨ ਕਿ ਭਾਰ ਤਾਂ ਦੇਖਿਆ ਨਹੀਂ ਪਰ ਪ੍ਰਚਾਰ ਦੌਰਾਨ ਸ਼ੁਰੂ ਹੋਏ ਗਲੇ ਵਿਚ ਦਰਦ ਦੀ ਸਮੱਸਿਆ ਵਧ ਗਈ ਹੈ। ਹੁਣ ਤਾਂ ਨਤੀਜਿਆਂ ਦੇ ਬਾਅਦ ਹੀ ਇਲਾਜ ਦਾ ਸਮਾਂ ਮਿਲ ਸਕੇਗਾ।
ਫਿਰੋਜ਼ਪੁਰ
ਫਿਰੋਜ਼ਪੁਰ ਤੋਂ ਅਕਾਲੀ-ਭਾਜਪਾ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਹੈ ਕਿ ਸਾਡਾ ਪ੍ਰਚਾਰ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ। ਇਸ ਲਈ ਥਕਾਵਟ ਵਰਗੀ ਕੋਈ ਗੱਲ ਨਹੀਂ ਹੈ। ਭਾਰ ਘੱਟ ਨਹੀਂ ਹੋਇਆ ਹੈ। ਅਜੇ ਵੀ ਰੋਜ਼ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਮਿਲ ਰਿਹਾ ਹਾਂ।
ਲੁਧਿਆਣਾ 
ਲੁਧਿਆਣਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਅਯਾਲੀ ਦੇ ਮੁਤਾਬਕ ਚੋਣ ਦੌੜ-ਭੱਜ ਦੇ ਕਾਰਨ ਉਨ੍ਹਾਂ ਦਾ ਸਾਢੇ 3 ਕਿਲੋ ਭਾਰ ਘੱਟ ਹੋ ਗਿਆ ਹੈ। ਰੁਟੀਨ ਲਾਈਫ ਅਜੇ ਵੀ ਜਿਵੇਂ ਦੀ ਤਿਵੇਂ ਹੀ ਹੈ। ਰੋਜ਼ਾਨਾ ਸਵੇਰ ਤੋਂ ਸ਼ਾਮ ਤਕ ਕਰੀਬ 300 ਤੋਂ ਵੱਧ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ, ਜਦ ਕਿ ਬਾਕੀ ਸਮਾਂ ਦਫਤਰ ਵਿਚ ਗੁਜ਼ਰਦਾ ਹੈ। ਇਥੋਂ ਕਾਂਗਰਸ ਉਮੀਦਵਾਰ ਰਵਨੀਤ ਬਿੱਟੂ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਸਿਰਫ 3 ਘੰਟੇ ਦੀ ਹੀ ਉਹ ਨੀਂਦ ਲੈ ਸਕੇ। ਇਸ ਕਾਰਨ ਉਨ੍ਹਾਂ ਨੂੰ ਤਣਾਅ ਵੀ ਰਿਹਾ ਅਤੇ ਖਾਣ-ਪਾਨ ਵੀ ਸਹੀ ਢੰਗ ਨਾਲ ਨਹੀਂ ਕਰ ਸਕੇ। ਵੋਟਿੰਗ  ਦੇ ਬਾਅਦ ਆਪਣੀ ਸਿਹਤ ‘ਤੇ ਧਿਆਨ ਦੇ ਰਹੇ ਹਨ। ਉਨ੍ਹਾਂ ਦਾ ਭਾਰ 94 ਕਿਲੋ ਤੋਂ ਘਟ ਕੇ 89 ਕਿਲੋ ਰਹਿ ਗਿਆ ਹੈ।
ਹੁਸ਼ਿਆਰਪੁਰ
