ਗੁਰਲਾਡ ਨੇ ਅਕਾਲੀ ਦਲ ਦੀ ਕਾਰਜਪ੍ਰਣਾਲੀ ਤੋਂ ਦੁਖੀ ਹੋ ਕੇ ਅਸਤੀਫਾ ਦਿੱਤਾ : ਖਹਿਰਾ

 ਗੁਰਲਾਡ ਨੇ ਅਕਾਲੀ ਦਲ ਦੀ ਕਾਰਜਪ੍ਰਣਾਲੀ ਤੋਂ ਦੁਖੀ ਹੋ ਕੇ ਅਸਤੀਫਾ ਦਿੱਤਾ : ਖਹਿਰਾ

**ਸਿੱਖ ਭਾਈਚਾਰੇ ਨੂੰ ਗੁੰਮਰਾਹ ਕੀਤਾ ਜਾ ਰਿਹੈ : ਸਰਨਾ**

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਾਦਲ ਦਲ ਦੇ ਇਕ ਮੈਂਬਰ ਗੁਰਲਾਡ ਸਿੰਘ ਵਲੋਂ ਅਕਾਲੀ ਦਲ ਤੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਸਿਆਸੀ ਵਿਵਾਦ ਹੋਰ ਵਧਦਾ ਜਾ ਰਿਹਾ ਹੈ। ਕਲ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਸੀ ਕਿ ਗੁਰਲਾਡ ਸਿੰਘ ਨੂੰ ਗੁੰਮਰਾਹ ਕਰਨ ਪਿਛੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਹੱਥ ਹੈ ਕਿਉਂਕਿ ਉਨ੍ਹਾਂ ਨੇ ਕੈਬਨਿਟ ਮੰਤਰੀ  ਬਿਕਰਮ ਸਿੰਘ ਮਜੀਠੀਆ ਤੋਂ ਬਦਲਾ ਲੈਣ ਲਈ ਦਿੱਲੀ ਕਮੇਟੀ ਵਿਚ ਦਖਲ ਦਿੱਤਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅਕਾਲੀਆਂ ਨੂੰ ਸਵਾਲ ਕਰਦਿਆਂ  ਕਿਹਾ ਕਿ ਕੈਪਟਨ ਦਿੱਲੀ ਕਮੇਟੀ ਵਿਚ ਦਖਲ ਕਿਉਂ ਦੇਣਗੇ। ਉਨ੍ਹਾਂ ਕਿਹਾ ਕਿ ਗੁਰਲਾਡ ਨੇ ਅਕਾਲੀ ਦਲ ਦੀ ਕਾਰਜਪ੍ਰਣਾਲੀ ਨੂੰ ਦੇਖਦੇ ਹੋਏ ਅਸਤੀਫਾ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਅਸਲ ਵਿਚ ਅਕਾਲੀਆਂ ਨੂੰ ਹਮੇਸ਼ਾ ਕੈਪਟਨ ਦਾ ਹੀ ਸੁਪਨਾ ਆਉਂਦਾ ਹੈ।  ਗੁਰਲਾਡ ਸਿੰਘ ਵਲੋਂ ਅਕਾਲੀ ਲੀਡਰਸ਼ਿਪ ਵਿਰੁੱਧ ਲਗਾਏ ਗਏ ਦੋਸ਼ ਕਾਫੀ ਗੰਭੀਰ ਹਨ, ਜਦਕਿ ਹੁਣ ਦਿੱਲੀ ਦੇ ਅਕਾਲੀ ਨੇਤਾ ਬਿਨਾਂ ਕਾਰਨ ਕੈਪਟਨ ‘ਤੇ ਦੋਸ਼ ਲਗਾ ਰਹੇ ਹਨ, ਜਿਸ ਤੋਂ ਉਨ੍ਹਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਵਲੋਂ ਦਿੱਲੀ ਕਮੇਟੀ ਦੇ ਮਾਮਲਿਆਂ ਵਿਚ ਕੋਈ ਦਖਲ ਨਹੀਂ ਦਿੱਤਾ ਜਾ ਰਿਹਾ ਜਿਵੇਂ ਕਿ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਪੰਜਾਬ ਵਿਚ ਅਕਾਲੀ ਨੇਤਾਵਾਂ ਨੂੰ ਲੋਕ ਸਭਾ ਚੋਣਾਂ ਵਿਚ ਆਪਣੀ ਹਾਰ ਨਜ਼ਰ ਆ ਰਹੀ ਹੈ, ਇਸ ਲਈ ਉਹ ਜਨਤਾ ਦਾ ਧਿਆਨ ਵੰਡਣ ਲਈ ਦਿੱਲੀ ਕਮੇਟੀ ਵਿਚ ਕਾਂਗਰਸ ਦੇ ਦਖਲ ਦੀ ਗੱਲ ਕਰਕੇ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸੱਚਾਈ ਦਿੱਲੀ ਦੇ ਸਿੱਖਾਂ ਦੇ ਸਾਹਮਣੇ ਆ ਗਈ ਹੈ। ਆਉਣ ਵਾਲੇ ਸਮੇਂ ਵਿਚ ਸਿੱਖ ਭਾਈਚਾਰਾ ਦਿੱਲੀ ਦੇ ਅਕਾਲੀ ਨੇਤਾਵਾਂ ਨਾਲ ਪੂਰੀ ਤਰ੍ਹਾਂ ਨਾਤਾ ਤੋੜ ਲਵੇਗਾ।

468 ad