ਗਿਆਨੀ ਮੱਲ ਸਿੰਘ ਨੇ ਪੰਥਕ ਨਿਯਮਾਂ ਦੀ ਕੀਤੀ ਉਲੰਘਣਾ

ਗਿਆਨੀ ਮੱਲ ਸਿੰਘ ਨੇ ਪੰਥਕ ਨਿਯਮਾਂ ਦੀ ਕੀਤੀ ਉਲੰਘਣਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਕੁਰਬਾਨੀ ਦੇ ਪ੍ਰਤੀਕ ਸ਼ਬਦ ‘ਦੇਹ ਸ਼ਿਵਾ ਬਰਮੋਹੇ ਇਹੈ’ ਦੀ ਤੁਕ ਨੂੰ ਵਿਗਾੜ ਕੇ ਭਾਜਪਾ ਦੇ ਆਗੂ ਅਰੁਣ ਜੇਤਲੀ ਦੇ ਨਾਂ ਨਾਲ ਜੋੜ ਕੇ ਜਿਹੜੀ ਨਾ ਮੁਆਫੀਯੋਗ ਗਲਤੀ ਕੀਤੀ ਹੈ, ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ (ਧਾਰਮਿਕ ਸਜ਼ਾ) ਨੂੰ ਪੂਰਾ ਕਰਨ ਲਈ ਬੀਤੇ ਕੱਲ ਬਿਕਰਮ ਮਜੀਠੀਆ ਨੇ ਇਕੋ ਦਿਨ ਦੋ ਤਖਤਾਂ ‘ਤੇ ਧਾੜਵੀਆ ਦੀ ਤਰ੍ਹਾਂ ਜਾ ਕੇ ਸੇਵਾ ਕਰਨ ਦਾ ਜਿਹੜਾ ਪਾਖੰਡ ਰੱਚਿਆ ਹੈ, ਉਹ ਵੀ ਕਾਫੀ ਨਿੰਦਾਯੋਗ ਹੈ ਅਤੇ ਸਿੱਖ ਪੰਥ ਦੀ ਪਰੰਪਰਾ ਤੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਧੂ ਨੇ ਕਿਹਾ ਕਿ ਬਿਕਰਮ ਸਿੰਘ ਨੂੰ ਆਪਣੀ ਕੀਤੀ ਗਲਤੀ ਦਾ ਕੋਈ ਪਛਤਾਵਾ ਨਹੀਂ ਹੈ ਤੇ ਉਹ ਅੱਜ ਵੀ ਸੇਵਾ ਕਰਨ ਵੇਲੇ ਵੀ ਹੈਂਕੜ ਦਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਿਕਰਮ ਮਜੀਠੀਆ ਨੂੰ ਤਨਖਾਹ ਲਗਾਈ ਗਈ ਸੀ ਤਾਂ ਉਸ ਸਮੇਂ ਜਥੇਦਾਰ ਨੇ ਚਾਰ ਤਖਤਾਂ ਤੇ ਇਕ-ਇਕ ਦਿਨ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ 3 ਦਿਨ ਸੇਵਾ ਕਰਨ ਦੀ ਤਨਖਾਹ ਲਗਾਈ ਸੀ ਪਰ ਮਜੀਠੀਆ ਨੇ ਇਕੋ ਦਿਨ ਦੋ ਤਖਤਾਂ ‘ਤੇ ਤਨਖਾਹ ਦਾ ਫਸਤਾ ਵੱਢਦਿਆਂ ਇਸ ਨੂੰ ਨਿਮਾਣੇ ਸਿੱਖ ਵਾਂਗ ਖਤਮ ਕਰਨ ਦੀ ਪ੍ਰੀਕਿਰਿਆ ਨਹੀਂ ਅਪਣਾਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਨਖਾਹੀਏ ਤਨਖਾਹ ਭੁਗਤਣ ਵੇਲੇ ਨੰਗੇ ਪੈਰੀ ਜਾਂਦੇ ਸਨ ਪਰ ਬਿਕਰਮ ਮਜੀਠੀਆ ਦਾ ਜਹਾਜ਼ ਤਾਂ ਤਖਤ ਸਾਹਿਬ ਦੇ ਕੋਲ ਹੀ ਉਤਰਿਆ ਜੋ ਧਾੜਵੀ ਹੋਣ ਦਾ ਪੈਗਾਮ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਬਹੁਤਾ ਸਮਾਂ ਤਖਤ ਸਾਹਿਬ ਦੇ ਦਫਤਰ ਵਿਚ ਹੀ ਗੁਜ਼ਾਰਿਆ ਹੈ। ਉਨ੍ਹਾਂ ਕਿਹਾ ਕਿ ਰਹਿਤਨਾਮੇ ਵਿਚ ਲਿਖਿਆ ਹੈ ਕਿ ਕਿਸੇ ਵੀ ਤਨਖਾਹੀਏ ਦੀ ਉਦੋਂ ਤੱਕ ਕੋਈ ਵੀ ਅਰਦਾਸ ਨਹੀਂ ਹੋ ਸਕਦੀ, ਜਦੋਂ ਤੱਕ ਲੱਗੀ ਤਨਖਾਹ ਦੀ ਸੇਵਾ ਪੂਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਿਮਾ ਯਾਚਨਾ ਦੀ ਅਰਦਾਸ ਨਹੀਂ ਹੋ ਜਾਂਦੀ ਪਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਇਕ ਤਨਖਾਹੀਏ ਦੀ ਅਰਦਾਸ ਕਰਕੇ ਨਿਯਮਾਂ ਤੇ ਪਰੰਪਰਾ ਦੀ ਉਲੰਘਣਾ ਕੀਤੀ ਹੈ, ਜਿਸ ਦਾ ਵੀ ਸਿੱਖ ਸੰਗਤਾਂ ਵਲੋਂ ਗੰਭੀਰ ਨੋਟਿਸ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਗਿਆਨੀ ਮੱਲ ਸਿੰਘ ਨੇ ਅਰਦਾਸ ਕਰਕੇ ਨਵੀਂ ਪਿਰਤ ਹੀ ਨਹੀਂ ਪਾਈ ਸਗੋਂ ਉਸ ਨੂੰ ਹੋਰ ਗਲਤੀਆ ਕਰਨ ਦੀ ਸ਼ਹਿ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਮਜੀਠੀਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਗਾਈ ਗਈ ਸੀ, ਉਸ ਦਿਨ ਵੀ ਗਿਆਨੀ ਮੱਲ ਸਿੰਘ ਨੇ ਉਸ ਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਕਹਿ ਕੇ ਸੰਬੋਧਨ ਕੀਤਾ ਸੀ ਜੋ ਰਹਿਤਨਾਮੇ ਅਨੁਸਾਰ ਗਲਤ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਘੇਰੇ ਵਿਚ ਮਜੀਠੀਆ ਦੇ ਨਾਲ-ਨਾਲ ਗਿਆਨੀ ਮੱਲ ਸਿੰਘ ਵੀ ਆ ਗਏ ਹਨ।

468 ad