ਜਾਸੂਸੀ ਮਾਮਲਾ : ਤੂਲ ਨਹੀਂ ਦੇਣਾ ਚਾਹੁੰਦੀ ਸਰਕਾਰ

ਜਾਸੂਸੀ ਮਾਮਲਾ : ਤੂਲ ਨਹੀਂ ਦੇਣਾ ਚਾਹੁੰਦੀ ਸਰਕਾਰ

* ਗਡਕਰੀ ਤੋਂ ਬਾਅਦ ਰਾਜਨਾਥ, ਸੁਸ਼ਮਾ ਦੀ ਜਾਸੂਸੀ ਦੀ ਖਬਰ
* ਅਰੁਣ ਜੇਤਲੀ ਨਾਲ ਸੰਬੰਧਤ ਫਾਈਲ  ਪ੍ਰਧਾਨ ਮੰਤਰੀ ਨੇ ਮੰਗਵਾਈ

 

ਗਡਕਰੀ ਦੇ ਘਰ ਜਾਸੂਸੀ ਦੇ ਵਿਵਾਦ ‘ਚ ਨਵਾਂ ਮੋੜ ਆ ਚੁੱਕਾ ਹੈ। ਹੁਣ ਸੂਤਰਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਬੀ. ਜੇ. ਪੀ. ਦੇ ਕਈ ਵੱਡੇ ਆਗੂਆਂ ਦੇ ਘਰ ਜਾਸੂਸੀ ਹੋ ਰਹੀ ਸੀ। ਇਸ ਵਿਚ ਰਾਜਨਾਥ ਸਿੰਘ ਅਤੇ ਸੁਸ਼ਮਾ ਸਵਰਾਜ ਦਾ ਨਾਂ ਵੀ ਸ਼ਾਮਲ ਹੈ। ਪਾਰਟੀ ਹੁਣ ਵੀ ਇਨ੍ਹਾਂ ਖਬਰਾਂ ਦਾ ਖੰਡਨ ਕਰ ਰਹੀ ਹੈ ਪਰ ਵਿਰੋਧੀ ਧਿਰ ਨੂੰ ਮੌਕਾ ਮਿਲ ਗਿਆ ਹੈ। ਕਾਂਗਰਸ ਕਹਿ ਰਹੀ ਹੈ ਕਿ ਸਾਫ ਹੋਣਾ ਚਾਹੀਦਾ ਹੈ ਕਿ ਜਾਸੂਸੀ ਵਿਚ ਅੰਦਰੂਨੀ ਤਾਕਤ ਹੈ ਜਾਂ ਫਿਰ ਬਾਹਰੀ। ਹਾਲਾਂਕਿ, ਦੇਸ਼ ਦੀ ਰਾਜਨੀਤੀ ਵਿਚ ਇਸ ਤਰ੍ਹਾਂ ਦਾ ਵਿਵਾਦ ਪਹਿਲੀ ਵਾਰ ਨਹੀਂ ਉਠਿਆ ਹੈ। 

