ਟਾਈਟਲਰ ਬਾਰੇ ਫੈਸਲਾ ਸਾਰੀਆਂ ਪੰਥਕ ਧਿਰਾਂ ਦੀ ਰਾਇ ਲੈ ਕੇ ਕੀਤਾ ਜਾਵੇ : ਜੀ. ਕੇ.

3ਨਵੀਂ ਦਿੱਲੀ , 7 ਮਈ ( ਜਗਦੀਸ਼ ਬਾਮਬਾ ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੱਕ ਵਫ਼ਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵਲੋਂ ਜਥੇਦਾਰ ਨੂੰ ਮਿਲਣ ਦੀ ਕੀਤੀ ਗਈ ਪੇਸ਼ਕਸ਼ ਦੇ ਸਾਹਮਣੇ ਆਏ ਖੁਲਾਸੇ ਨੂੰ ਲੈ ਕੇ ਮੁਲਾਕਾਤ ਕੀਤੀ। ਦਿੱਲੀ ਫੇਰੀ ਦੌਰਾਨ ਮਾਤਾ ਗੁਜ਼ਰੀ ਨਿਵਾਸ ਵਿਖੇ ਠਹਿਰੇ ਜਥੇਦਾਰ ਨੂੰ ਜੀ.ਕੇ. ਵੱਲੋਂ ਇਸ ਮੌਕੇ ਤੇ ਇੱਕ ਮੰਗ ਪੱਤਰ ਸੌਂਪ ਕੇ 1984 ਸਿੱਖ ਕਤਲੇਆਮ ਵਿਚ ਟਾਈਟਲਰ ਦੀ ਭੂਮਿਕਾ ਅਤੇ ਉਸ ਤੇ ਕਸੇ ਗਏ ਕਾਨੂੰਨੀ ਸਿਕੰਜੇ ਦੀ ਵੀ ਜਾਣਕਾਰੀ ਦਿੱਤੀ।
ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਦੱਸਿਆ, ”ਮੀਡੀਆ ‘ਚ ਆ ਰਹੀਆਂ ਖਬਰਾਂ ਅਨੁਸਾਰ ਟਾਈਟਲਰ ਵੱਲੋਂ ਸਿੱਖ ਕਤਲੇਆਮ ਦੇ ਮਾਮਲੇ ਤੇ ਸਫਾਈ ਦੇਣ ਦੀ ਪੇਸ਼ਕਸ਼ ਸਾਹਮਣੇ ਆਈ ਹੈ। ਜਿਸ ਕਾਰਨ ਇਹ ਸਵਾਲ ਖੜਾ ਹੋ ਗਿਆ ਹੈ ਕਿ ਬੁਰੀ ਤਰ੍ਹਾਂ ਕਾਨੂੰਨੀ ਸ਼ਿਕੰਜੇ ਵਿਚ ਘਿਰੇ ਟਾਈਟਲਰ ਦੀ ਖੁਦ ਨੂੰ ਅਤੇ ਆਪਣੇ ਆਕਾਵਾਂ ਨੂੰ ਬਚਾਉਣ ਦੀ ਇਹ ਕੋਈ ਸਾਜਿਸ਼ ਹੈ ਜਾਂ ਫਿਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਲਈ ਸਿੱਖ ਵੋਟ ਨੂੰ ਪ੍ਰਾਪਤ ਕਰਨ ਲਈ ਅਪਣਾਇਆ ਗਿਆ ਨਵਾਂ ਹੱਥਕੰਡਾ ਤਾਂ ਨਹੀਂ ਹੈ। ਜੀ.ਕੇ. ਨੇ ਟਾਈਟਲਰ ਦੀ ਪੇਸ਼ਕਸ਼ ‘ਤੇ ਕਮੇਟੀ ਦੇ ਕਾਨੂੰਨ ਵਿਭਾਗ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਿੱਖਾਂ ਦੇ ਕਾਤਲਾਂ ਦੇ ਵਿਰੁੱਧ ਮੁਸਤੈਦੀ ਨਾਲ ਲੜੀ ਗਈ ਲੜਾਈ ਦੀ ਇਹ ਅੰਗੜਾਈ ਹੈ ਕਿਉਂਕਿ ਅਦਾਲਤ ਵਿਚ ਪਿਛਲੀ ਤਾਰੀਖ਼ ਤੇ ਜੱਜ ਦਾ ਰੁੱਖ ਟਾਈਟਲਰ ਅਤੇ ਉਸਦੇ ਸਾਥੀ ਹਥਿਆਰ ਵਪਾਰੀ ਅਭਿਸ਼ੇਕ ਵਰਮਾ ਦੇ ਖਿਲਾਫ਼ ਮਨੀ ਲਾਡਰਿੰਗ ਦੇ ਜ਼ਰੀਏ ਗਵਾਹਾਂ ਨੂੰ ਪ੍ਰਭਾਵਿਤ ਕਰਨ ਤੇ ਸਖ਼ਤ ਝਾੜ ਪਾਈ ਸੀ। ਜੀ.