ਤਲਵੰਡੀ ਸਾਬੋ ਤੇ ਪਟਿਆਲਾ ਚੋਣ ਵੀ ਵਿਕਾਸ ਦੇ ਮੁੱਦੇ ‘ਤੇ ਹੀ ਲੜੀ ਜਾਵੇਗੀ : ਸੁਖਬੀਰ

ਤਲਵੰਡੀ ਸਾਬੋ ਤੇ ਪਟਿਆਲਾ ਚੋਣ ਵੀ ਵਿਕਾਸ ਦੇ ਮੁੱਦੇ 'ਤੇ ਹੀ ਲੜੀ ਜਾਵੇਗੀ : ਸੁਖਬੀਰ

ਵੱਕਾਰੀ ਬਣ ਚੁੱਕੀ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਮੰਤਰੀਆਂ, ਐੱਮ. ਪੀਜ਼. ਤੇ ਸੰਸਦੀ ਸਕੱਤਰਾਂ ਨੂੰ ਇਥੇ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਗਈ ਹੈ ਕਿ ਉਹ 21 ਅਗਸਤ ਤੱਕ ਆਪਣੇ ਘਰਾਂ ਦਾ ਰਾਹ ਭੁੱਲ ਕੇ ਆਪੋ-ਆਪਣੀਆਂ ਜ਼ੋਨਾਂ ਵਿਚ ਹੀ ਡਿਊਟੀਆਂ ਨਿਭਾਉਣ। ਸੁਭਾਵਿਕ ਹੈ ਕਿ ਵਿਰੋਧੀ ਹੁਣ ਅਕਾਲੀ-ਭਾਜਪਾ ਸਰਕਾਰ ‘ਤੇ ਸੱਤਾ ਦੀ ਨਾਜਾਇਜ਼ ਵਰਤੋਂ ਦਾ ਦੋਸ਼ ਵੀ ਲਗਾਉਣਗੇ। ਅੱਜ ਇਥੇ ਚੋਣ ਰੈਲੀਆਂ ਦੀ ਸ਼ੁਰੂਆਤ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜੀਤ ਪੈਲੇਸ ਵਿਚ 8 ਜ਼ਿਲਿਆਂ ਦੇ ਵਿਸ਼ੇਸ਼ ਆਗੂਆਂ ਨਾਲ ਮੀਟਿੰਗ ਕਰਦਿਆਂ ਐਲਾਨ ਕੀਤਾ ਕਿ ਤਲਵੰਡੀ ਸਾਬੋ ਹਲਕੇ ਨੂੰ 13 ਜ਼ੋਨਾਂ ਵਿਚ ਵੰਡਿਆ ਗਿਆ ਹੈ, ਜਿਥੇ ਹਰੇਕ ਜ਼ੋਨ ਦਾ ਇੰਚਾਰਜ ਕੋਈ ਵੱਡਾ ਆਗੂ ਹੋਵੇਗਾ। ਜਿਵੇਂ ਕਿ ਜ਼ੋਨ-1 ਤਲਵੰਡੀ ਸਾਬੋ ‘ਚ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ੋਨ-2 ਰਾਮਾਂ ਮੰਡੀ ‘ਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਜ਼ੋਨ-3 ਨਸੀਬਪੁਰਾ ‘ਚ ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ, ਜ਼ੋਨ-4 ਸ਼ੇਖਪੁਰਾ ‘ਚ ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸਕੱਤਰ, ਜ਼ੋਨ-6 ਲਹਿਰੀ ‘ਚ ਬਲਵਿੰਦਰ ਸਿੰਘ ਭੂੰਦੜ ਐੱਮ. ਪੀ. ਅਤੇ ਸ਼ੇਰ ਸਿੰਘ ਘੁਬਾਇਆ ਐੱਮ. ਪੀ., ਜ਼ੋਨ-7 ਭਾਗੀਵਾਂਦਰ ‘ਚ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਜ਼ੋਨ-8 ਤਿਊਣਾ ਪੁਜਾਰੀਆਂ ‘ਚ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ,  ਜ਼ੋਨ-9 ਮਲਕਾਣਾ ‘ਚ ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ,  ਜ਼ੋਨ-10 ਬੰਗੀ ਰੁਲਦੂ ‘ਚ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ,  ਜ਼ੋਨ-11 ਪੱਕਾ ਕਲਾਂ ‘ਚ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਜ਼ੋਨ-12 ਸੁਖਲੱਧੀ ‘ਚ ਪੀ. ਡਬਲਿਊ. ਡੀ. ਮੰਤਰੀ ਜਨਮੇਜਾ ਸਿੰਘ ਸੇਖੋਂ, ਜ਼ੋਨ-13 ਮੱਲਵਾਲਾ ‘ਚ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਤਾਇਨਾਤ ਕੀਤਾ ਗਿਆ ਹੈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਮੁੱਦਾ ਹਮੇਸ਼ਾ ਸੂਬੇ ਦਾ ਵਿਕਾਸ ਰਿਹਾ ਹੈ, ਇਸ ਲਈ ਹੁਣ ਪਟਿਆਲਾ ਅਤੇ ਤਲਵੰਡੀ ਸਾਬੋ ਜ਼ਿਮਨੀ ਚੋਣ ਲਈ ਵੀ ਵਿਕਾਸ ਨੂੰ ਹੀ ਮੁੱਦਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਪੱਲੇ ਪਹਿਲਾਂ ਵੀ ਕੁਝ ਨਹੀਂ ਸੀ ਤੇ ਹੁਣ ਵੀ ਕੁਝ ਨਹੀਂ ਹੈ, ਜਿਸਨੂੰ ਵੋਟਰ ਪਹਿਲਾਂ ਹੀ ਨਕਾਰ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਗੁੰਮਰਾਹ ਹੋ ਕੇ ਉਕਤ ਨੂੰ ਵੋਟਾਂ ਪਾ ਦਿੱਤੀਆਂ ਸਨ, ਪਰ ਹੁਣ ਉਨ੍ਹਾਂ ਦਾ ਭੁਲੇਖਾ ਦੂਰ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਪਾਰਟੀ ਦਾ ਤਾਂ ਵਜੂਦ ਹੀ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਦਰਅਸਲ ਇਹ ਜ਼ਿਮਨੀ ਚੋਣਾਂ 2017 ਦੀ ਸਰਕਾਰ ਦਾ ਮੁੱਢ ਬੰਨ੍ਹਣਗੀਆਂ। ਪਾਰਟੀ ਵਿਚ ਫੁੱਟ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ, ਸਾਰੇ ਆਗੂ ਇਕਮੁੱਠ ਹੋ ਕੇ ਚੱਲ ਰਹੇ ਹਨ। ਇਸ ਮੌਕੇ ਪੀ. ਡਬਲਿਊ. ਡੀ. ਬੀ. ਐਂਡ ਆਰ. ਮੰਤਰੀ ਜਨਮੇਜਾ ਸਿੰਘ ਸੇਖੋਂ, ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਤੇ ਹੋਰ ਆਗੂ ਮੌਜ਼ੂਦ ਸਨ।


