ਗੁਰਲਾਡ ਸਿੰਘ ਵੱਲੋਂ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

Gurlad-Singh-Kahlon-335x355

ਦਿੱਲੀ ਗੁਰਦੁਆਰਾ ਕਮੇਟੀ ਦੇ ਹਲਕਾ ਰਾਣੀ ਬਾਗ ਤੋਂ ਮੈਂਬਰ ਗੁਰਲਾਡ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦਿੱਲੀ ਪ੍ਰਦੇਸ਼ ਦੇ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਅਹਿਮ ਮਸਲਿਆਂ ਬਾਰੇ ਗੁਰਦੁਆਰਾ ਕਮੇਟੀ ਦੇ ਤਨਖਾਹਸ਼ੁਦਾ ਮੁਲਾਜ਼ਮਾਂ ਦੇ ਨਾਮ ਤੋਂ ਪੱਤਰ ਜਾਰੀ ਕਰਵਾ ਕੇ ਆਪਣੀ ਅਤੇ ਪਾਰਟੀ ਦੀ ਸਥਿਤੀ ਨੂੰ ਹੋੋਰ ਤਰਸਯੋਗ ਨਾ ਬਣਾਉਣ।
ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੇ ਆਗੂ ਆਪਣੇ ਕੋਲ ਉਨ੍ਹਾਂ ਦੇ ਅਸਤੀਫ਼ੇ ਵਿੱਚ ਚੁੱਕੇ ਗਏ ਸਵਾਲਾਂ ਦੇ ਜਵਾਬ ਹੋਣ ਦਾ ਦਾਅਵਾ ਕਰਦੇ ਹਨ ਤਾਂ ਉਹ ਉਨ੍ਹਾਂ ਨਾਲ ਕਿਸੇ ਵੀ ਚੈਨਲ ਜਾਂ ਸਟੇਜ ’ਤੇ ਜਨਤਕ ਬਹਿਸ ਕਰ ਸਕਦੇ ਹਨ, ਜਿੱਥੇ ਉਹ ਦਸਤਾਵੇਜ਼ੀ ਸਬੂਤਾਂ ਸਮੇਤ ਆਪਣੇ ਹਰ ਇਲਜ਼ਾਮ ਨੂੰ ਸਾਬਤ ਕਰਨਗੇ।
ਉਨ੍ਹਾਂ ਕਿਹਾ ਕਿ ਨਵੰਬਰ 2012 ਵਿੱਚ ਪੰਜਾਬੀ ਬਾਗ ਵਿੱਚ 1984 ਦੇ ਸ਼ਹੀਦਾਂ ਦੇ ਮੈਮੋਰੀਅਲ ਦੀ ਉਸਾਰੀ ਰੁਕਣ ਦੇ ਵਿਵਾਦ ਸਮੇਂ ਅਕਾਲੀ ਆਗੂਆਂ ਨੇ ਇਸ ਘਟਨਾਕ੍ਰਮ ਲਈ ਪਰਮਜੀਤ ਸਿੰਘ ਸਰਨਾ ਅਤੇ ਸ਼ੀਲਾ ਦੀਕਸ਼ਿਤ ਨੂੰ ਦੋਸ਼ੀ ਠਹਿਰਾਇਆ ਸੀ। ਜੇਕਰ ਅਕਾਲੀ ਦਲ ਦੇ ਹੁਣ ਦੇ ਪੱਤਰ ਮੁਤਾਬਕ, ਗੁਰਲਾਡ ਸਿੰਘ ਨਾਲ ਵਪਾਰਕ ਸਾਂਝ ਰੱਖਣ ਵਾਲੇ ਸੁਸ਼ੀਲ ਗੁਪਤਾ ਇਸ ਮਾਮਲੇ ਲਈ ਦੋਸ਼ੀ ਸਨ ਤਾਂ ਵੀ ਇਸ ਵਿੱਚ ਗੁਰਲਾਡ ਸਿੰਘ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਉਂਦੀ ਅਤੇ ਅਜਿਹੇ ਵਿੱਚ ਪਾਰਟੀ ਵੱਲੋਂ ਉਨ੍ਹਾਂ ਨੂੰ ਗੁਰਦੁਆਰਾ ਚੋਣਾਂ ਵਾਸਤੇ ਚੋਣ ਟਿਕਟ ਵੀ ਨਹੀਂ ਦੇਣੀ ਚਾਹੀਦੀ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਹੀ ਸੁਸ਼ੀਲ ਗੁਪਤਾ ਦੇ ਨਜ਼ਦੀਕੀ ਹਨ। ਪੰਜਾਬੀ ਬਾਗ ਕਲੱਬ ਦੀਆਂ ਚੋਣਾਂ ਦੌਰਾਨ ਸ੍ਰੀ ਸਿਰਸਾ ਨੇ ਸੁਸ਼ੀਲ ਗੁਪਤਾ ਦੀ ਟੀਮ ਨੂੰ ਜਿਤਾਉਣ ਲਈ ਪਹਿਲਾਂ ਚੋਣ ਪ੍ਰਚਾਰ ਕੀਤਾ ਤੇ ਫਿਰ ਉਨ੍ਹਾਂ ਦੇ ਗਿਣਤੀ ਏਜੰਟ ਬਣੇ। ਦੂਜੇ ਪਾਸੇ, ਸੁਸ਼ੀਲ ਗੁਪਤਾ ਨੇ ਨਿਗਮ ਪਾਰਸ਼ਦ ਦੀਆਂ ਚੋਣਾਂ ਦੌਰਾਨ ਸ੍ਰੀ ਸਿਰਸਾ ਲਈ ਚੋਣ ਪ੍ਰਚਾਰ ਕੀਤਾ ਸੀ ਅਤੇ ਅੱਜ ਵੀ ਉਹ ਕਲੱਬ ਦੇ ਚੇਅਰਮੈਨ ਹਨ ਜਦਕਿ ਸ੍ਰੀ ਸਿਰਸਾ ਕਲੱਬ ਦੇ ਮੁੱਖ ਸਰਪ੍ਰਸਤ ਹਨ। ਗੁਰਲਾਡ ਸਿੰਘ ਨੇ ਇਸ ਦੋਸ਼ ਨੂੰ ਨਕਾਰਿਆ ਕਿ ਉਨ੍ਹਾਂ ਨੇ ਕਾਂਗਰਸ ਨੂੰ ਲਾਭ ਪਹੁੰਚਾਉਣ ਲਈ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ’ਤੇ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਹ ਕਮੇਟੀ ਮੈਂਬਰ ਵਜੋਂ ਅਸਤੀਫ਼ਾ ਦੇਣ ਲਈ ਵੀ ਤਿਆਰ ਹਨ ਪਰ ਉਨ੍ਹਾਂ ਤੋਂ ਪਹਿਲਾਂ ਕਮੇਟੀ ਦੇ ਉਨ੍ਹਾਂ ਅਹੁਦੇਦਾਰਾਂ ਨੂੰ ਅਸਤੀਫ਼ੇ ਦੇਣੇ ਚਾਹੀਦੇ ਹਨ ਜਿਨ੍ਹਾਂ ਨੇ ਧਾਰਮਿਕ ਸੰਸਥਾ ਦੇ ਆਗੂ ਹੋਣ ਦੇ ਬਾਵਜੂਦ ਗੁਰਬਾਣੀ ਦੀ ਬੇਅਦਬੀ ਮਾਮਲੇ ਵਿੱਚ ਆਪਣੀ ਜ਼ੁਬਾਨ ਤੱਕ ਨਹੀਂ ਖੋਲ੍ਹੀ ਹੈ।

468 ad