ਜਸਟਿਸ ਸ਼ਾਹ ਕਰਨਗੇ ਕਾਲੇ ਧਨ ਦੀ ਜਾਂਚ ਵਾਲੇ ਦਲ ਦੀ ਅਗਵਾਈ

ਜਸਟਿਸ ਸ਼ਾਹ ਕਰਨਗੇ ਕਾਲੇ ਧਨ ਦੀ ਜਾਂਚ ਵਾਲੇ ਦਲ ਦੀ ਅਗਵਾਈ

ਵਿਦੇਸ਼ਾਂ ਵਿਚ ਜਮਾਂ ਕਾਲੇ ਧਨ ਦੀ ਜਾਂਚ ਲਈ ਪੁਨਰਗਠਿਤ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਐਮ. ਬੀ. ਸ਼ਾਹ ਕਰਨਗੇ। ਸੁਪਰੀਮ ਕੋਰਟ ਨੇ ਮੰਨੇ-ਪ੍ਰਮੰਨੇ ਕਾਨੂੰਨੀ ਮਾਹਰ ਰਾਮ ਜੇਠਮਲਾਨੀ ਅਤੇ ਹੋਰਨਾਂ ਦੀਆਂ ਪਟੀਸ਼ਨਾਂ ‘ਤੇ ਅੱਜ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਜਸਟਿਸ ਸ਼ਾਹ ਨੂੰ ਐਸ. ਆਈ. ਟੀ. ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਸਟਿਸ ਐਲ. ਐਚ. ਦੱਤੂ, ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਅਤੇ ਜਸਟਿਸ ਮਦਨ ਭੀਮਰਾਵ ਲੋਕੁਰ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਜਰਮਨੀ ਦੇ ਲਿੰਚੇਸਟਾਈਨ ਬੈਂਕ ਦੇ ਉਨ੍ਹਾਂ ਭਾਰਤੀ ਖਾਤਾ ਧਾਰਕਾਂ ਦੇ ਨਾਂ ਅਤੇ ਹੋਰ ਦਸਤਾਵੇਜ਼ ਸੀਲਬੰਦ ਲਿਫਾਫੇ ਵਿਚ 3 ਦਿਨ ਅੰਦਰ ਪਟੀਸ਼ਨ ਕਰਤਾਵਾਂ ਨੂੰ ਸੌਂਪਣ ਜਿਸ ਨਾਲ ਜੁੜੀ ਜਾਂਚ ਪੂਰੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਬੀਤੀ 29 ਅਪ੍ਰੈਲ ਨੂੰ ਕੇਂਦਰ ਸਰਕਾਰ ਨੇ ਇਨ੍ਹਾਂ ਖਾਤਾ ਧਾਰਕਾਂ ਦੇ ਨਾਂ ਅਤੇ ਸੰਬੰਧਤ ਦਸਤਾਵੇਜ਼ ਦੋ ਲਿਫਾਫਿਆਂ ਵਿਚ ਅਦਾਲਤ ਨੂੰ ਸੌਂਪ ਦਿੱਤੇ ਸਨ। ਪਹਿਲੇ ਲਿਫਾਫੇ ਵਿਚ ਉਨ੍ਹਾਂ 18 ਖਾਤਾ ਧਾਰਕਾਂ ਦੇ ਨਾਂ ਹਨ, ਜਿਨਾਂ ਖਿਲਾਫ ਆਮਦਨ ਟੈਕਸ ਵਿਭਾਗ ਦੀ ਜਾਂਚ ਪੂਰੀ ਹੋ ਚੁੱਕੀ ਹੈ। ਇਸ ਵਿਚੋਂ 17 ਖਿਲਾਫ ਮੁਕੱਦਮੇ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਦੋਂ ਕਿ ਇਕ ਖਾਤਾ ਧਾਰਕ ਦੀ ਮੌਤ ਹੋ ਚੁੱਕੀ ਹੈ। ਕੇਂਦਰ ਸਰਕਾਰ ਨੇ 8 ਹੋਰ ਖਾਤਾ ਧਾਰਕਾਂ ਦੇ ਨਾਂ ਦੂਜੇ ਸੀਲਬੰਦ ਲਿਫਾਫੇ ਵਿਚ ਅਦਾਲਤ ਨੂੰ ਸੌਂਪੇ। ਪਟੀਸ਼ਨਕਰਤਾਵਾਂ ਨੇ ਵਿਦੇਸ਼ੀ ਬੈਂਕਾਂ ਵਿਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਂ ਉਜਾਗਰ ਕਰਨ ਅਤੇ ਕੇਂਦਰ ਨੂੰ ਨਿਰਦੇਸ਼ ਦੇਣ ਦਾ ਅਦਾਲਤ ਨੂੰ ਅਪੀਲ ਕੀਤੀ ਹੈ, ਜਦੋਂ ਕਿ ਸਰਕਾਰ ਦੀ ਦਲੀਲ ਹੈ ਕਿ ਖਾਤਾ ਧਾਰਕਾਂ ਦੇ ਨਾਂ ਉਜਾਗਰ ਕਰਨ ਨਾਲ ਉਨ੍ਹਾਂ ਦੇਸ਼ਾਂ ਨਾਲ ਭਾਰਤ ਦੇ ਆਰਥਕ ਹਿੱਤ ਪ੍ਰਭਾਵਿਤ ਹੋਣਗੇ।

468 ad