ਗਿਆਨੀ ਇਕਬਾਲ ਸਿੰਘ ਨੇ ਕਾਰਜਕਾਰੀ ਜਥੇਦਾਰਾਂ ਨੂੰ “ਤਨਖਾਹੀਆ” ਕਹਿ ਕੇ ਵਿਵਾਦ ਛੇੜਿਆ

7ਅੰਮ੍ਰਿਤਸਰ, 16 ਮਈ ( ਜਗਦੀਸ਼ ਬਾਮਬਾ ) ਗਿਆਨੀ ਇਕਬਾਲ ਸਿੰਘ, ਜੋ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰਾਂ ਦੀ ਮੀਟਿੰਗ ਵਿਚ ਸ਼ਾਮਲ ਸਨ, ਨੇ ਕਿਹਾ ਕਿ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪਟਨਾ ਸਾਹਿਬ ਦੀ ਯਾਤਰਾ ਦੌਰਾਨ ਤਖ਼ਤ ਸ੍ਰੀ ਹਰਿਮੰਦਰ, ਪਟਨਾ ਸਾਹਿਬ ਤੋਂ ਸਨਮਾਨਤ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੇ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ “ਜਥੇਦਾਰਾਂ” ਦੇ ਰੂਪ ਵਿਚ ਮਾਨਤਾ ਨਹੀਂ ਦਿੱਤੀ।ਮੀਡੀਆ ਵਲੋਂ ਕਾਰਜਕਾਰੀ ਜਥੇਦਾਰਾਂ ਨੂੰ ਸਿਰੋਪੇ ਦੇਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤਖ਼ਤ ਪਟਨਾ ਸਾਹਿਬ ਦੇ ਜਿਸ ਮੈਂਬਰ ਤੋਂ ਇਨ੍ਹਾਂ “ਜਥੇਦਾਰਾਂ” ਨੇ ਸਿਰੋਪਾ ਲਿਆ ਉਹ ਖੁਦ ਹੀ ਪਤਿਤ ਅਤੇ ਤਨਖਾਹੀਆ ਹੈ, ਤਨਖਾਹੀਏ ਕੋਲੋਂ ਸਿਰੋਪਾ ਪ੍ਰਵਾਨ ਕਰ ਕੇ ਕਾਰਜਕਾਰੀ ਜਥੇਦਾਰ ਵੀ ਤਨਖਾਹੀਏ ਹੋ ਗਏ ਹਨ।ਜਦੋਂ ਕੁਝ ਪੱਤਰਕਾਰਾਂ ਨੇ ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਤਾਰਾ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਤਖ਼ਤ ਹਜ਼ੂਰ ਸਾਹਿਬ ਦੇ ਨੁਮਾਇੰਦੇ ਗਿਆਨੀ ਜਯੋਤਇੰਦਰ ਸਿੰਘ ਹੀ ਇਸ ਸਵਾਲ ਦਾ ਜਵਾਬ ਦੇਣਗੇ। ਸਿੱਖ ਸਿਆਸਤ ਦੇ ਮੌਜੂਦ ਪੱਤਰਕਾਰ ਨੇ ਦੱਸਿਆ ਕਿ ਜਦੋਂ ਮੀਡੀਆ ਨੇ ਆਪਣੇ ਕੈਮਰੇ ਗਿਆਨੀ ਜਯੋਤਇੰਦਰ ਸਿੰਘ ਵਲ ਘੁਮਾਏ ਤਾਂ ਗਿਆਨੀ ਗੁਰਬਚਨ ਸਿੰਘ ਨੇ ਦਖਲਅੰਦਾਜ਼ੀ ਕਰਦੇ ਹੋਏ ਕਿਹਾ ਕਿ ਮੀਡੀਆ ਦਾ ਸਮਾਂ ਖਤਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਤਾਰਾ ਸਿੰਘ ਨੂੰ ਹਿੰਦੂਤਵੀ ਜਥੇਬੰਦੀ ਆਰ.ਐਸ.ਐਸ. ਦਾ ਕਾਰਜਕਰਤਾ ਮੰਨਿਆ ਜਾਂਦਾ ਹੈ ਅਤੇ ਉਸਦਾ ਚਾਲ ਚਲਣ ਅਤੇ ਲੋਕਾਚਾਰ ਸਿੱਖ ਮਰਯਾਦਾ ਦੇ ਖਿਲਾਫ ਹੈ।ਜ਼ਿਕਰਯੋਗ ਹੈ, 24 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਵਾਲਿਆਂ ਵਿਚ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਰਾਮ ਸਿੰਘ (ਤਖ਼ਤ ਹਜ਼ੂਰ ਸਾਹਿਬ ਦੇ ਗ੍ਰੰਥੀ) ਸ਼ਾਮਲ ਸਨ। ਸਿੱਖ ਪੰਥ ਨੇ ਇਸਤੋਂ ਬਾਅਦ ਇਨ੍ਹਾਂ ਬੰਦਿਆਂ ਨੂੰ ਜਥੇਦਾਰਾਂ ਦੇ ਰੂਪ ਵੀ ਖਾਰਜ ਕਰ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਅਤੇ ਹੋਰ ਪ੍ਰਬੰਧਕ ਸੰਸਥਾਵਾਂ ਕਰਕੇ ਇਹ ਬੰਦੇ ਹਾਲੇ ਵੀ ਜਥੇਦਾਰਾਂ ਵਾਂਗ ਵਿਚਰ ਰਹੇ ਹਨ।ਉਥੇ ਹੀ ਦੂਜੇ ਪਾਸੇ ਕੁਝ ਸਿੱਖ ਧੜਿਆਂ ਨੇ 10 ਨਵੰਬਰ 2015 ਨੂੰ ਪੰਥਕ ਇਕੱਠ ਵਿਚ ਨਵੇਂ ਜਥੇਦਾਰ ਚੁਣ ਲਏ ਸਨ। ਪਰ ਨਵੀਂਆਂ ਨਿਯੁਕਤੀਆਂ ਨੂੰ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੁਝ ਹੋਰ ਸਿੱਖ ਧੜਿਆਂ ਨੇ ਪ੍ਰਵਾਨ ਨਹੀਂ ਕੀਤਾ।

468 ad

Submit a Comment

Your email address will not be published. Required fields are marked *