ਟਾਈਟਲਰ ਨੂੰ ਕਲੀਨ ਚਿੱਟ ਨਹੀਂ ਦਿੱਤੀ, ਉਹੀ ਕਿਹਾ ਜੋ ਦੇਖਿਆ : ਅਮਰਿੰਦਰ

7ਜਲੰਧਰ , 9 ਮਈ (ਜਗਦੀਸ਼ ਬਾਮਬਾ ) ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ 1984 ਦੇ ਦਿੱਲੀ ਦੰਗਿਆਂ ਨੂੰ ਲੈ ਕੇ ਉਨ੍ਹਾਂ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਨਹੀਂ ਦਿੱਤੀ ਸੀ, ਜਦਕਿ ਉਨ੍ਹਾਂ ਜੋ ਦੇਖਿਆ, ਉਸ ਨੂੰ ਹੀ ਬਿਆਨ ਕੀਤਾ ਸੀ। ਹੁਣ ਇਹ ਜਾਂਚ ਏਜੰਸੀਆਂ ਤੇ ਅਦਾਲਤ ਨੇ ਦੇਖਣਾ ਹੈ ਕਿ ਟਾਈਟਲਰ ਦੀ ਸ਼ਮੂਲੀਅਤ ਹੈ ਜਾਂ ਨਹੀਂ ਪਰ ਫਿਰ ਵੀ ਮੇਰਾ ਮੰਨਣਾ ਹੈ ਕਿ ਜੇ ਜਾਂਚ ਦੌਰਾਨ ਟਾਈਟਲਰ ਦਾ ਨਾਂ ਆਉਂਦਾ ਹੈ ਤਾਂ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਨਹੀਂ ਕਿਹਾ ਕਿ ਸਿੱਖ 1984 ਦੇ ਦੰਗੇ ਭੁੱਲ ਜਾਣ, ਜਦਕਿ ਮੈਂ ਹੀ 1984 ‘ਚ ਸੰਸਦ ਮੈਂਬਰ ਦੇ ਅਹੁਦੇ ਤੇ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਪਰ ਹਰ ਵਾਰ ਚੋਣਾਂ ‘ਚ ਇਸ ਮੁੱਦੇ ਨੂੰ ਚੁੱਕਣ ਨਾਲ ਕੁਝ ਹਾਸਲ ਹੋਣ ਵਾਲਾ ਨਹੀਂ। ਬਾਦਲ ਨੂੰ ਹਮੇਸ਼ਾ ਚੋਣਾਂ ਦੇ ਸਮੇਂ ਦਿੱਲੀ ਦੰਗਿਆਂ ਦੀ ਯਾਦ ਕਿਉਂ ਆਉਂਦੀ ਹੈ। ਕੈਪਟਨ ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਅਪ੍ਰਵਾਸੀ ਪੰਜਾਬੀਆਂ ਨਾਲ ਰੂ-ਬ-ਰੂ ਹੋ ਰਹੇ ਸਨ। ਉਥੇ ਅੰਤਿਮ ਬੈਠਕ ‘ਚ 2000 ਤੋਂ ਜ਼ਿਆਦਾ ਅਪ੍ਰਵਾਸੀਆਂ ਨੇ ਬੈਠਕ ‘ਚ ਹਿੱਸਾ ਲੈ ਕੇ ਕੈਪਟਨ ਨੂੰ ਪੰਜਾਬ ਨਾਲ ਜੁੜੇ ਸੰਵੇਦਨਸ਼ੀਲ ਮਾਮਲਿਆਂ ‘ਤੇ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਅਪ੍ਰਵਾਸੀ ਪੰਜਾਬੀਆਂ ਨੂੰ ਕਾਲੀ ਸੂਚੀ ਨੂੰ ਲੈ ਕੇ ਪੰਜਾਬ ਆਉਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਕਾਲੀ ਸੂਚੀ ਨੂੰ ਖਤਮ ਕਰਨ ਦੀ ਮੰਗ ਨਾਲ ਉਹ ਸਹਿਮਤ ਹਨ।ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੇ ਉਨ੍ਹਾਂ ਦੇ ਸਾਹਮਣੇ 5 ਕਾਂਗਰਸੀ ਨੇਤਾਵਾਂ ਦੇ ਨਾਂ ਲਏ ਸਨ ਪਰ ਕਿਸੇ ਨੇ ਵੀ ਟਾਈਟਲਰ ਦਾ ਨਾਂ ਨਹੀਂ ਲਿਆ। ਉਨ੍ਹਾਂ ਨੇ ਦੁਹਰਾਇਆ ਕਿ ਜੇਕਰ ਉਹ 5 ਕਾਂਗਰਸੀ ਨੇਤਾਵਾਂ ਖਿਲਾਫ ਦੰਗਿਆਂ ‘ਚ ਮੌਜੂਦਗੀ ਕਾਰਨ ਕਾਰਵਾਈ ਦੀ ਮੰਗ ਕਰ ਸਕਦੇ ਹਨ ਤਾਂ ਫਿਰ ਉਹ ਟਾਈਟਲਰ ਨੂੰ ਕਿਉਂ ਬਚਾਉਣਗੇ ਪਰ ਜਦੋਂ ਕਿਸੇ ਦੰਗਾ ਪੀੜਤ ਨੇ ਟਾਈਟਲਰ ਦਾ ਨਾਂ ਹੀ ਨਹੀਂ ਲਿਆ ਤਾਂ ਫਿਰ ਉਹ ਉਸ ਦਾ ਨਾਂ ਬਿਨਾਂ ਵਜ੍ਹਾ ਕਿਵੇਂ ਉਛਾਲ ਸਕਦੇ ਹਨ। ਬਾਦਲਾਂ ਨੇ ਤਾਂ ਇਸ ਮਾਮਲੇ ‘ਚ ਹਮੇਸ਼ਾ ਰਾਜਨੀਤੀ ਬਾਰੇ ਸੋਚਿਆ ਹੈ।ਇਕ ਅਪ੍ਰਵਾਸੀ ਪੰਜਾਬੀ ਨੇ ਪੁੱਛਿਆ ਕਿ ਪੰਜਾਬ ‘ਚ ਵਧ ਰਹੇ ਨਸ਼ਿਆਂ ਲਈ ਤੁਸੀਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਕਿਉਂ ਨਹੀਂ ਲੈਂਦੇ ਹੋ ਤਾਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ‘ਚ ਭਾਵੇਂ ਮਜੀਠੀਆ ਸ਼ਾਮਲ ਹੋਵੇ ਜਾਂ ਕੋਈ ਹੋਰ, ਕਾਂਗਰਸ ਸੱਤਾ ‘ਚ ਆਉਣ ‘ਤੇ ਕਿਸੇ ਨੂੰ ਵੀ ਬਖਸ਼ੇਗੀ ਨਹੀਂ।