ਜਥੇਦਾਰ ਅਕਾਲ ਤਖਤ ਚੋਣਾਂ ਦੌਰਾਨ ਨਸ਼ੇ ਵੰਡਣ ਵਿਰੁੱਧ ਹੁਕਮਨਾਮਾ ਜਾਰੀ ਕਰਨ : ਬਾਜਵਾ

partap-bajwa

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚੋਣਾਂ ਦੌਰਾਨ ਨਸ਼ੇ ਵੰਡਣ ਖਿਲਾਫ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕੀਤੀ ਹੈ ਅਤੇ ਭਾਵਨਾਤਮਕ ਮੁੱਦੇ ਚੁੱਕ ਕੇ ਬਾਦਲ ਸਰਕਾਰ ਦੇ ਵਿਕਾਸ ਏਜੰਡੇ ਦੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੰਦਾ ਕੀਤੀ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਇਸ ਹਲਕੇ ਤਲਵੰਡੀ ਸਾਬੋ ਨੂੰ ਪਿਛਲੇ 7 ਸਾਲਾਂ ਤੋਂ ਵੀ ਆਈ ਪੀ ਸਟੇਟਸ ਪ੍ਰਾਪਤ ਹੈ, ਜਿੱਥੋਂ ਹਰਸਿਮਰਤ ਬਾਦਲ ਦੂਸਰੀ ਵਾਰ ਸੰਸਦ ਮੈਂਬਰ ਬਣੀ ਹੈ ਅਤੇ ਸੂਬੇ ਦੇ ਸਾਰੇ ਸਾਧਨਾਂ ਨੂੰ ਇਸ ਖੇਤਰ ਵੱਲ ਮੋੜ ਦਿੱਤਾ ਗਿਆ ਹੈ। ਇਸ ਲੜੀ ਤਹਿਤ ਸਾਰੇ ਸਾਧਨ ਇੱਥੇ ਲਗਾਏ ਜਾਣ ਦੇ ਬਾਵਜੂਦ ਤਲਵੰਡੀ ਸਾਬੋ ਦਾ ਪੱਛੜਾਪਣ ਜਾਰੀ ਹੈ। ਜਿੱਥੇ ਲਿੰਕ ਸੜਕਾਂ ਨਹੀਂ ਹਨ ਅਤੇ ਪਿੰਡਾਂ ‘ਚ ਮੁੱਢਲੀਆਂ ਸੁਵਿਧਾਵਾਂ ਦੀ ਵੀ ਘਾਟ ਹੈ। ਉਨ੍ਹਾ ਵਧ ਰਹੀ ਨਸ਼ਾਖੋਰੀ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੋਟਰਾਂ ਨੂੰ ਲਲਚਾਉਣ ਲਈ ਨਸ਼ੇ ਵੰਡਣ ਖਿਲਾਫ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਮਾਣ ਸੰਬੰਧੀ ਭਾਵਨਾਤਮਕ ਮੁੱਦੇ ਚੁੱਕਣ ਦੀ ਕੋਸ਼ਿਸ਼ ਕਰਨ ਵਾਲੇ ਮੁੱਖ ਮੰਤਰੀ ਦੀ ਨਿੰਦਾ ਕੀਤੀ, ਜਿਨ੍ਹਾ ਦੀ ਸਰਕਾਰ ਆਪਣੇ ਦੂਜੇ ਕਾਰਜਕਾਲ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਪੂਰਾ ਕਰਨ ਦੇ ਬਾਵਜੂਦ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰਨ ‘ਚ ਨਾਕਾਮ ਰਹੀ ਹੈ। ਉਹ ਗੁਆਂਢੀ ਸੂਬੇ ‘ਚ ਸਿੱਖਾਂ ਦੇ ਧਾਰਮਿਕ-ਸਿਆਸੀ ਮਾਮਲਿਆਂ ਲਈ ਕਾਂਗਰਸ ‘ਤੇ ਦੋਸ਼ ਲਾ ਕੇ ਆਪਣੀ ਅਸਫਲਤਾਵਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਨਾਲ ਲੱਗਦੇ ਪਿੰਡ ਕਣਕਵਾਲ ਨੂੰ ਹੋਰ ਜਗ੍ਹਾ ਵਸਾਉਣ ਸੰਬੰਧੀ ਕੀਤੇ ਗਏ ਐਲਾਨ ਨੂੰ ਪੂਰਾ ਕਰਨ ‘ਚ ਅਸਫਲ ਰਹੀ ਸੂਬਾ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ, ਜਿਥੋਂ ਦੇ ਲੋਕਾਂ ਨੂੰ ਖੇਤਰ ‘ਚ ਪ੍ਰਦੂਸ਼ਣ ਕਾਰਨ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਬਹੁਤ ਗੰਭੀਰ ਮੁੱਦਾ ਹੈ ਤੇ ਇਸ ਨੂੰ ਪ੍ਰਮੁੱਖਤਾ ਦਿੱਤੀ ਜਾਣੀ ਚਾਹੀਦੀ ਹੈ।

468 ad