ਚੋਣ ਕਮਿਸ਼ਨ ਕਿਸੇ ਕੋਲੋਂ ਨਹੀਂ ਡਰਦਾ

ਚੋਣ ਕਮਿਸ਼ਨ ਕਿਸੇ ਕੋਲੋਂ ਨਹੀਂ ਡਰਦਾ

**ਵਾਰਾਨਸੀ ਵਿਵਾਦ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਬੋਲੇ
**ਨਿਰਪੱਖ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ

ਚੋਣ ਕਮਿਸ਼ਨ ਨੇ ਵਾਰਾਨਸੀ ਦੇ ਚੋਣ ਅਧਿਕਾਰੀ ਨੂੰ ਹਟਾਉਣ ਦੀ ਭਾਜਪਾ ਦੀ ਮੰਗ ‘ਤੇ ਤੁਰੰਤ ਕੋਈ ਕਾਰਵਾਈ ਕਰਨ ਤੋਂ ਅੱਜ ਇਨਕਾਰ ਕੀਤਾ ਅਤੇ ਕਿਹਾ ਕਿ ਕਮਿਸ਼ਨ ਕਿਸੇ ਪਾਰਟੀ, ਵਿਅਕਤੀ ਜਾਂ ਸੰਸਥਾ ਤੋਂ ਡਰੇ ਬਿਨਾਂ ਆਪਣਾ ਕੰਮ ਬਿਨਾਂ ਭੇਦਭਾਵ ਅਤੇ ਈਮਾਨਦਾਰੀ ਨਾਲ ਕਰਦਾ ਰਹੇਗਾ। ਮੁੱਖ ਚੋਣ ਕਮਿਸ਼ਨਰ ਵੀ. ਐੱਸ. ਸੰਪਤ ਨੇ ਕਿਹਾ ਕਿ ਕਮਿਸ਼ਨ ਇਕ ਸੰਵਿਧਾਨਿਕ ਸੰਸਥਾ ਅਤੇ ਪਿਛਲੇ 63 ਵਰ੍ਹਿਆਂ ਤੋਂ ਇਹ ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਕਰਾਉਂਦੀ ਆਈ ਹੈ ਅਤੇ ਇਸ ਦੀ ਪੂਰੀ ਦੁਨੀਆ ਵਿਚ ਸ਼ਲਾਘਾ ਹੁੰਦੀ ਹੈ। ਸਿਆਸੀ ਪਾਰਟੀਆਂ ਨੂੰ ਅਜਿਹੀਆਂ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ, ਜਿਸ ਨਾਲ ਸੰਵਿਧਾਨਿਕ ਸੰਸਥਾ ਦੇ ਵੱਕਾਰ ਨੂੰ ਢਾਹ ਲੱਗੇ। ਵਾਰਾਨਸੀ ਦੇ ਬੇਨੀਆ ਬਾਗ ਵਿਚ ਰੈਲੀ ਦੀ ਇਜਾਜ਼ਤ ਨਾ ਮਿਲਣ ਕਾਰਨ ਭਾਜਪਾ ਨੇਤਾਵਾਂ ਦੇ ਵਾਰਾਨਸੀ ਅਤੇ ਦਿੱਲੀ ਵਿਚ ਧਰਨਾ ਪ੍ਰਦਰਸ਼ਨ ਤੋਂ ਬਾਅਦ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿਚ ਸੰਪਤ ਨੇ ਕਿਹਾ ਕਿ ਕਮਿਸ਼ਨ ਕਿਸੇ ਤੋਂ ਡਰਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਨੀਆ ਬਾਗ ਦੀ ਰੈਲੀ ਨੂੰ ਲੈ ਕੇ ਕਮਿਸ਼ਨ ਦੇ ਰਵੱਈਏ ਵਿਚ ਕੋਈ ਤਬਦੀਲੀ ਨਹੀਂ ਆਈ ਹੈ ਅਤੇ ਵਾਰਾਨਸੀ ਦੇ ਚੋਣ ਅਧਿਕਾਰੀ ਦੀ ਭਰੋਸੇਯੋਗਤਾ ‘ਤੇ ਸ਼ੱਕ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ  ਹੈ। ਸੰਪਤ ਨੇ ਭਾਜਪਾ ਦਾ ਨਾਂ ਲਏ ਬਿਨਾਂ ਕਿਹਾ ਕਿ ਇਕ ਪਾਰਟੀ ਨੇ ਕਮਿਸ਼ਨ ‘ਤੇ ਨਿਰਪੱਖ ਢੰਗ ਨਾਲ ਕੰਮ ਨਾ ਕਰਨ ਦਾ ਦੋਸ਼ ਲਾਇਆ ਹੈ, ਜਿਸਨੂੰ ਉਹ ਸਿਰੇ ਤੋਂ ਖਾਰਿਜ ਕਰਦਾ ਹੈ।
ਉਨ੍ਹਾਂ ਕਿਹਾ ਕਿ ਕਮਿਸ਼ਨ ਸੰਵਿਧਾਨਿਕ ਸੰਸਥਾ ਹੈ, ਜਿਸਨੂੰ ਸੰਵਿਧਾਨ ਨੇ ਮਹੱਤਵਪੂਰਨ ਅਧਿਕਾਰ ਦਿੱਤੇ ਹਨ, ਜਿਸ ਦੇ ਘੇਰੇ ਵਿਚ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਇਸ ਮੌਕੇ ਚੋਣ ਕਮਿਸ਼ਨਰ ਐੱਚ. ਐੱਸ. ਬ੍ਰਹਮਾ ਅਤੇ ਨਸੀਮ ਜੈਦੀ ਵੀ ਮੌਜੂਦ ਸਨ। ਉਨ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਚਾਰ ਮੁਹਿੰਮ ਦੌਰਾਨ ਅਜਿਹਾ ਕੋਈ ਬਿਆਨ ਨਾ ਦੇਣ, ਜਿਸ ਨਾਲ ਕੋਈ ਪ੍ਰੇਸ਼ਾਨੀ ਪੈਦਾ ਹੋਵੇ। ਪਿਛਲੇ ਕੁਝ ਦਿਨਾਂ ਵਿਚ ਕੁਝ ਕੌਮੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਕੁਝ ਬਿਆਨ ਦਿੱਤੇ ਹਨ, ਜਿਸ ਤੋਂ ਕਮਿਸ਼ਨ ਨਿਰਾਸ਼ ਹੈ।
ਮੁੱਖ ਚੋਣ ਕਮਿਸ਼ਨਰ ਨੇ ਦੇਸ਼ ਵਿਚ ਹੁਣ ਤੱਕ 3 ਹਜ਼ਾਰ ਚੋਣ ਰੈਲੀਆਂ ਨੂੰ ਮਿਲੀ ਇਜਾਜ਼ਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹ੍ਹਾਂ ਮਾਮਲਿਆਂ ਵਿਚ ਅਰਜ਼ੀਆਂ ਦੇਣ ਤੋਂ ਤੈਅ ਸਮਾਂ ਹੱਦ ਅੰਦਰ ਇਜਾਜ਼ਤ ਦਿੱਤੀ ਗਈ ਪਰ ਵਾਰਾਨਸੀ ਦਾ ਮਾਮਲਾ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਕਾਰਨਾਂ ਕਾਰਨ ਮਹੱਤਵਪੂਰਨ ਸੀ। ਅਜਿਹੇ ਵਿਚ ਕਮਿਸ਼ਨ ਪੇਸ਼ੇਵਰ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਦੀ ਸਲਾਹ ਨੂੰ ਤਰਜੀਹ ਦੇਣਾ ਹੀ ਠੀਕ ਸਮਝਦਾ ਹੈ।

468 ad