ਗੁੜਗਾਉਂ ‘ਚ ਵੀ ਹੋਇਆ ਸੀ 47 ਸਿੱਖਾਂ ਦਾ ਕਤਲੇਆਮ

1ਚੰਡੀਗੜ੍,1 ਮਈ (ਪੀਡੀ ਬੇਉਰੋ ) 1984 ਵਿੱਚ ਦਿੱਲੀ ਦੇ ਨਾਲ ਨਾਲ ਹਰਿਆਣਾ ਦੇ ਕਸਬਾ ਗੁੜਗਾਉਂ ਅਤੇ ਪਟੌਦੀ ਵਿੱਚ 47 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਸ ਗੱਲ ਦੀ ਪੁਸ਼ਟੀ ਹਰਿਆਣਾ ਦੇ ਹੋਂਦ ਚਿੱਲੜ ਕਤਲੇਆਮ ਬਾਰੇ ਜਾਂਚ ਲਈ ਬਣੇ ਜਸਟਿਸ ਟੀ.ਪੀ. ਗਰਗ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਕੀਤੀ ਹੈ। ਕਮਿਸ਼ਨ ਨੇ 1984 ਵਿੱਚ ਗੁੜਗਾਉਂ ਤੇ ਪਟੌਦੀ ਵਿੱਚ 47 ਸਿੱਖਾਂ ਨੂੰ ਮਾਰੇ ਜਾਣ ਅਤੇ ਹੋਰ ਨੁਕਸਾਨ ਦੀ ਰਿਪੋਰਟ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੌਂਪ ਦਿੱਤੀ ਹੈ।ਕਮਿਸ਼ਨ ਨੇ ਗੁੜਗਾਉਂ ਅਤੇ ਪਟੌਦੀ ਵਿੱਚ ਕਤਲ ਕੀਤੇ ਗਏ ਸਿੱਖਾਂ ਦੇ ਵਾਰਸਾਂ ਨੂੰ ਹੋਦ ਚਿੱਲੜ ਦੀ ਤਰਜ਼ ’ਤੇ ਹੀ ਮੁਆਵਜ਼ਾ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਕਮਿਸ਼ਨ ਨੇ ਹੋਂਦ ਚਿੱਲੜ ਵਿੱਚ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਵੀਹ ਲੱਖ ਪ੍ਰਤੀ ਵਿਅਕਤੀ, ਇੱਕ ਮਾਮਲੇ ਵਿੱਚ ਪੱਚੀ ਲੱਖ ਰੁਪਏ ਅਤੇ ਮਾਨਸਿਕ ਰੋਗੀ ਦੇ ਮਾਮਲੇ ਵਿੱਚ 50 ਲੱਖ ਰੁਪਏ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਤੋਂ ਇਲਾਵਾ ਹਰੇਕ ਪਟੀਸ਼ਨਰ ਨੂੰ ਪੰਜ ਪੰਜ ਲੱਖ ਰੁਪਏ ਦੇਣ ਲਈ ਕਿਹਾ ਗਿਆ ਸੀ। ਇਸ ਆਧਾਰ ’ਤੇ ਗੁੜਗਾਉਂ ਤੇ ਪਟੌਦੀ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਯਾਦ ਰਹੇ ਕਿ ਸਾਲ 2011 ਦੇ ਫਰਵਰੀ ਮਹੀਨੇ ਵਿੱਚ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਹੋਦ ਚਿੱਲੜ ਵਿੱਚ ਸਿੱਖਾਂ ਦੇ ਕਤਲੇਆਮ ਦੀ ਜਾਣਕਾਰੀ ਮਿਲੀ ਸੀ ਤੇ ਉਸ ਤੋਂ ਬਾਅਦ ਉਹ ਇਸ ਪਿੰਡ ਗਿਆ ਤੇ ਉਸ ਨੇ ਕੁੱਝ ਹੋਰਾਂ ਦੀ ਮਦਦ ਨਾਲ ਇਸ ਮਾਮਲੇ ਨੂੰ ਮੀਡੀਆ ਵਿੱਚ ਉਭਾਰਿਆ। ਇਹ ਮਾਮਲਾ ਭਖਣ ਤੋਂ ਬਾਅਦ ਤਤਕਾਲੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਟੀ.ਪੀ. ਗਰਗ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਕਾਇਮ ਕੀਤਾ ਸੀ। ਜਾਂਚ ਦੌਰਾਨ ਕਮਿਸ਼ਨ ਨੂੰ ਉਸ ਵੇਲੇ ਗੁੜਗਾਉਂ ਵਿੱਚ ਸਿੱਖਾਂ ਦੇ 297 ਘਰ ਸਾੜੇ ਜਾਣ ਦਾ ਪਤਾ ਲੱਗਿਆ ਹੈ। ਪਟੌਦੀ ਵਿੱਚ ਘਰਾਂ ਤੋਂ ਇਲਾਵਾ ਸਿੱਖਾਂ ਦੀਆਂ ਫ਼ੈਕਟਰੀਆਂ ਸਾੜੀਆਂ ਗਈਆਂ ਸਨ।ਗਿਆਸਪੁਰਾ ਨੇ ਇਨ੍ਹਾਂ ਮਾਮਲਿਆਂ ਨੂੰ ਵੀ ਜਾਂਚ ਕਮਿਸ਼ਨ ਦੇ ਘੇਰੇ ਵਿੱਚ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ। ਅਦਾਲਤ ਨੇ ਜੁਲਾਈ 2012 ਵਿੱਚ ਕਮਿਸ਼ਨ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਦੋਵਾਂ ਥਾਵਾਂ ’ਤੇ ਜਾਨ-ਮਾਲ ਦੇ ਹੋਏ ਨੁਕਸਾਨ ਦੀ ਰਿਪੋਰਟ ਦਿੱਤੀ ਜਾਵੇ।ਛੇ ਮਹੀਨਿਆਂ ਲਈ ਗਠਿਤ ਕੀਤੇ ਕਮਿਸ਼ਨ ਦੀ ਮਿਆਦ ਵਿੱਚ ਦਸ ਵਾਰ ਵਾਧਾ ਕੀਤਾ ਗਿਆ। ਹੁਣ ਆਖ਼ਰੀ ਵਾਰ ਕਮਿਸ਼ਨ ਦੀ ਮਿਆਦ 31 ਮਾਰਚ ਤਕ ਵਧਾਈ ਗਈ ਸੀ ਅਤੇ ਕਮਿਸ਼ਨ ਨੇ ਮਿਆਦ ਖ਼ਤਮ ਹੋਣ ਤੋਂ ਲਗਭਗ ਇੱਕ ਮਹੀਨੇ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਹੈ। ਕਮਿਸ਼ਨ ਪਿੰਡ ਹੋਦ ਚਿੱਲੜ ਵਿੱਚ ਮਾਰੇ ਗਏ 32 ਸਿੱਖਾਂ ਸਬੰਧੀ ਪਹਿਲਾਂ ਹੀ ਸਰਕਾਰ ਨੂੰ ਰਿਪੋਰਟ ਸੌਂਪ ਚੁੱਕਾ ਹੈ ਤੇ ਸਰਕਾਰ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੀ ਹੈ।

468 ad

Submit a Comment

Your email address will not be published. Required fields are marked *