ਜਥੇਦਾਰਾਂ ਦੇ ਮਾਮਲੇ ‘ਤੇ ਟਕਰਾਅ ਵਧਣ ਦੇ ਅਸਾਰ: ਅੰਮ੍ਰਿਤਸਰ ਵਿਚ ਨਵਾਂ ਸਕੱਤਰੇਤ ਬਣਾਵਾਂਗੇ, ਭਾਈ ਮੰਡ

21ਅੰਮ੍ਰਿਤਸਰ/ ਚੰਡੀਗੜ੍ਹ, 4 ਮਈ ( ਪੀਡੀ ਬੇਉਰੋ ) ਅਖਬਾਰਾਂ ਵਿਚ ਬੀਤੇ ਦਿਨਾਂ ਤੋਂ ਨਸ਼ਰ ਹੋ ਰਹੀਆਂ ਰਿਪੋਰਟਾਂ ਅਨੁਸਾਰ ਜਥੇਦਾਰਾਂ ਦੇ ਮਾਮਲੇ ਨੂੰ ਲੈ ਕੇ ਸਿੱਖ ਧਿਰਾਂ ਵਿਚ ਟਕਰਾਅ ਭਖਣ ਦੇ ਅਸਾਰ ਹਨ, ਕਿਉਕਿ 10 ਨਵੰਬਰ 2015 ਨੂੰ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਥਾਪੇ ਗਏ ਨਵੇਂ ਜਥੇਦਾਰਾਂ ਨੇ ਸਰਗਰਮੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਥਾਪੇ ਗਏ ਜਥੇਦਾਰ ਅਜੇ ਤੱਕ ਵੀ ਨਹੀਂ ਹਟਾਏ ਗਏ।ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਗਏ ਤਖਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਮਾਫੀ ਦੇਣ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਖਿਲਾਫ ਵਿਆਪਕ ਹੋਰ ਉੱਠਿਆ ਸੀ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਤੇ ਜਥੇਬੰਦੀਆਂ ਨੇ ਇਨ੍ਹਾਂ ਵਿਅਕਤੀਆਂ ਨੂੰ ਤਖਤਾਂ ਦੇ ਜਥੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਅਕਾਲ ਤਖਤ ਸਾਹਿਬ ਉੱਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਪੰਜ ਪਿਆਰਿਆਂ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਵਿਅਕਤੀਆਂ ਨੂੰ ਸੇਵਾ-ਮੁੁਕਤ ਕਰਨ ਦਾ ਆਦੇਸ਼ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਇਨ੍ਹਾਂ ਵਿਅਕਤੀਆਂ ਨੂੰ ਜਥੇਦਾਰਾਂ ਦੇ ਅਹੁਦਿਆਂ ਤੋਂ ਹਟਾਉਣ ਦੀ ਬਜਾਏ ਪੰਜ ਪਿਆਰਿਆਂ ਨੂੰ ਹੀ ਬਰਖਾਸਤ ਕਰ ਦਿੱਤਾ ਸੀ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਮਾਨ) ਅਤੇ ਯੁਨਾਇਟਡ ਅਕਾਲੀ ਦਲ ਵੱਲੋਂ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ 10 ਨਵੰਬਰ 2015 ਨੂੰ ਪਿੰਡ ਚੱਬਾ ਵਿਖੇ ਸਰਬੱਤ ਖਾਲਸਾ 2015 ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪ੍ਰਬੰਧਕਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨ ਦਿੱਤਾ ਤੇ ਉਨ੍ਹਾਂ ਦੀ ਨਜ਼ਰਬੰਦੀ ਦੇ ਮੱਦੇਨਜ਼ਰ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਐਲਾਨਿਆ ਗਿਆ ਸੀ। ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਕ੍ਰਮਵਾਰ ਤਖਤ ਕੇਸਗੜ੍ਹ ਸਾਹਿਬ ਅਤੇ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ ਸੀ।ਇਨ੍ਹਾਂ ਐਲਾਨਾਂ ਤੋਂ ਛੇਤੀ ਬਾਅਦ ਦੀ ਨਵੇਂ ਜਥੇਦਾਰਾਂ- ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਸ਼ ਧਰੋਹ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ।ਹੁਣ ਜਮਾਨਤ ਉੱਤੇ ਰਿਹਾਈ ਤੋਂ ਬਾਅਦ ਇਨ੍ਹਾਂ ਨੇ ਸਿੱਖ ਸੰਗਤਾਂ ਵਿਚ ਸਰਗਰਮੀ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਈ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਨਾਂ ਹੇਠ ਆਪਣਾ ਵੱਖਰਾ ਸਕੱਤਰੇਤ ਅੰਮ੍ਰਿਤਸਰ ਵਿਖੇ ਸ਼ੁਰੂ ਕਰਨਗੇ, ਜਿਸ ਲਈ ਢੁਕਵੀਂ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ। ਇਸ ਐਲਾਨ ਦੇ ਮੱਦੇਨਜ਼ਰ ਆਉਂਦੇ ਦਿਨਾਂ ਵਿਚ ਇਸ ਮਾਮਲੇ ਉੱਤੇ ਸ਼੍ਰੋਮਣੀ ਕਮੇਟੀ ਤੇ ਇਨ੍ਹਾਂ ਧਿਰਾਂ ਵਿਚ ਟਕਰਾਅ ਵਧਣ ਦੇ ਅਸਾਰ ਬਣ ਰਹੇ ਹਨ।

468 ad

Submit a Comment

Your email address will not be published. Required fields are marked *