ਤੰਗ ਨਜ਼ਰੀ ਤਿਆਗੋ, ਸਹਿਣਸ਼ੀਲਤਾ ਅਪਣਾਓ, ਤੇ ਪੰਥ ਬਚਾਓ- ਭਾਈ ਗਜਿੰਦਰ ਸਿੰਘ, ਦਲ ਖਾਲਸਾ

16ਫਰੀਦਕੋਟ , 19 ਮਈ ( ਪੀਡੀ ਬੇਉਰੋ ) ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਉਤੇ ਕਾਤਲਾਨਾ ਹਮਲਾ ਬਹੁਤ ਅਫਸੋਸਨਾਕ ਹੈ । ਭਾਵੇਂ ਹੱਥ ਕਿਸੇ ਦੇ ਵੀ ਹੋਣ, ਇਹ ਖੇਡ ਭਾਰਤੀ ਏਜੰਸੀਆਂ ਦੀ ਹੈ । ਪਿੱਛਲੇ ਕਾਫੀ ਸਮੇਂ ਤੋਂ ਭਾਰਤੀ ਏਜੰਸੀਆਂ ਸਿੱਖਾਂ ਦੇ ਧਾਰਮਿੱਕ ਵਿਵਾਦਾਂ ਨੂੰ ਟੱਕਰਾਓ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਦਿਖਾਈ ਦਿੰਦੀਆਂ ਸਨ । ਗੁਰੂਘਰਾਂ ਵਿੱਚ ਚੱਲ ਰਹੇ ਛੋਟੇ ਛੋਟੇ ਝਗੜਿਆਂ ਨੂੰ ਹੁਣ ਉਹਨਾਂ ਖੂਨੀ ਟੱਕਰਾਓ ਵਿੱਚ ਬਦਲਣ ਦੀ ਇੱਕ ਕੋਸ਼ਿਸ ਕੀਤੀ ਹੈ । ਦਾਸ ਬਾਰ ਬਾਰ ਇਹ ਲਿੱਖਦਾ ਆ ਰਿਹਾ ਹੈ ਕਿ ਵਿਚਾਰਾਂ ਵਿੱਚ ਫਰਕ ਹੋਣਾ ਕੋਈ ਵੱਡੀ ਗੱਲ ਨਹੀਂ ਹੁੰਦੀ । ਸਾਨੂੰ ਇੱਕ ਸਮਝਦਾਰ ਕੌਮ ਵਾਂਗ ਆਪਣੇ ਵਿਚਾਰਕ ਮੱਤਭੇਦਾਂ ਨੂੰ ਸੁਲਝਾਉਣ ਵਾਲੇ ਪਾਸੇ ਪੈਣਾ ਚਾਹੀਦਾ ਹੈ । ਜਦੋਂ ਤੱਕ ਮਸਲੇ ਨਹੀਂ ਸੁਲਝਦੇ ਸਾਨੂੰ ਬਰਦਾਸ਼ਤ ਕਰਨ ਦੀ ਆਦਤ ਪਾਣੀ ਚਾਹੀਦੀ ਹੈ । ਸਾਡੀ ਸੰਪਰਦਾਇਕ ਤੰਗ ਨਜ਼ਰੀ, ਤੇ ਅਸਹਿਣਸ਼ੀਲਤਾ ਨੇ ਸਾਡੀਆਂ ਦੁਸ਼ਮਣ ਤਾਕਤਾਂ ਨੂੰ ਸਾਡੇ ਵਿੱਚ ਖੂਨ ਖਰਾਬਾ ਕਰਵਾਣ ਦਾ ਮੌਕਾ ਦੇਣਾ ਹੈ । ਜਿਸ ਦਾ ਡਰ ਸੀ, ਕੱਲ ਉਹੀ ਹੋਇਆ ਹੈ । ਕੁੱਝ ਦਿਨ ਤੋਂ ਬਾਬਾ ਢੱਡਰੀਆਂਵਾਲੇ ਤੇ ਬਾਬਾ ਧੁੰਮਾਂ ਦੇ ਇੱਕ ਦੂਜੇ ਦੇ ਖਿਲਾਫ ਬਿਆਨ ਪੜ੍ਹਨ ਨੂੰ ਮਿੱਲ ਰਹੇ ਸਨ । ਇਹਨਾਂ ਵਿਵਾਦਾਂ ਦਾ ਫਾਇਦਾ ਕਿਸ ਪੰਥ ਦੁਸ਼ਮਣ ਤਾਕਤ ਨੇ ਚੁਕਿਆ ਹੋਣਾ ਹੈ, ਸਮਝ ਸੱਭ ਨੂੰ ਪੈਂਦੀ ਹੈ, ਭਾਵੇਂ ਸਬੂਤ ਕਿਸੇ ਕੋਲ ਨਾ ਹੋਵੇ ।

ਇਹੋ ਜਿਹੇ ਕੇਸਾਂ ਦੀਆਂ ਸਰਕਾਰੀ ਤਫਤੀਸਾਂ ਵਿੱਚ ਅਸਲ ਸੱਚ ਕਦੇ ਬਹੁਤ ਘੱਟ ਹੀ ਸਾਹਮਣੇ ਆਇਆ ਹੈ । ਬਾਬਾ ਧੁੰਮਾਂ ਜੀ ਤੇ ਬਾਬਾ ਢੱਡਰੀਆਂਵਾਲੇ ਦੋਹਾਂ ਨੂੰ ਚਾਹੀਦਾ ਹੈ ਕਿ ਕੌਮੀ ਸੂਝ ਬੂਝ ਤੋਂ ਕੰਮ ਲੈਣ ਤੇ ਆਪਣੇ ਮਸਲੇ ਪੰਥ ਤੇ ਕੌਮ ਦੇ ਅੰਦਰ ਦੇ ਮਸਲਿਆਂ ਵਾਂਗ ਹੱਲ ਕਰ ਲੈਣ । ਦਾਸ ਅਕਸਰ ਇਹਨਾਂ ਸੱਜਣਾ ਨਾਲ ਵੱਖ ਵੱਖ ਵਿਸ਼ਿਆਂ ਤੇ ਆਪਣੀ ਅਸਹਿਮੱਤੀ ਪਰਗਟ ਕਰਦਾ ਰਹਿੰਦਾ ਹੈ, ਪਰ ਇਹ ਕਹਿਣ ਵਿੱਚ ਕੋਈ ਵੀ ਝਿਜਕ ਨਹੀਂ ਹੈ ਕਿ ਪੰਥ ਦੇ ਦਾਇਰੇ ਅੰਦਰ ਰਹਿਣ ਵਾਲੇ ਕਿਸੇ ਵੀ ਸੱਜਣ ਜਾਂ ਸੰਸਥਾ ਨਾਲ ਦੁਸ਼ਮਣੀ ਦੀ ਸੋਚ ਨੂੰ ਕਦੇ ਨੇੜੇ ਵੀ ਨਹੀਂ ਲੱਗਣ ਦਿੱਤਾ । ਦੁਸ਼ਮਣ ਸਾਡਾ ਸਿਰਫ ਇੱਕ ਹੈ, ਤੇ ਉਹ ਹੈ ਦਿੱਲੀ ਦਰਬਾਰ, ਉਸ ਤੇ ਕਾਬਜ਼ ਭਾਵੇਂ ਕਾਂਗਰਸ ਹੋਵੇ ਜਾਂ ਬੀਜੇਪੀ । ਸਾਡੀ ਕੋਮੀ ਆਜ਼ਾਦੀ ਦਾ ਦੁਸ਼ਮਣ ਹੀ ਕੇਵਲ ਸਾਡਾ ਦੁਸ਼ਮਣ ਹੈ । ਅੰਦਰ ਦੇ ਵਿਵਾਦਾਂ ਤੇ ਬਹਿਸਿਆ ਤਾਂ ਜਾ ਸਕਦਾ ਹੈ, ਪਰ ਕਤਲੋ ਗਾਰਤ ਨਹੀਂ ਕੀਤੀ ਜਾ ਸਕਦੀ । ਕੱਲ ਸ਼੍ਰੋਮਣੀ ਕਮੇਟੀ ਦੇ ਜੱਥੇਦਾਰਾਂ ਦਾ ਇੱਕ ਫੈਸਲਾ ਪੜ੍ਹਨ ਸੁਣਨ ਨੂੰ ਮਿਲਿਆ ਸੀ ਕਿ ਉਹਨਾਂ ਸ਼੍ਰੋਮਣੀ ਕਮੇਟੀ ਨੂੰ ਸਾਰੇ ਗੁਰਮੱਤ ਕਾਲਜਾਂ ਤੇ ਮਿਸ਼ਨਰੀ ਕਾਲਜਾਂ ਦਾ ਸਲੇਬਸ ਇੱਕ ਕਰਨ ਦੇ ਆਦੇਸ਼ ਦਿੱਤੇ ਹਨ । ਜਿੱਥੋਂ ਤੱਕ ਦਾਸ ਨੂੰ ਪਤਾ ਹੈ, ਗੁਰਮੱਤ ਕਾਲਜ ਤੇ ਮਿਸ਼ਨਰੀ ਕਾਲਜ ਸ਼ੁਰੂ ਤੋਂ ਹੀ ਅਕਾਲ ਤਖੱਤ ਸਾਹਿਬ ਦੀ ਪੰਥ ਪ੍ਰਵਾਨਤ ਮਰਿਯਾਦਾ ਦੇ ਅਨੁਸਾਰ ਚੱਲਦੇ ਆਏ ਹਨ । ਅਗਰ ਕਿਸੇ ਨੇ ਇਸ ਮਰਿਯਾਦਾ ਤੋਂ ਕੋਈ ਬਾਹਰੀ ਗੱਲ ਕੀਤੀ ਹੈ, ਤਾਂ ਉਹ ਦਰੁਸਤ ਨਹੀਂ ਹੈ, ਤੇ ਉਹਨਾਂ ਨੂੰ ਕੌਮ ਦੇ ਕਿਸੇ ਅਗਲੇ ਸਾਂਝੇ ਫੈਸਲੇ ਤੱਕ ਪਹਿਲੀ ਪ੍ਰਵਾਨਤ ਮਰਿਯਾਦਾ ਅਨੁਸਾਰ ਹੀ ਚੱਲਣਾ ਚਾਹੀਦਾ ਹੈ ।

