ਖੇਤੀ ਸਬੰਧੀ ਸਰਬਉੱਤਮ ਖੋਜਾਂ ਲਈ ਪ੍ਰੋ: ਦਲਜੀਤ ਸਿੰਘ ਵਿਰਕ ਨੂੰ ਵੇਲਜ਼ ਦੀ ਬੈਂਗਰ ਯੂਨੀਵਰਸਿਟੀ ਵਲੋਂ ਸਨਮਾਨ

Daljit Singh Virk Sanman News Photo
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਖੇਤੀ ਸਬੰਧੀ ਉੱਚ ਮਿਆਰੀ ਖੋਜ ਲਈ ਪ੍ਰੋ: ਦਲਜੀਤ ਸਿੰਘ ਵਿਰਕ ਦਾ ਬੈਂਗਰ ਯੂਨੀਵਰਸਿਟੀ ਵੱਲੋਂ ਸਨਮਾਨ ਕੀਤਾ ਗਿਆ। ਉਨਾਂ੍ਹ ਦੀ ਖੋਜ ਨਾਲ ਪੂਰਬੀ ਅਤੇ ਪੱਛਮੀ ਭਾਰਤ ਦੇ ਛੇ ਸੂਬਿਆਂ ਦੇ ਲੱਖਾਂ ਛੋਟੇ ਤੇ ਗਰੀਬ ਕਿਸਾਨਾਂ ਦੇ ਪਰਵਾਰਾਂ ਨੂੰ ਭੁੱਖਮਰੀ ਅਤੇ ਅਨਾਜ ਦੀ ਘਾਟ ਤੋਂ ਛੁਟਕਾਰਾ ਮਿਲਿਆ ਹੈ। ਪਿਛਲੇ ਦੋ ਦਹਾਕਿਆਂ ਤੋਂ ਡਾ: ਵਿਰਕ ਅਤੇ ਉਨ੍ਹਾਂ ਦੇ ਸਾਥੀ ਵਿਗਿਆਨੀ ਡਾ: ਜੌਹਨ ਵਿਟਕੋਂਬ ਦੱਖਣ ਏਸ਼ੀਆ ਅਤੇ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਉੱਚ ਮਿਆਰੀ ਖੋਜਾਂ ਨਾਲ ਲੱਖਾਂ ਪਰਵਾਰਾਂ ਨੂੰ ਲਾਭ ਪਹੁੰਚਾ ਚੁੱਕੇ ਹਨ। ਹੈਰਾਨੀਜਨਕ ਅਨਾਜ ਦਾ ਇਹ ਵਾਧਾ ਝੋਨੇ ਦੀਆਂ ਨਵੀਆਂ ਕਿਸਮਾਂ ਤੋਂ ਉਨਾਂ੍ਹ ਥਾਵਾਂ ਤੇ ਹੋਇਆ ਜਿੱਥੇ ਹਰੀ ਕਰਾਂਤੀ ਨੇ ਪੈਰ ਨਹੀਂ ਪਾਏ ਅਤੇ ਜਿੱਥੇ ਗਰੀਬ ਤੇ ਛੋਟੇ ਕਿਸਾਨ ਉਚਾਣ ਵਾਲੀਆਂ ਰੱਕੜ-ਬਰਾਨੀ ਜ਼ਮੀਨਾਂ ਵਾਹੁੰਦੇ ਹਨ। ਡਾ: ਵਿਰਕ ਨੇ ਝੋਨੇ ਦੀਆਂ ਐਸੀਆਂ ਕਿਸਮਾਂ ਵਿਕਸਤ ਕੀਤੀਆਂ ਹਨ ਜੋ ਸੋਕੇ ਦੀ ਮਾਰ ਝੱਲ ਸਕਦੀਆਂ ਹਨ ਅਤੇ ਸਿੰਚਾਈ ਬਿਨਾਂ ਮੀਂਹ ਨਾਲ਼ 90 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਪਹਿਲੀ ਵਾਰ ਉਨ੍ਹਾਂ ਨੂੰ ਦੁਗਣੇ ਝਾੜ ਵਾਲੀਆਂ, ਪਤਲੇ ਅਤੇ ਲੰਬੇ ਦਾਣਿਆਂ ਵਾਲੀਆਂ ਕਿਸਮਾਂ ਮੁੱਹਈਆ ਹੋਈਆਂ ਹਨ ਜੋ ਖਾਣ ਵਿੱਚ ਸੁਆਦੀ ਹਨ।