ਹੁਸ਼ਿਆਰਪੁਰ ਸੰਸਦੀ ਖੇਤਰ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਵਿਜੇ ਸਾਂਪਲਾ ਮੁਤਾਬਕ ਚੋਣਾਂ ਦੀ ਗਹਿਮਾ-ਗਹਿਮੀ ਦੇ ਬਾਅਦ ਉਨ੍ਹਾਂ ਦੀ ਰੁਟੀਨ ਲਾਈਫ ਵਿਚ ਕੋਈ ਫਰਕ ਨਹੀਂ ਆਇਆ ਹੈ। ਉਹ ਪਹਿਲਾਂ ਵਾਂਗ ਅਜੇ ਵੀ ਰੋਜ਼ਾਨਾ ਲੋਕਾਂ ਨੂੰ ਮਿਲਦੇ ਹਨ ਅਤੇ Àੁਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹਨ। ਚੋਣਾਂ ਨੇ ਉਨ੍ਹਾਂ ਦੀ ਸਿਹਤ ‘ਤੇ ਕੋਈ ਅਸਰ ਨਹੀਂ ਪਾਇਆ ਹੈ। ਉਨ੍ਹਾਂ ਦਾ ਭਾਰ ਪਹਿਲਾਂ ਵਰਗਾ ਹੀ ਹੈ। ਸਵੇਰੇ ਜਲਦੀ ਉੱਠਣ ਦੀ ਆਦਤ ਪਹਿਲਾਂ ਤੋਂ ਹੀ ਸੀ ਅਤੇ ਹੁਣ ਰਾਤ ਨੂੰ ਵੀ ਦੇਰ ਨਾਲ ਹੀ ਸੌਣ ਦੀ ਆਦਤ ਬਣ ਗਈ ਹੈ। ਇਥੋਂ ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਅਨੁਸਾਰ ਊਨ੍ਹਾਂ ਦਾ ਅੱਜ ਵੀ ਜ਼ਿਆਦਾ ਸਮਾਂ ਸਮਾਜਿਕ ਸਰੋਕਾਰਾਂ ਵਿਚ ਹੀ ਬੀਤ ਰਿਹਾ ਹੈ। ਪਹਿਲਾਂ ਵਾਂਗ ਹੀ ਲੋਕਾਂ ਨਾਲ ਮੁਲਾਕਾਤਾਂ ਦਾ ਦੌਰ ਜਾਰੀ ਹੈ। ਸਵੇਰੇ 5 ਵਜੇ ਉੱਠਦਾ ਸੀ, ਹੁਣ ਵੀ ਉਹੀ ਰੁਟੀਨ ਹੈ। ਰਾਤ ਦੇਰ ਨਾਲ ਸੌਣ ਦਾ ਉਹੀ ਸਮਾਂ ਹੈ। ਚੋਣਾਂ ਨੇ ਸਿਹਤ ‘ਤੇ ਕੋਈ ਅਸਰ ਨਹੀਂ ਪਾਇਆ ਹੈ, ਭਾਰ ਵੀ ਬਰਕਰਾਰ ਹੈ।
ਖਡੂਰ ਸਾਹਿਬ
ਅਕਾਲੀ-ਭਾਜਪਾ  ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਕਹਿੰਦੇ ਹਨ ਕਿ ਥੋੜ੍ਹੀ-ਬਹੁਤ ਥਕਾਵਟ ਤਾਂ ਹੋਵੇਗੀ ਹੀ, ਸਰੀਰਕ ਤੌਰ ‘ਤੇ ਫਿੱਟ ਹਾਂ। ਭਾਰ ਘੱਟ ਹੋਣ ਵਰਗੀ ਗੱਲ ਨਹੀਂ ਹੈ। ਸਵੇਰੇ-ਸ਼ਾਮ ਗੁਰਬਾਣੀ ਦਾ ਜਾਪ ਕਰਦੇ ਹਾਂ। ਬ੍ਰਹਮਪੁਰਾ ਚੰਡੀਗੜ੍ਹ ਵਿਚ ਆਰਾਮ ਫਰਮਾ ਰਹੇ ਹਨ। ਇਥੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਕਹਿੰਦੇ ਹਨ ਕਿ ਚੋਣਾਂ ਵਿਚ ਭੱਜ-ਦੌੜ ਦੇ ਕਾਰਨ ਥਕਾਵਟ ਹੋਵੇਗੀ ਹੀ, ਸਰੀਰਕ ਤੌਰ ‘ਤੇ ਫਿੱਟ ਹਾਂ, ਭਾਰ ਵੀ ਘੱਟ ਨਹੀਂ ਹੋਇਆ। ਗਿੱਲ ਅੰਮ੍ਰਿਤਸਰ ਵਿਚ ਰਹਿ ਰਹੇ ਹਨ ਅਤੇ ਜ਼ਰੂਰਤ ਪੈਣ ‘ਤੇ ਆਪਣੇ ਸ਼ਹਿਰ ਪੱਟੀ ਚਲੇ ਜਾਂਦੇ ਹਨ।