ਕੇਂਦਰ ਸਰਕਾਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਘਰ ਦੇ ਜਾਸੂਸੀ ਮਾਮਲੇ ਨੂੰ ਵਧੇਰੇ ਤੂਲ ਨਹੀਂ ਦੇਣਾ ਚਾਹੁੰਦੀ। ਗ੍ਰਹਿ ਮੰਤਰਾਲੇ ਨੇ ਗਡਕਰੀ ਦੇ ਘਰ ਦੀ ਜਾਂਚ ਕਰਵਾਉਣ ਜਾਂ ਹਾਈ ਲਿਸਨਿੰਗ ਡਿਵਾਈਸ ਆਦਿ ਲਾਏ ਜਾਣ ਦੀ ਜਾਂਚ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਜਾਸੂਸੀ ਵੀ ਕਰਵਾਏ ਜਾਣ ਦੀ ਖਬਰ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਕੇ. ਐੱਸ. ਧਤਵਾਲੀਆ ਦਾ ਕਹਿਣਾ ਹੈ ਕਿ ਜਾਸੂਸੀ ਕਰਵਾਉਣ ਵਰਗੀ ਗੱਲ ਸਿਰਫ ਮੀਡੀਆ ਵਿਚ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਦੀਆਂ ਖਬਰਾਂ ਨੂੰ ਨਿਰਆਧਾਰ ਅਤੇ ਮਨਘੜਤ ਦੱਸਿਆ ਹੈ। ਜਦਕਿ ਖੁਫੀਆ ਏਜੰਸੀ ਸੂਤਰਾਂ ਦਾ ਕਹਿਣਾ ਹੈ ਕਿ ਇੰਟੈਲੀਜੈਂਸ ਬਿਊਰੋ ਦੀ ਇਕ ਵੱਡੀ ਵਿੰਗ ਸਿਆਸੀ ਕੰਮਾਂ ਵਿਚ ਇਸਤੇਮਾਲ ਹੋ ਰਹੀ ਹੈ। ਦੱਸਦੇ ਹਨ ਆਈ. ਬੀ. ਦਾ 40 ਫੀਸਦੀ ਦੇ ਕਰੀਬ ਦਾ ਸਟਾਫ ਸਿਆਸੀ ਕੰਮਾਂ ਵਿਚ ਰੁਝਿਆ ਹੋਇਆ ਹੈ ਅਤੇ ਬਾਕੀ 60 ਫੀਸਦੀ ਦੇਸ਼ ਦੀ ਸੁਰੱਖਿਆ ਸੰਬੰਧੀ ਹੋਰ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਸਾਬਕਾ ਰਾਅ ਮੁਖੀ ਐੱਸ.ਐੱਸ. ਦੁੱਲਤ ਇਸ ਵੇਲੇ ਯੂਰਪ   ਵਿਚ ਹਨ। ਫੋਨ ‘ਤੇ ਹੋਈ ਗੱਲਬਾਤ ਦੌਰਾਨ ਦੁੱਲਤ ਦਾ ਕਹਿਣਾ ਹੈ ਕਿ ਉਹ ਮੌਜੂਦਾ ਜਾਸੂਸੀ ਮਾਮਲੇ ਦੇ ਬਾਰੇ ਕੁਝ ਨਹੀਂ ਜਾਣਦੇ,  ਪਰ ਸਿਆਸੀ ਖੇਤਰ ਵਿਚ ਇਸ ਤਰ੍ਹਾਂ ਦੀ ਘਟਨਾ ਕੋਈ ਨਵੀਂ ਗੱਲ ਨਹੀਂ ਹੈ। ਸੂਤਰ ਦੱਸਦੇ ਹਨ ਕਿ ਜਾਸੂਸੀ ਮਾਮਲੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਸੰਬੰਧਤ ਪੀ. ਆਈ. ਐੱਲ. ਅਤੇ ਇੰਟੈਲੀਜੈਂਸ ਰਿਪੋਰਟ ਮੰਗਵਾਈ ਹੈ। ਸਮਝਿਆ ਜਾ ਰਿਹਾ ਹੈ ਕਿ  ਜਲਦੀ ਹੀ ਉਹ ਇਸਨੂੰ ਆਧਾਰ ਬਣਾ ਕੇ ਕੁਝ ਬੋਲ ਸਕਦੇ ਹਨ। ਫਿਲਹਾਲ ਹਾਲਤ ਇਹ ਹੈ ਕਿ ਸਰਕਾਰ ਜਾਸੂਸੀ ਮਾਮਲੇ ਨੂੰ ਬਹੁਤਾ ਤੂਲ ਨਹੀਂ ਦੇਣਾ  ਚਾਹੁੰਦੀ। ਇਕ ਕੇਂਦਰੀ ਮੰਤਰੀ ਅਨੁਸਾਰ ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ ਦੇ ਬਿਆਨ ਦੇ ਬਾਅਦ ਹੁਣ ਕਿਸੇ ਨੂੰ ਇਸ ਸੰਬੰਧੀ ਬਿਆਨ ਦੇਣ ਦੀ ਲੋੜ ਨਹੀਂ। ਸਮਝਿਆ ਜਾ ਰਿਹਾ ਹੈ ਕਿ ਸਰਕਾਰ ਨੇ ਅਜਿਹਾ ਫੈਸਲਾ ਇਸ ਮੁੱਦੇ ‘ਤੇ ਉੱਚ ਪੱਧਰ ਤੈਅ ਹੋਈ ਰਣਨੀਤੀ ਦੇ ਆਧਾਰ ‘ਤੇ ਲਿਆ ਹੈ।   

468 ad