ਜੁਨੇਜਾ ਦੇ ਹੱਕ ‘ਚ ਚੱਲੀ ਹਨੇਰੀ ਨਾਲ ਮਹਿਲਾਂ ਵਾਲੇ ਤਿਣਕੇ ਵਾਂਗ ਉਡ ਜਾਣਗੇ : ਸੁਖਬੀਰ ਬਾਦਲ

 ਜੁਨੇਜਾ ਦੇ ਹੱਕ 'ਚ ਚੱਲੀ ਹਨੇਰੀ ਨਾਲ ਮਹਿਲਾਂ ਵਾਲੇ ਤਿਣਕੇ ਵਾਂਗ ਉਡ ਜਾਣਗੇ : ਸੁਖਬੀਰ ਬਾਦਲ

ਪਟਿਆਲਾ-ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਮਨੀ ਚੋਣ ਤੋਂ ਚਾਰ ਦਿਨ ਪਹਿਲਾਂ ਪਟਿਆਲਾ ਵਿਚ ਇਕੋ ਦਿਨ ਵਿਚ ਇਕ ਦਰਜਨ ਭਰ ਚੋਣ ਮੀਟਿੰਗਾਂ ਕਰਕੇ ਸ਼ਹਿਰ ਦੀ ਹਵਾ ਹੀ ਬਦਲ ਕੇ ਰੱਖ ਦਿੱਤੀ। ਅਕਾਲੀ- ਭਾਜਪਾ ਗਠਜੋੜ ਦੇ ਉਮੀਦਵਾਰ ਸ਼੍ਰੀ ਭਗਵਾਨ ਦਾਸ ਜੁਨੇਜਾ, ਜਿਨ੍ਹਾਂ ਦੀ ਸ਼ਖ਼ਸੀਅਤ ਨੂੰ ਲੈ ਕੇ ਪਹਿਲਾਂ ਹੀ ਸ਼ਹਿਰ ਨਿਵਾਸੀ ਬਹੁਤ ਜ਼ਿਆਦਾ ਪ੍ਰਭਾਵਿਤ ਹਨ, ਉਪਰੋਂ ਉਪ ਮੁੱਖ ਮੰਤਰੀ ਨੇ ਪਟਿਆਲਾ ਵਿਖੇ ਡੇਰਾ ਲਾ ਕੇ ਜਿਹੜਾ ਜੁਨੇਜਾ ਦੇ ਹੱਕ ਵਿਚ ਨਵਾਂ ਰੰਗ ਬੰਨ੍ਹਿਆ, ਉਸ ਨਾਲ ਸ਼ਹਿਰ ਦਾ ਸਿਆਸੀ ਰੰਗ ਹੀ ਬਦਲ ਗਿਆ ਹੈ। ਉਪ ਮੁੱਖ ਮੰਤਰੀ ਨੇ ਸਵੇਰੇ ਕੌਂਸਲਰ ਸੁਖਬੀਰ ਅਬਲੋਵਾਲ ਦੇ ਵਾਰਡ ਅਬਲੋਵਾਲ ਵਿਖੇ, ਵਾਰਡ ਨੰ. 6 ਵਿਚ ਤੇਜਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ, ਵਾਰਡ ਨੰ. 32 ਵਿਚ ਰਵਿੰਦਰਪਾਲ ਸਿੰਘ ਜੋਨੀ ਦੇ ਘਰ, ਵਾਰਡ ਨੰ. 41 ਵਿਚ ਛੱਜੂ ਰਾਮ ਸੋਫਤ, 21 ਨੰਬਰ ਫਾਟਕ ਦੇ ਥੱਲੇ ਸੀਨੀਅਰ ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਮਿੰਟਾ ਦੀ ਅਗਵਾਈ ਹੇਠ, ਵਾਰਡ ਨੰ. 23 ਵਿਚ ਅਜੀਤਪਾਲ ਸਿੰਘ ਕੋਹਲੀ ਅਤੇ ਕੌਂਸਲਰ ਨਿਰਮਲਾ ਦੇਵੀ ਦੀ ਅਗਵਾਈ ਹੇਠ, ਵਾਰਡ ਨੰ. 