ਕੇ. ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੁਝ ਦਿਨ ਪਹਿਲਾ ਟਾਈਟਲਰ ਨੂੰ ਬੇਕਸੂਰ ਦੱਸਣ ਤੋਂ ਬਾਅਦ ਟਾਈਟਲਰ ਦੀ ਮਾਫ਼ੀ ਮੰਗਣ ਦੀ ਸਾਹਮਣੇ ਆਈ ਪੇਸ਼ਕਸ਼ ਕਈ ਸਵਾਲ ਖੜ੍ਹੇ ਕਰਦੀ ਹੈ। ਜੇਕਰ ਟਾਈਟਲਰ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਉਸਨੇ ਸਿੱਖਾਂ ਦੇ ਨਾਲ ਗਲਤ ਕੀਤਾ ਹੈ ਤਾਂ ਅਮਰਿੰਦਰ ਕਿਸ ਆਧਾਰ ਤੇ ਅੱਜ ਤਕ ਟਾਈਟਲਰ ਨੂੰ ਬੇਕਸੂਰ ਦੱਸ ਰਹੇ ਸਨ। ਇਸ ਲਈ ਅਮਰਿੰਦਰ ਦੀ ਸ਼ੱਕੀ ਭੂਮਿਕਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਮਰਿੰਦਰ ਤੋਂ ਵੀ ਜਵਾਬ ਤਲਬੀ ਕਰਨੀਂ ਚਾਹੀਦੀ ਹੈ। ਜੀ.ਕੇ. ਨੇ ਕਿਹਾ ਕਿ ਟਾਈਟਲਰ ਦੇ ਇਸ਼ਾਰੇ ਤੇ ਦਿੱਲੀ ਵਿਚ ਨਾ ਕੇਵਲ ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨੀ ਭੇਂਟ ਕਰਕੇ ਸਿੱਖ ਧਰਮ ਦੇ ਸਿਧਾਂਤਾਂ ਅਤੇ ਸਮਾਜਿਕ ਰਵਾਇਤਾਂ ਤੇ ਵੀ ਸੱਟ ਮਾਰੀ ਗਈ ਸੀ। ਨਿਰਦੋਸ਼ ਸਿੱਖਾਂ ਦੇ ਕਾਤਲ ਟਾਈਟਲਰ ਨੂੰ ਤਖਤ ਸਾਹਿਬ ਤੇ ਮੁਲਾਕਾਤ ਦੀ ਮਨਜ਼ੂਰੀ ਮਿਲਣ ‘ਤੇ ਜੀ.ਕੇ. ਨੇ ਦੁਨੀਆ ਭਰ ਦੇ ਸਿੱਖਾਂ ਦਾ ਵੱਡਾ ਪ੍ਰਤੀਕਰਮ ਸਾਹਮਣੇ ਆਉਣ ਦੇ ਨਾਲ ਹੀ ਤਖਤ ਸਾਹਿਬ ਦੇ ਮਰਿਆਦਾ ਨੂੰ ਢਾਹ ਲੱਗਣ ਦਾ ਵੀ ਖਦਸਾ ਜਤਾਇਆ ਹੈ। ਟਾਈਟਲਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਉਣ ਦਾ ਫੈਸਲਾ ਸਾਰੀਆਂ ਪੰਥਕ ਧਿਰਾਂ ਤੋਂ ਰਾਇ ਲੈ ਕੇ ਕਰਨ ਦੀ ਵੀ ਜੀ.ਕੇ. ਨੇ ਜਥੇਦਾਰ ਨੂੰ ਅਪੀਲ ਕੀਤੀ ਹੈ। ਮੁਲਾਕਾਤ ਹੋਣ ਦੀ ਹਾਲਾਤ ਵਿਚ ਟਾਈਟਲਰ ਤੋਂ ਇਸ ਕਤਲੇਆਮ ਦੇ ਮਾਸਟਰ ਮਾਂਈਡ ਕਾਂਗਰਸ ਆਗੂਆਂ ਦੇ ਨਾਂ ਜਨਤਕ ਕਰਨ ਦੀ ਵੀ ਜੀ.