ਫਤਿਹਗੜ੍ਹ ਸਾਹਿਬ
ਅਕਾਲੀ- ਭਾਜਪਾ ਉਮੀਦਵਾਰ ਕੁਲਵੰਤ ਸਿੰਘ ਦੱਸਦੇ ਹਨ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦਾ ਤਕਰੀਬਨ ਸਾਢੇ 3 ਕਿਲੋ ਵਜ਼ਨ ਘਟ ਗਿਆ ਹੈ। ਹੁਣ ਉਹ ਆਪਣੇ ਬਿਜ਼ਨੈੱਸ ਨੂੰ ਦੇਖਣ ਦੇ ਨਾਲ-ਨਾਲ ਹਲਕੇ ਦੇ ਲੋਕਾਂ ਨੂੰ ਲਗਾਤਾਰ ਮਿਲ  ਰਹੇ ਹਨ। ਇਥੋਂ ਦੇ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਰੀਰ ਨੂੰ ਮਿਹਨਤ ਦੀ ਆਦਤ ਹੈ। ਵਜ਼ਨ ਵਲ ਉਨ੍ਹਾਂ ਨੇ ਧਿਆਨ ਹੀ ਨਹੀਂ ਦਿੱਤਾ। ਧਰਮਸੋਤ ਕਹਿੰਦੇ ਹਨ ਕਿ ਹਾਲੇ ਵੀ ਲੋਕਾਂ ਨਾਲ ਮੇਲ ਮਿਲਾਪ ਦਾ ਦੌਰ ਜਾਰੀ ਹੈ। 
ਸ੍ਰੀ ਆਨੰਦਪੁਰ ਸਾਹਿਬ
ਅਕਾਲੀ-ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਨਹੀਂ ਜਾਪਦਾ ਕਿ ਚੋਣਾਂ ਦੇ ਦੌਰਾਨ ਉਨ੍ਹਾਂ ਦਾ ਵਜ਼ਨ ਘੱਟ ਹੋਇਆ ਹੈ।ਦੂਜੇ ਪਾਸੇ  ਕਾਂਗਰਸੀ ਉਮੀਦਵਾਰ ਅੰਬਿਕਾ ਸੋਨੀ ਚੋਣ ਪ੍ਰਚਾਰ ਦੀ ਗਹਿਮਾ-ਗਹਿਮੀ ਵਿਚ ਹਾਲੇ ਵੀ ਮਸਰੂਫ ਹਨ, ਭਾਵੇਂ ਹੀ ਪੰਜਾਬ ਵਿਚ ਵੋਟਿੰਗ ਦਾ ਕੰਮ ਖਤਮ ਹੋ ਚੁੱਕਾ ਹੈ। ਪਾਰਟੀ ਦੀ ਉੱਚ ਪੱਧਰੀ ਟੀਮ ਦਾ ਹਿੱਸਾ ਹੋਣ ਕਾਰਨ ਅੰਬਿਕਾ ਸੋਨੀ ਪ੍ਰਚਾਰ ਦੇ ਆਖਰੀ ਪੜਾਵਾਂ ਨਾਲ ਸੰਬੰਧਿਤ ਪ੍ਰਚਾਰ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਮਾਂ ਮਿਲਦੇ ਹੀ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਜਾਣੂ ਕਰਵਾ ਕੇ ਅਗਲੀ ਸਰਕਾਰ ਆਉਣ ‘ਤੇ ਉਨ੍ਹਾਂ ਨੂੰ ਦੂਰ ਕਰਵਾਉਣ ਦਾ ਵਾਅਦਾ ਵੀ ਕਰ ਲਿਆ ਹੈ। 
ਫਰੀਦਕੋਟ