ਉਨ੍ਹਾਂ ਕਿਹਾ ਕਿ ਇਹ ਮੇਰੀ ਅਖੀਰਲੀ ਚੋਣ ਹੈ ਅਤੇ ਉਹ ਰਾਜਨੀਤੀ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਪੰਜਾਬ ਦੇ ਹਰੇਕ ਨਾਗਰਿਕ ਦੇ ਚਿਹਰੇ ‘ਤੇ ਰੌਣਕ ਦੇਖਣਾ ਚਾਹੁੰਦੇ ਹਨ। ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਬਣਾਉਣਾ ਹੈ। ਸੂਬੇ ਦੀ ਅਰਥਵਿਵਸਥਾ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਹੈ। ਪੰਜਾਬ ‘ਤੇ 1.30 ਲੱਖ ਕਰੋੜ ਦਾ ਕਰਜ਼ਾ ਹੈ। ਇਸ ਲਈ ਕਾਂਗਰਸ ਨੂੰ ਸੱਤਾ ‘ਚ ਆਉਂਦੇ ਹੀ ਪੰਜਾਬ ਦੀ ਅਰਥਵਿਵਸਥਾ ਨੂੰ ਸੁਧਾਰਨ ਲਈ ਦਿਨ-ਰਾਤ ਇਕ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਅਪ੍ਰਵਾਸੀ ਪੰਜਾਬੀਆਂ ਦੇ ਮਸਲੇ ਅਹਿਮ ਹਨ। ਪੰਜਾਬ ‘ਚ ਮੌਜੂਦਾ ਅਕਾਲੀ ਸਰਕਾਰ ਅਪ੍ਰਵਾਸੀਆਂ ਨੂੰ ਇਨਸਾਫ ਨਹੀਂ ਦੇ ਸਕੀ, ਜਿਸ ਕਾਰਨ ਹਰੇਕ ਅਪ੍ਰਵਾਸੀ ਪੰਜਾਬੀ ਅਕਾਲੀ ਸਰਕਾਰ ਤੋਂ ਨਾਰਾਜ਼ ਹੈ। ਅਮਰੀਕਾ, ਕੈਨੇਡਾ ਤੇ ਹੋਰਨਾਂ ਦੇਸ਼ਾਂ ‘ਚ ਅਕਾਲੀ ਸਰਕਾਰ ਖਿਲਾਫ ਜ਼ਬਰਦਸਤ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਨਾਜ਼ੁਕ ਦੌਰ ‘ਚੋਂ ਲੰਘ ਰਿਹਾ ਹੈ। 2017 ਦੇ ਸ਼ੁਰੂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਲੋਕਾਂ ਨੇ ਪੰਜਾਬ ਦੇ ਭਵਿੱਖ ਨੂੰ ਦੇਖ ਕੇ ਫੈਸਲਾ ਲੈਣਾ ਹੈ। ਉਨ੍ਹਾਂ ਨੇ ਅਪ੍ਰਵਾਸੀ ਪੰਜਾਬੀਆਂ ਨੂੰ ਸੁਚੇਤ ਕੀਤਾ ਕਿ ਉਹ ਨਵੀਆਂ ਪਾਰਟੀਆਂ ਦੇ ਝਾਂਸੇ ‘ਚ ਨਾ ਆਉਣ। ਕਾਂਗਰਸ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ‘ਚ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਹੈ, ਇਸ ਲਈ ਅਪ੍ਰਵਾਸੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜ ਕੇ ਕਾਂਗਰਸ ਦਾ ਸਮਰਥਨ ਕਰਵਾਉਣਾ ਚਾਹੀਦਾ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਇੰਗਲੈਂਡ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਲਈ ਵਿਦੇਸ਼ਾਂ ‘ਚ ਕਾਂਗਰਸੀ ਨੇਤਾ ਪੰਜਾਬ ਪਹੁੰਚ ਕੇ ਪਾਰਟੀ ਲਈ ਕੰਮ ਕਰਨਗੇ।ਬੈਠਕ ਦੇ ਆਯੋਜਕ ਕਰਮਜੀਤ ਧਾਰੀਵਾਲ, ਮਹਿੰਦਰ ਸਿੰਘ ਗਿਲਜੀਆਂ, ਗੁਰਮੀਤ ਸਿੰਘ ਗਿੱਲ ਤੇ ਸ਼ੁੱਧ ਪ੍ਰਕਾਸ਼ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਨ੍ਹਾਂ ਦਾ ਅਪ੍ਰਵਾਸੀ ਸਾਥ ਦੇਣਗੇ।

468 ad

Submit a Comment

Your email address will not be published. Required fields are marked *