ਕੇ. ਨੇ ਜਥੇਦਾਰ ਨੂੰ ਸਲਾਹ ਦਿੱਤੀ ਹੈ। ਸੀਨੀਅਰ ਵਕੀਲ ਐੱਚ.ਐੱਸ.ਫੂਲਕਾ ਵੱਲੋਂ ਟਾਈਟਲਰ ਨੂੰ ਸਿਰੋਪਾ ਦੇਣ ਵਾਲੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਬੰਧਕਾਂ ਵਲੋਂ ਟਾਈਟਲਰ ਦੀ ਮੁਲਾਕਾਤ ਜਥੇਦਾਰ ਨਾਲ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਕੀਤੇ ਗਏ ਖੁਲਾਸੇ ਬਾਰੇ ਇੱਕ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਉਹ ਸਾਰੇ ਸ਼ੱਕ ਦੇ ਦਾਇਰੇ ਵਿਚ ਹਨ, ਜੋ ਸਿੱਖਾਂ ਦੇ ਕਾਤਲਾਂ ਨੂੰ ਸਿਰੋਪਾਉ ਪਾਉਂਦੇ ਰਹੇ ਹਨ।ਜਥੇਦਦੂਜੇ ਪਾਸੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤਕ ਟਾਈਟਲਰ ਦੀ ਕੋਈ ਚਿੱਠੀ ਨਹੀਂ ਮਿਲੀ ਹੈ ਪਰ ਜੇਕਰ ਚਿੱਠੀ ਆਉਂਦੀ ਹੈ ਤਾਂ ਉਸ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਜਾਵੇਗਾ। ਕਿਉਂਕਿ ਇਕ ਪਾਸੇ ਤਾਂ ਟਾਈਟਲਰ ਤੇ ਕਤਲੇਆਮ ਦੇ ਗੰਭੀਰ ਦੋਸ਼ ਹਨ ਤੇ ਦੂਜੇ ਪਾਸੇ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਜਥੇਦਾਰ ਨੇ ਸਭ ਨੂੰ ਮਿਲਣ ਉਪਰੰਤ ਇਸ ਮਾਮਲੇ ‘ਤੇ ਵਿਚਾਰ ਕਰਨ ਦਾ ਇਸ਼ਾਰਾ ਕੀਤਾ। ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ, ਹਰਵਿੰਦਰ ਸਿੰਘ ਕੇ.ਪੀ., ਹਰਜਿੰਦਰ ਸਿੰਘ, ਜੀਤ ਸਿੰਘ, ਗੁਰਮੀਤ ਸਿੰਘ ਲੁਬਾਣਾ, ਪਰਮਜੀਤ ਸਿੰਘ ਚੰਢੋਕ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਬੁਲਾਰਾ ਪਰਮਿੰਦਰ ਪਾਲ ਸਿੰਘ ਮੌਜੂਦ ਸਨ ।

468 ad

Submit a Comment

Your email address will not be published. Required fields are marked *