ਸੰਸਦ ਮੈਂਬਰ  ਅਤੇ ਅਕਾਲੀ-ਭਾਜਪਾ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਕਹਿੰਦੇ ਹਨ ਕਿ ਰਾਜ ਨੇਤਾਵਾਂ ਨੂੰ ਆਰਾਮ ਕਰਨ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਉਨ੍ਹਾਂ ਨੂੰ ਹਰ ਦਿਨ ਹੀ ਆਪਣੇ ਹਲਕੇ ਵਿਚ ਲੋਕਾਂ ਨੂੰ ਮਿਲਣਾ ਪੈਂਦਾ ਹੈ। ਚੋਣ ਪ੍ਰਚਾਰ ਦੌਰਾਨ ਕੰਮ ਦਾ ਸਮਾਂ ਕਈ ਘੰਟੇ ਵਧ ਜਾਂਦਾ ਹੈ। ਗੁਲਸ਼ਨ ਨੇ ਦੱਸਿਆ ਕਿ ਉਮੀਦ ਦੇ ਉਲਟ ਮੇਰਾ ਭਾਰ 3 ਕਿਲੋ ਵਧ ਗਿਆ ਹੈ। ਗੁਲਸ਼ਨ ਇਸ ਦਾ ਕਾਰਨ ਲੋਕਾਂ ਵਲੋਂ ਪ੍ਰਚਾਰ ਦੌਰਾਨ ਦਿੱਤੇ ਗਏ ਬਿਆਨ ਅਤੇ ਲਗਾਤਾਰ  ਦੁੱਧ-ਚਾਹ ਦੇ ਸੇਵਨ ਨੂੰ ਦੱਸਦੀ ਹੈ। ਕਾਂਗਰਸ  ਦੇ ਉਮੀਦਵਾਰ ਜੁਗਿੰਦਰ ਸਿੰਘ ਪੰਜਗਰਾਈਂ ਕਹਿੰਦੇ ਹਨ ਕਿ ਲੋਕਾਂ ਨੂੰ ਰੋਜ਼ਾਨਾ ਮਿਲਣ ਦੀ ਆਦਤ ਹੈ ਪਰ ਚੋਣ ਪ੍ਰਚਾਰ ਦੌਰਾਨ ਸਫਰ ਬੇਕਾਬੂ ਅਤੇ ਜ਼ਿਆਦਾ ਹੋ ਜਾਂਦਾ ਹੈ। ਪੰਜਗਰਾਈਂ ਮੁਤਾਬਕ ਉਨ੍ਹਾਂ ਦੇ ਸਰੀਰ ਨੂੰ ਸਖਤ ਮਿਹਨਤ ਦੀ ਆਦਤ ਹੈ। ਫਿਰ ਵੀ ਤਕਰੀਬਨ ਸਵਾ ਕਿਲੋ ਭਾਰ ਘੱਟ ਹੋਇਆ।
ਜਲੰਧਰ
ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਦਾ ਚੋਣਾਂ ਦੀ ਦੌੜ ਭੱਜ ਦੌਰਾਨ ਵਜ਼ਨ ਘਟਣ ਦੀ ਥਾਂ ‘ਤੇ ਉਲਟਾ 4 ਕਿਲੋ ਵਧ ਗਿਆ ਹੈ। ਚੌਧਰੀ ਦੇ ਕਹਿਣ ਅਨੁਸਾਰ ਚੋਣਾਂ ਦੌਰਾਨ ਉਹ ਕਸਰਤ ਵਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਸਕੇ, ਜਿਨ੍ਹਾਂ ਕਾਰਨ ਉਨ੍ਹਾਂ ਦਾ ਵਜ਼ਨ 68 ਕਿਲੋ ਤੋਂ ਵਧ 72 ਕਿਲੋ ਹੋ ਗਿਆ ਹੈ। 
ਦੂਜੇ ਪਾਸੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪਵਨ ਟੀਨੂੰ ਦਾ ਵਜ਼ਨ ਚੋਣਾਂ ਤੋਂ ਪਹਿਲਾਂ ਵੀ 82 ਕਿਲੋ ਸੀ ਅਤੇ ਹੁਣ ਵੀ  82 ਕਿਲੋ ਹੈ।

468 ad