ਜਨਤਾ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦੇ ਉਥੇ

ਫਤਿਹਗੜ੍ਹ ਪੰਜਤੂਰ- ਅੱਜ ਮੋਬਾਈਲ ਫੋਨ ਦੇ ਯੁੱਗ ਵਿਚ ਹਰ ਵਿਅਕਤੀ ਕਿਸੇ ਨਾ ਕਿਸੇ ਕੰਪਨੀ ਦੇ ਸਿਮ ਕਾਰਡ ਰਾਹੀਂ ਕੰਪਨੀ ਨਾਲ ਜੁੜ ਕੇ ਨਿਰਵਿਘਨ ਸੇਵਾ ਸਹੂਲਤਾ ਲੈਣ ਦੀ ਇੱਛਾ ਰੱਖਦਾ ਹੈ। ਇਸੇ ਲਈ ਭਾਰਤ ਦੀਆਂ ਨਾਮੀ ਕੰਪਨੀਆਂ ਆਪਣੇ-ਆਪਣੇ ਗ੍ਰਾਹਕਾਂ ਨੂੰ ਵਧੀਆ ਸੇਵਾ ਦੇਣ ਦੇ ਬਿਆਨ ਦਿੰਦੀਆਂ ਰਹਿੰਦੀਆਂ ਹਨ। ਉਨ੍ਹਾਂ ਕੰਪਨੀਆਂ ਵਲੋਂ Jantaਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਇਸੇ ਲਈ ਟਾਵਰ ਲਗਾਏ ਹੋਏ ਹਨ। ਇਸੇ ਤਰ੍ਹਾਂ ਹੀ ਭਾਰਤ ਦੀ ਸਰਕਾਰੀ ਕੰਪਨੀ ਬੀ.ਐਸ.ਐਨ.ਐਲ. ਵਲੋਂ ਵੀ ਆਪਣੇ ਗ੍ਰਾਹਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਕਸਬਾ ਫਤਿਹਗੜ੍ਹ ਪੰਜਤੂਰ ‘ਚ ਆਪਣਾ ਟਾਵਰ ਲਗਾਇਆ ਹੋਇਆ ਹੈ ਪਰ ਇਸ ਕਸਬੇ ਦੇ ਲੋਕ ਲੰਮੇ ਸਮੇਂ ਤੋਂ ਇਕ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਦੋਂ ਇਸ ਕਸਬੇ ਦੀ ਬਿਜਲੀ ਚਲੀ ਜਾਂਦੀ ਹੈ ਨਾਲ ਹੀ ਬੀ.ਐਸ.ਐਨ.ਐਲ. ਕੰਪਨੀ ਦਾ ਟਾਵਰ ਬੰਦ ਹੋ ਜਾਂਦਾ ਹੈ ਤੇ ਇਸ ਨਾਲ ਜੁੜੇ ਹੋਏ ਗ੍ਰਾਹਕਾਂ ਦੇ ਮੋਬਾਈਲ ਫੋਨਾਂ ਤੋਂ ਰੇਂਜ ਖਤਮ ਹੋ ਜਾਂਦੀ ਹੈ ਜਿਸ ਕਾਰਨ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਸਬੇ ਦੇ ਲੋਕਾਂ ਨੂੰ ਇਹ ਵੀ ਚਿੰਤਾ ਸਤਾ ਰਹੀ ਹੈ ਕਿ ਗਰਮੀ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ ਤੇ ਗਰਮੀ ਦੌਰਾਨ ਬਿਜਲੀ ਵਿਭਾਗ ਲੰਮੇ-ਲੰਮੇ ਕੱਟ ਲਗਾ ਦਿੰਦਾ ਹੈ ਤੇ ਬਿਜਲੀ ਦੇ ਕੱਟਾਂ ਦੌਰਾਨ ਬੀ.ਐਸ.ਐਨ.ਐਲ. ਉਪਭੋਗਤਾਵਾਂ ਦੇ ਮੋਬਾਈਲ ਫੋਨ ਬੰਦ ਹੀ ਰਹਿਣਗੇ। ਸੂਤਰਾਂ ਅਨੁਸਾਰ ਇਸ ਸਮੱਸਿਆ ਨੂੰ ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਜਾ ਚੁੱਕਾ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਜ਼ਿਕਰਯੋਗ ਹੈ ਕਿ ਕਸਬੇ ਦੇ ਇਸ ਟਾਵਰ ਤੋਂ ਤਕਰੀਬਨ 2 ਸਾਲ ਪਹਿਲਾਂ ਬੈਟਰੀਆਂ ਚੋਰੀ ਹੋ ਗਈਆਂ ਸਨ ਪਰ ਅੱਜ ਤੱਕ ਮਹਿਕਮੇ ਵਲੋਂ ਇਸ ਟਾਵਰ ਤੇ ਦੁਬਾਰਾ ਬੈਟਰੀਆਂ ਨਹੀਂ ਲਗਾਈਆਂ ਗਈਆਂ, ਜਿਸ ਕਾਰਨ ਬਿਜਲੀ ਜਾਣ ਤੇ ਇਹ ਟਾਵਰ ਬੰਦ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਕੰਪਨੀ ਨਾਲ ਵੱਡੀ ਤਦਾਦ ਵਿਚ ਕਸਬੇ ਅਤੇ ਇਲਾਕੇ ਦੇ ਲੋਕ ਜੁੜੇ ਹੋਏ ਹਨ। ਉਨ੍ਹਾਂ ਸਰਕਾਰ ਅਤੇ ਸਬੰਧਿਤ ਮਹਿਕਮੇ ਤੋਂ ਮੰਗ ਕੀਤੀ ਕਿ ਉਹ ਤੁਰੰਤ ਇਸ ਸਮੱਸਿਆ ਵੱਲ ਧਿਆਨ ਦੇਵੇ।

468 ad