ਮੁੱਖ ਦਫਤਰਾਂ ‘ਚ ਡਾ. ਚੀਮਾ, ਚੰਨੀ, ਸਿੱਧਵਾਂ ਤੇ ਬਰਾੜ ਨੇ ਸੰਭਾਲੀ ਡਿਊਟੀ
ਸ਼੍ਰੋਮਣੀ ਅਕਾਲੀ ਦਲ ਨੇ ਤਲਵੰਡੀ ਸਾਬੋ ਤੇ ਪਟਿਆਲਾ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਇਨ੍ਹਾਂ ਦੋਵਾਂ ਥਾਵਾਂ ‘ਤੇ ਬਣਾਏ ਗਏ ਪਾਰਟੀ ਦੇ ਮੁੱਖ ਦਫਤਰਾਂ ਦਾ ਕੰਮਕਾਰ ਚਲਾਉਣ ਦੀ ਜ਼ਿੰਮੇਵਾਰੀ ਪਟਿਆਲਾ ਵਿਚ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਤੇ ਜ਼ਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਜਥੇਦਾਰ ਗੁਰਚਰਨ ਸਿੰਘ ਚੰਨੀ ਅਤੇ ਤਲਵੰਡੀ ਸਾਬੋ ਵਿਚ ਸੀਨੀਅਰ ਅਕਾਲੀ ਤੇਜ਼ਤਰਾਰ ਆਗੂਆਂ ਪਰਮਜੀਤ ਸਿੰਘ ਸਿੱਧਵਾਂ ਤੇ ਚਰਨਜੀਤ ਸਿੰਘ ਬਰਾੜ (ਦੋਵੇਂ ਸਲਾਹਕਾਰ ਸੁਖਬੀਰ ਬਾਦਲ) ਨੂੰ ਸੰਭਾਲੀ ਗਈ ਹੈ। ਇਨ੍ਹਾਂ ਆਗੂਆਂ ਨੇ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਵਿਧਾਨ ਸਭਾ ਤੇ ਸ਼੍ਰੋਮਣੀ ਕਮੇਟੀ ਚੋਣਾਂ ਸਮੇਂ ਅਤੇ ਮੋਗਾ ਦੀ ਜ਼ਿਮਨੀ ਚੋਣ ਸਮੇਂ ਵੀ ਪਾਰਟੀ ਦੇ ਮੁੱਖ ਦਫਤਰਾਂ ਦਾ ਕੰਮਕਾਰ ਸੰਭਾਲਿਆ ਸੀ।

468 ad