ਤੋਤਾ ਸਿੰਘ ਸਮੇਤ 12 ‘ਤੇ ਦੋਸ਼ ਤੈਅ

ਤੋਤਾ ਸਿੰਘ ਸਮੇਤ 12 'ਤੇ ਦੋਸ਼ ਤੈਅ

**134 ਕਲਰਕਾਂ ਦੀ ਭਰਤੀ ਦਾ ਘਪਲਾ**

ਪੰਜਾਬ ਸਕੂਲ ਸਿੱਖਿਆ ਬੋਰਡ ਦੇ 134 ਕਲਰਕ ਘਪਲੇ ਦੇ ਮਾਮਲੇ ਵਿਚ ਮੋਹਾਲੀ ਦੀ ਅਦਾਲਤ ਨੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ, ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ ਅਤੇ ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ ਸਮੇਤ 12 ਵਿਅਕਤੀਆਂ ‘ਤੇ ਦੋਸ਼ ਤੈਅ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਮਈ ਨੂੰ ਹੋਵੇਗੀ। ਅਦਾਲਤ ਨੇ ਅਗਲੀ ਪੇਸ਼ੀ ‘ਤੇ ਇਸ ਮਾਮਲੇ ਦੇ ਮੁੱਖ ਗਵਾਹ ਅਤੇ ਬੋਰਡ ਦੇ ਹੀ ਸੰਯੁਕਤ ਸਕੱਤਰ ਅਹੁਦੇ ਤੋਂ ਰਿਟਾਇਰ ਹੋਏ ਓਮ ਪ੍ਰਕਾਸ਼ ਸੋਨੀ ਨੂੰ ਗਵਾਹੀ ਲਈ ਬੁਲਾਇਆ ਹੈ।ਜ਼ਿਕਰਯੋਗ ਹੈ ਕਿ ਸਾਲ 2001 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ 134 ਕਲਰਕਾਂ ਦੀ ਭਰਤੀ ਕੀਤੀ ਗਈ ਸੀ। ਇਸ ਭਰਤੀ ਨੂੰ ਲੈ ਕੇ ਇਹ ਦੋਸ਼ ਲਗਾਏ ਗਏ ਸਨ ਕਿ ਕਥਿਤ ਤੌਰ ‘ਤੇ ਆਪਣੇ ਚਹੇਤਿਆਂ ਨੂੰ ਭਰਤੀ ਕਰਨ ਲਈ ਟਾਈਪ ਟੈਸਟ ਅਤੇ ਇੰਟਰਵਿਊ ਦੇ ਅੰਕਾਂ ਵਿਚ ਫੇਰਬਦਲ ਕੀਤਾ ਗਿਆ ਹੈ। 21 ਦਸੰਬਰ 2001 ਨੂੰ ਕਲਰਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। 22 ਅਤੇ 23 ਦਸੰਬਰ ਨੂੰ ਛੁੱਟੀ ਦਾ ਦਿਨ ਸੀ ਅਤੇ 24 ਦਸੰਬਰ ਨੂੰ 12 ਵਜੇ ਤੋਂ ਪਹਿਲਾਂ ਸਾਰੇ ਕਲਰਕਾਂ ਨੂੰ ਨੌਕਰੀ ਜੁਆਇੰਨ ਕਰਵਾ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਕਿਸੇ ਵੀ ਕਰਮਚਾਰੀ ਦੇ ਜੁਆਇੰਨ ਕਰਨ ਤੋਂ ਪਹਿਲਾਂ ਬੋਰਡ ਦੇ ਕੈਸ਼ੀਅਰ ਕੋਲ ਫੀਸ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਬੋਰਡ ਦਾ ਡਾਕਟਰ ਕਰਮਚਾਰੀ ਦਾ ਮੈਡੀਕਲ ਕਰਦਾ ਹੈ ਪਰ ਇਸ ਮਾਮਲੇ ਵਿਚ ਸਾਰੇ ਕਰਮਚਾਰੀਆਂ ਨੂੰ 12 ਵਜੇ ਤੋਂ ਪਹਿਲਾਂ ਮੈਡੀਕਲ ਕਲੀਅਰੈਂਸ ਦੇ ਦਿੱਤੀ ਗਈ ਸੀ। ਦੋਸ਼ ਸੀ ਕਿ ਇਕ ਡਾਕਟਰ 2 ਘੰਟੇ ਵਿਚ ਇੰਨੇ ਕਰਮਚਾਰੀਆਂ ਦਾ ਮੈਡੀਕਲ ਕਿਵੇਂ ਕਰ ਸਕਦਾ ਹੈ। ਸੱਤਾ ਤਬਦੀਲੀ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੇ ਹੀ ਇਹ ਕਥਿਤ ਘੋਟਾਲਾ ਉਜਾਗਰ ਹੋਇਆ। ਤਤਕਾਲੀਨ ਸਿੱਖਿਆ ਮੰਤਰੀ ਤੋਤਾ ਸਿੰਘ, ਯੂਨੀਅਨ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਸਿੱਧੂ, ਸਾਬਕਾ ਸਕੱਤਰ ਪਵਿੱਤਰ ਪਾਲ ਕੌਰ, ਕਰਨਲ ਜੋਰਾ ਸਿੰਘ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਰਿਟਾਇਰ ਓ. ਐੱਸ. ਡੀ. ਤੀਰਥ ਸਿੰਘ ਨੂੰ ਦੋਸ਼ੀ ਬਣਾ ਕੇ ਇਹ ਮਾਮਲਾ ਦਾਇਰ ਹੋਇਆ ਸੀ। ਬੋਰਡ ਦੇ ਹੀ ਅਧਿਕਾਰੀ ਓਮ ਪ੍ਰਕਾਸ਼ ਸੋਨੀ ਨੇ 17 ਅਪ੍ਰੈਲ 2012 ਨੂੰ ਅਦਾਲਤ ਵਿਚ ਅਰਜ਼ੀ ਦੇ ਕੇ ਕਿਹਾ ਸੀ ਕਿ ਇਨ੍ਹਾਂ 6 ਵਿਅਕਤੀਆਂ ਤੋਂ ਇਲਾਵਾ ਦੂਜੇ 6 ਵਿਅਕਤੀਆਂ ਨੂੰ ਵੀ ਇਸ ਮਾਮਲੇ ਵਿਚ ਦੋਸ਼ੀ ਦੇ ਤੌਰ ‘ਤੇ ਸ਼ਾਮਲ ਕੀਤਾ ਜਾਵੇ, ਜਿਨ੍ਹਾਂ ਵਿਚ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ, ਟਾਈਪ ਟੈਸਟ ਕਮੇਟੀ ਦੇ ਮੈਂਬਰ ਅਮਰ ਸਿੰਘ, ਵਰਿੰਦਰ ਕੁਮਾਰ, ਮਹਿੰਦਰ ਸਿੰਘ ਕਰੀਰ, ਤੇਜਰਾਮ ਗੋਇਲ, ਮੇਜਰ ਚਰਨਜੀਤ ਸਿੰਘ ਮੀਲੂ ਅਤੇ ਅਮਰਜੀਤ ਸਿੰਘ ਮੁਲਤਾਨੀ ਦੇ ਨਾਮ ਸ਼ਾਮਲ ਸਨ।  ਅਦਾਲਤ ਨੇ ਦਸੰਬਰ 2013 ਵਿਚ ਇਸ ਅਰਜ਼ੀ ਦੇ ਆਧਾਰ ‘ਤੇ ਉਕਤ 6 ਵਿਅਕਤੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਾਰੇ 12 ਵਿਅਕਤੀਆਂ ‘ਤੇ ਦੋਸ਼ ਤੈਅ ਕਰਦੇ ਹੋਏ ਮੁੱਖ ਗਵਾਹ ਓਮ ਪ੍ਰਕਾਸ਼ ਸੋਨੀ ਨੂੰ 14 ਮਈ ਨੂੰ ਗਵਾਹੀ ਲਈ ਬੁਲਾਇਆ ਹੈ।

468 ad