ਧਾਰਮਿੱਕ ਮਾਮਲਿਆਂ ਵਿੱਚ ਸੋਚਾਂ ਵਿਚ ਫਰਕ ਦੇ ਬਾਵਜੂਦ ਵੱਖਰੇ ਵੱਖਰੇ ਰਾਗ ਅਲਾਪਣੇ ਕਿਸੇ ਵੀ ਤਰ੍ਹਾਂ ਕੌਮ ਦੇ ਹਿੱਤ ਵਿੱਚ ਨਹੀਂ ਹੈ । ‘ਜੱਥੇਦਾਰ ਸਾਹਿਬਾਨ’ ਨੂੰ ਇਸ ਅਦੇਸ਼ ਵਿੱਚ ਸਾਰੇ ਡੇਰਿਆਂ, ਸੰਪਰਦਾਵਾਂ ਤੇ ਜਥਿਆਂ ਨੂੰ ਪਹਿਲਾਂ ਸ਼ਾਮਿਲ ਕਰਨਾ ਚਾਹੀਦਾ ਹੈ, ਜੇ ਉਹ ਸੱਚਮੁਚ ਕੌਮ ਵਿੱਚ ਪਈਆਂ ਧਾਰਮਿੱਕ ਵੰਡੀਆਂ ਦੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਹਨ । ਜਦੋਂ ਤੱਕ ਡੇਰੇ, ਸੰਪਰਦਾਵਾਂ, ਤੇ ਜੱਥੇ ਆਪੋ ਆਪਣੀ ਮਰਿਯਾਦਾ ਨੂੰ ਪੰਥ ਦੀ ਪਰਵਾਨਤ ਮਰਿਯਾਦਾ ਨਾਲ ਇੱਕਸੁਰ ਨਹੀਂ ਕਰਦੇ, ਕਿਸੇ ਮਸਲੇ ਨੇ ਹਲ ਨਹੀਂ ਹੋਣਾ । ਕੇਵਲ ਗੁਰਮੱਤ ਕਾਲਜਾਂ ਤੇ ਮਿਸ਼ਨਰੀ ਕਾਲਜਾਂ ਦੇ ਖਿਲਾਫ ਆਦੇਸ਼ ਦੇ ਕੇ ‘ਜੱਥੇਦਾਰ ਸਾਹਿਬਾਨ’ ਨੇ ਇੱਕਪਾਸੜ ਗੱਲ ਕੀਤੀ ਹੈ, ਇਨਸਾਫ ਦੀ ਗੱਲ ਨਹੀਂ ਕੀਤੀ । ਕੌਮ ਕੇਵਲ ਉਸੀ ਆਦੇਸ਼ ਨੂੰ ਮੰਨਦੀ ਆਈ ਹੈ, ਜੋ ਸਾਂਝੇ ਕੌਮੀ ਹਿੱਤ ਵਿੱਚ ਹੁੰਦਾ ਹੈ, ਇੱਕਪਾਸੜ ਸੋਚ ਦਾ ਮੁਜ਼ਾਹਰਾ ਕਰਨ ਵਾਲੇ ਆਦੇਸ਼ ਤਾਂ ਕੇਵਲ ਫਾਈਲਾਂ ਦਾ ਸ਼ਿੰਘਾਰ ਹੀ ਬਣੇ ਰਹਿੰਦੇ ਹਨ । ‘ਜੱਥੇਦਾਰ’ ਅਖਵਾਉਣ ਨਾਲ ਕੋਈ ਜੱਥੇਦਾਰ ਨਹੀਂ ਸਵੀਕਾਰਿਆ ਜਾਂਦਾ, ਆਪਣੀ ਬੁਲੰਦ ਸੋਚ, ਤੇ ਜੁਅਰੱਤ ਕਾਰਨ ਸਵੀਕਾਰਿਆ ਜਾਂਦਾ ਹੈ । ਪਹਿਲਾਂ ਉਸ ਬੁਲੰਦੀ ਤੇ ਪਹੁੰਚੋ, ਜਿੱਥੋਂ ਤੁਹਾਨੂੰ ਕੌਮ ਦਾ ਹਰ ਵਿਅਕਤੀ ਤੇ ਹਰ ਧਿਰ ਇੱਕ ਬਰਾਬਰ ਦਿਖਾਈ ਦਿੰਦੀ ਹੋਵੇ, ਫਿਰ ਆਦੇਸ਼ ਦੇਣਾ ।

468 ad

Submit a Comment

Your email address will not be published. Required fields are marked *