ਡਾ: ਵਿਰਕ ਅਤੇ ਡਾ: ਵਿਟਕੋਂਬ ਦੀ ‘ਡੀਪਾਰਟਮੈਂਟ ਫਾਰ ਇੰਟਰਨੈਸ਼ਨਲ ਡਵੈਲਪਮੈਂਟ’ ਵਲੋਂ ਫੰਡ ਕੀਤੀ ਖੋਜ ਵਿੱਚ ਭਾਰਤੀ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਵੀ ਭਾਗੀਦਾਰ ਹਨ। ਇਸ ਖੋਜ ਵਿੱਚ ਦੋਵਾਂ ਵਿਗਿਆਨੀਆਂ ਨੇ ਕਿਸਾਨਾਂ ਦੀ ਸਹਿਭਾਗੀ ਨਾਲ ਐਸੀਆਂ ਤਕਨੀਕਾਂ ਤਿਆਰ ਕੀਤੀਆਂ ਜਿਨਾਂ੍ਹ ਤੋਂ ਅੱਧੀ ਦਰਜਨ ਦੇ ਕਰੀਬ ਝੋਨੇ ਦੀਆਂ ਨਵੀਆਂ ਕਿਸਮਾਂ ਈਜਾਦ ਕੀਤੀਆਂ ਗਈਆਂ। ਇਨ੍ਹਾਂ ਵਿਚੋਂ ਦੋ ਕਿਸਮਾਂ, ਅਸ਼ੋਕਾ 200 ਐਫ ਅਤੇ ਅਸ਼ੋਕਾ 228 ਸੋਕੇ ਦੀ ਮਾਰ ਝੱਲ਼ਣ ਵਾਲੀਆਂ ਅਤੇ ਰੱਕੜ ਜ਼ਮੀਨਾਂ ਲਈ ਢੁਕਵੀਆਂ ਹਨ। ਅਗੇਤੀਆਂ ਹੋਣ ਕਰਕੇ ਇਹ ਉਦੋਂ ਪੱਕਦੀਆਂ ਹਨ ਜਦ ਗਰੀਬ ਘਰਾਂ ਵਿੱਚ ਖਾਣ ਨੂੰ ਚੌਲ ਨਹੀਂ ਹੁੰਦੇ। ਦਾਣਾ ਪਤਲਾ ਤੇ ਲੰਮਾਂ ਹੋਣ ਕਰਕੇ ਇਨਾਂ੍ਹ ਦਾ ਭਾਅ ਵੀ ਵਧੀਆ ਮਿਲਦਾ ਹੈ। ਡਾ: ਵਿਰਕ ਦੀ ਖੋਜ ਨੂੰ ਡੀਪਾਰਟਮੈਂਟ ਫਾਰ ਇੰਟਰਨੈਸ਼ਨਲ ਡਵੈਲਪਮੈਂਟ ਨੇ ਸਾਊਥ ਏਸ਼ੀਆ ਦੇ 300 ਖੋਜ ਪ੍ਰੋਜੈਕਟਾਂ ਵਿਚੋਂ ਅਵਲ ਗਿਰਦਾਨ ਕੇ ਪੰਜ ਸਾਲ ਲਈ ਵਾਧੂ ਫੰਡਡਿਗ ਵੀ ਕੀਤੀ। ਕਿਸਾਨਾਂ ਦੀ ਪਸੰਦ ਹੋਣ ਕਰਕੇ ਰੌਕਫੈਲਰ ਫਾਉਂਡੇਸ਼ਨ ਨੇ ਵੀ ਫੰਡਿਗ ਕਰਕੇ ਇਨ੍ਹਾਂ ਕਿਸਮਾਂ ਨੂੰ ਛੇ ਸੂਬਿਆਂ ਦੇ ਹੋਰ ਲੋਕਾਂ ਤੱਕ ਫੈਲਾਉਣ ਵਿੱਚ ਹਿੱਸਾ ਪਾਇਆ। ਇਨਾਂ੍ਹ ਸੰਸਥਾਵਾਂ ਵਲੋਂ ਕੀਤੇ ਸਰਵੇਖਣਾਂ ਅਨੁਸਾਰ ਅਸ਼ੋਕਾ ਕਿਸਮਾਂ ਦਾ ਸਵਾ ਚਾਰ ਲੱਖ ਹੈਕਟੇਅਰ ਤੇ ਕਾਸ਼ਤ ਹੋਣ ਦਾ ਅਨੁਮਾਨ ਲਾਇਆ ਗਿਆ ਜਿਸ ਤੋਂ 30 ਲੱਖ ਪ੍ਰਵਾਰਾਂ ਨੂੰ ਲਾਭ ਹੋਇਆ। ਉਨਾਂ੍ਹ ਦੇ ਸਰਵੇਖਣ ਅਨੁਸਾਰ ਇਹ ਲਾਭ 170 ਲੱਖ ਪੌਂਡ ਸਾਲਾਨਾ ਹੈ ਜੋ ਖੋਜ ਤੇ ਖਰਚ ਕੀਤੀ ਰਕਮ ਦਾ ਕਈ ਗੁਣਾਂ ਹੈ। ਭਵਿੱਖ ਵਿੱਚ ਇਨਾਂ੍ਹ ਕਿਸਮਾਂ ਦਾ ਲਾਭ ਕਈ ਗੁਣਾਂ ਵਧਣ ਦਾ ਅੰਦਾਜਾ ਹੈ ਕਿਉਂ ਕਿ ਇਹ ਕਿਸਮਾਂ ਭਾਰਤ ਸਰਕਾਰ ਵਲੋਂ ਮੰਨਜੂਰ ਸ਼ੁਦਾ ਹਨ। ਸਰਕਾਰੀ ਅਦਾਰੇ ਅਤੇ ਯੂਨੀਵਰਸਿਟੀਆਂ ਇਨ੍ਹਾਂ ਦਾ ਬੀਜ ਵਧਾ ਰਹੀਆਂ ਹਨ।

468 ad

Submit a Comment

Your email address will not be published. Required fields are marked *