27 ਵਿਖੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਦੀ ਅਗਵਾਈ ਹੇਠ ਜੋੜੀਆਂ ਭੱਠੀਆਂ ਵਿਖੇ ਹੋਈਆਂ ਵਿਸ਼ਾਲ ਰੈਲੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਅਤੇ ਕੈ. ਅਮਰਿੰਦਰ ਸਿੰਘ ਨੇ ਪਟਿਆਲਾ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਪਟਿਆਲਾ ਦੇ ਲੋਕਾਂ ਨੇ ਤਿੰਨ ਵਾਰ ਪ੍ਰਨੀਤ ਕੌਰ ਨੂੰ ਮੈਂਬਰ ਪਾਰਲੀਮੈਂਟ ਬਣਾਇਆ, ਤਿੰਨ ਵਾਰ ਅਮਰਿੰਦਰ ਸਿੰਘ ਨੂੰ ਵਿਧਾਇਕ ਬਣਾਇਆ, ਜਿਨ੍ਹਾਂ ਵਿਚ ਇਕ ਵਾਰ ਉਹ ਮੁੱਖ ਮੰਤਰੀ ਬਣੇ ਪਰ ਉਨ੍ਹਾਂ ਨੇ ਕਦੇ ਵੀ ਪਟਿਆਲਾ ਦੇ ਲੋਕਾਂ ਦੀ ਸਾਰ ਨਹੀਂ ਲਈ। ਸ. ਬਾਦਲ ਨੇ ਕਿਹਾ ਕਿ ਇਕ ਪਾਸੇ ਸੱਤਾ ਦੀ ਲਾਲਸਾ ਰੱਖਣ ਵਾਲੇ ਪ੍ਰਨੀਤ ਕੌਰ ਤੇ ਦੂਜੇ ਪਾਸੇ ਬਿਨਾਂ ਕਿਸੇ ਸਵਾਰਥ ਤੋਂ ਪਿਛਲੇ 40 ਸਾਲ ਤੋਂ ਲੋਕਾਂ ਦੀ ਸੇਵਾ ਕਰਨ ਵਾਲੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼੍ਰੀ ਭਗਵਾਨ ਦਾਸ ਜੁਨੇਜਾ ਹਨ। ਇਕ ਪਾਸੇ ਮਹਿਲਾਂ ਵਾਲਿਆਂ ਨੇ ਪਟਿਆਲਾ ਦੇ ਲੋਕਾਂ ਦੇ ਸਿਰ ‘ਤੇ ਤਾਕਤਾਂ ਹਾਸਲ ਕਰਕੇ ਆਪਣੇ ਘਰ ਭਰੇ ਅਤੇ ਲੋਕਾਂ ਨੂੰ ਮੂਰਖ ਬਣਾਇਆ, ਦੂਜੇ ਪਾਸੇ ਆਪਣੀ ਨੇਕ ਕਮਾਈ ਵਿਚੋਂ ਲੋਕਾਂ ਦੀਆਂ ਕੁੜੀਆਂ ਦੇ ਵਿਆਹ ਕਰਨ ਵਾਲੇ ਧਾਰਮਿਕ ਸਥਾਨਾਂ ‘ਤੇ ਦਿਲ ਖੋਲ੍ਹ ਕੇ ਦਾਨ ਦੇਣ ਵਾਲੇ, ਸ਼ਹਿਰ ਵਿਚ 70 ਹਜ਼ਾਰ ਤੋਂ ਜ਼ਿਆਦਾ ਦਰੱਖਤ ਲਾ ਕੇ ਉਨ੍ਹਾਂ ਨੂੰ ਪਾਲਣ ਵਾਲੇ, ਕਈ ਦਰਜਨਾਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਵੱਖ-ਵੱਖ ਤਰ੍ਹਾਂ ਦੀ ਸਮਾਜ ਸੇਵਾ ਕਰਨ ਵਾਲੇ ਅਤੇ 150 ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜੇਬ ਵਿਚੋਂ ਘਰ ਬਣਾ ਕੇ ਦੇਣ ਵਾਲੇ ਸ਼੍ਰੀ ਭਗਵਾਨ ਦਾਸ ਜੁਨੇਜਾ ਹਨ। ਹੁਣ ਪਟਿਆਲਾ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਤਾਕਤ ਫਿਰ ਤੋਂ ਮਹਿਲਾਂ ਵਾਲਿਆਂ ਨੂੰ ਦੇਣੀ ਹੈ ਜਾਂ ਫਿਰ ਗਰੀਬ ਪਰਿਵਾਰ ਤੋਂ ਉੱਠ ਕੇ ਦਹਾਕਿਆਂ ਬੱਧੀ ਲੋਕਾਂ ਦੀ ਸੇਵਾ ਕਰਨ ਵਾਲੇ ਸ਼੍ਰੀ ਭਗਵਾਨ ਦਾਸ ਜੁਨੇਜਾ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਾ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਹਮੇਸ਼ਾ ਹੀ ਪਟਿਆਲਾ ਦੇ ਵਿਕਾਸ ਨੂੰ ਲੈ ਕੇ ਕੋਈ ਕਸਰ ਨਹੀਂ ਛੱਡੀ ਅਤੇ ਜਿਹੜੀ ਕਸਰ ਬਾਕੀ ਰਹਿ ਗਈ, ਉਹ ਸ਼੍ਰੀ ਭਗਵਾਨ ਦਾਸ ਜੁਨੇਜਾ ਪੂਰੀ ਕਰ ਦੇਣਗੇ। ਸ. ਬਾਦਲ ਨੇ ਕਿਹਾ ਕਿ ਸ਼ਹਿਰ ਵਿਚ ਇਸ ਵਾਰ ਸ਼੍ਰੀ ਜੁਨੇਜਾ ਦੇ ਹੱਕ ਵਿਚ ਜਿਹੜੀ ਹਨੇਰੀ ਚੱਲੀ ਹੈ, ਉਸ ਵਿਚ ਮਹਿਲਾਂ ਵਾਲੇ ਹਵਾ ਦੇ ਤਿਣਕੇ ਦੀ ਤਰ੍ਹਾਂ ਉਡ ਜਾਣਗੇ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੁਨੇਜਾ ਦੀ ਜਿੱਤ ਇਕ ਆਮ ਆਦਮੀ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਦਾ ਬੱਚਾ-ਬੱਚਾ ਸ਼੍ਰੀ ਜੁਨੇਜਾ ਦੀ ਚੋਣ ਨੂੰ ਆਪਣੀ ਚੋਣ ਸਮਝ ਕੇ ਲੜ ਰਿਹਾ ਹੈ, ਜਿਸ ਨਾਲ ਮਹਿਲਾਂ ਵਾਲਿਆਂ ਨੂੰ ਭਾਜੜ ਪਈ ਹੋਈ ਹੈ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਮਹਿਲਾਂ ਵਾਲਿਆਂ ਦਾ ਭਰਮ ਪਹਿਲਾਂ ਸਮਾਣਾ ਵਿਚ ਤੋੜਿਆ ਅਤੇ ਹੁਣ ਉਨ੍ਹਾਂ ਦੇ ਗੜ੍ਹ ਪਟਿਆਲਾ ਵਿਖੇ ਵੀ ਸਾਰੇ ਭਰਮ-ਭੁਲੇਖੇ ਦੂਰ ਕਰ ਦਿੱਤੇ ਜਾਣਗੇ। ਅਕਾਲੀ- ਭਾਜਪਾ ਉਮੀਦਵਾਰ ਸ਼੍ਰੀ ਭਗਵਾਨ ਦਾਸ ਜੁਨੇਜਾ ਨੇ ਫਿਰ ਤੋਂ ਇਕ ਵਾਰ ਹੱਥ ਜੋੜ ਕੇ ਪਟਿਆਲਾ ਨਿਵਾਸੀਆਂ ਤੋਂ ਇਕ ਮੌਕਾ ਮੰਗਿਆ। ਉਨ੍ਹਾਂ ਕਿਹਾ ਕਿ ਇਕ ਵਾਰ ਉਨ੍ਹਾਂ ਨੂੰ ਮੌਕਾ ਦਿਓ ਜ਼ਿੰਦਗੀ ਭਰ ਉਨ੍ਹਾਂ ਦਾ ਸੇਵਾਦਾਰ ਬਣ ਕੇ ਸੇਵਾ ਕਰਦੇ ਰਹਿਣਗੇ।

468 ad