ਖਾਲਸਾ ਜੀ ਦੇ ਬੋਲ ਬਾਲੇ ਤੇ ਕੌਮ ਦੀਆਂ ਰਾਜਸੀ ਇਛਾਵਾਂ ਦੀ ਪੂਰਤੀ ਲਈ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦੀ ਸਿਰਜਣਾ ਜ਼ਰੂਰੀ ਹੈ – ਦਲ ਖਾਲਸਾ

dal khalsa Azadi1

ਦਲ ਖਾਲਸਾ ਨੇ 13 ਅਗਸਤ ਨੂੰ “ਆਜ਼ਾਦੀ ਸੰਕਲਪ ਦਿਵਸ” ਵਜੋਂ ਮਨਾਉਦਿਆਂ ਕਿਹਾ ਕਿ ਖ਼ਾਲਸੇ ਜੀ ਦੇ ਬੋਲ ਬਾਲੇ, ਸਿੱਖੀ ਦੀ ਪ੍ਰਫੁੱਲਤਾ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਕੌਮ ਦੀਆਂ ਰਾਜਸੀ ਇਛਾਵਾਂ ਦੀ ਪੂਰਤੀ ਲਈ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦੀ ਸਿਰਜਣਾ ਜ਼ਰੂਰੀ ਹੈ।

ਜਥੇਬੰਦੀ ਦੀ 36ਵੀ ਵਰੇਗੰਢ ਮੌਕੇ ਆਜ਼ਾਦੀ ਇੱਕੋ-ਇੱਕ ਰਾਹ’ ਵਿਸ਼ੇ ਤੇ ਆਯੋਜਿਤ ਕਾਨਫਰੰਸ ਦੌਰਾਨ ਪਾਰਟੀ ਵਰਕਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਰੀਝ ਹੈ ਕਿ ਉਹਨਾਂ ਨੂੰ ਵੀ ਦੂਜੀਆਂ ਆਜ਼ਾਦ ਕੌਮਾਂ ਦੇ ਬਰਾਬਰ ਦਾ ਰੁਤਬਾ ਹਾਸਲ ਹੋਵੇ, ਉਹ ਵੀ ਆਪਣੀ ਕੌਮ ਦੀ ਕਿਸਮਤ ਦੇ ਫੈਸਲੇ ਆਪ ਕਰਨ।
ਕਾਨਫਰੰਸ ਉਪਰੰਤ ਜਥੇਬੰਦੀ ਦੇ ਨੌਜਵਾਨ ਕਾਰਜਕਰਤਾਵਾਂ ਜੋ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ, ਨੇ ਸ਼ਹਿਰ ਵਿੱਚ ਖਾਲਸਾਈ ਝੰਡੇ, ਤਖਤੀਆਂ ਅਤੇ ਬੈਨਰ ਫੜਕੇ ਮਾਰਚ ਕੀਤਾ। ਨੌਜਵਾਨਾਂ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਜਿਸ ਉਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਨਾਲ ਆਜ਼ਾਦੀ-ਇੱਕੋ-ਇੱਕ ਰਾਹ’ ਅੰਕਿਤ ਸੀ। ਮਾਰਚ ਗੁਰਦੁਆਰਾ ਨੌਵੀ ਪਾਤਿਸ਼ਾਹੀ ਤੋਂ ਆਰੰਭ ਹੋ ਕੇ ਮਾਡਲ ਟਾਊਨ ਰਾਂਹੀ ਹੁੰਦਾ ਹੋਇਆ ਗੁਰੂ ਨਾਨਕ ਮਿਸ਼ਨ ਚੌਂਕ ਵਿਖੇ ਸਮਾਪਿਤ ਹੋਇਆ। ਜਥੇਬੰਦੀ ਨੇ ਇਸ ਮੌਕੇ ਰਾਹਗੀਰਾਂ ਵਿੱਚ ਇੱਕ ਪੋਸਟਰ ਵੀ ਵੰਡਿਆ ਜਿਸ ਰਾਂਹੀ ਸਿੱਖਾਂ ਨੂੰ 15 ਅਗਸਤ ਦੇ ਜ਼ਸ਼ਨਾਂ ਦਾ ਬਾਈਕਾਟ ਕਰਨ ਦਾ ਸੱਦਾ ਦਿਤਾ ਸੀ।
ਸ ਧਾਮੀ ਨੇ ਬੋਲਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 67 ਸਾਲਾਂ ਦੀ ਕਹਾਣੀ, ਸਿੱਖਾਂ ਨਾਲ ਬੇਵਸਾਹੀ ਅਤੇ ਵਿਸਾਹਘਾਤ ਦੀ ਦਾਸਤਾਨ ਹੈ। ਉਹਨਾਂ ਕਿਹਾ ਕਿ ਸਿੱਖ ਅੱਜ ਆਪਣੇ ਬਜ਼ੁਰਗਾਂ ਵੱਲੋਂ ਭਾਰਤ ਨਾਲ ਰਲਣ ਦੇ ਫੈਸਲੇ ਤੇ ਅਫਸੋਸ ਮਨਾ ਰਹੇ ਹਨ।
ਉਹਨਾਂ ਕਿਹਾ ਕਿ ਸਿੱਖਾਂ ਲਈ ਕੁਝ ਵੀ ਠੀਕ ਨਹੀਂ ਹੋਇਆ। ਉਹਨਾਂ ਕਿਹਾ ਕਿ ਮੁਸਲਮਾਨ ਅਤੇ ਹਿੰਦੂ ਕੌਮ ਨੂੰ 14 ਅਤੇ 15 ਅਗਸਤ 1947 ਨੂੰ ਆਜ਼ਾਦੀ ਨਸੀਬ ਹੋਈ ਪਰ ਸਿੱਖ ਇਸ ਨਿਆਮਤ ਤੋਂ ਮਹਰੂਮ ਰਹਿ ਗਏ। ਉਹਨਾਂ ਕਿਹਾ ਕਿ ਸਿੱਖ, ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫੱਸ ਗਏ। ਉਹਨਾਂ ਕਿਹਾ ਕਿ 15 ਅਗਸਤ ਜਸ਼ਨ ਮਨਾਉਣ ਦਾ ਦਿਨ ਨਹੀਂ, ਸਗੋਂ ਗ਼ੁਲਾਮੀ ਵਿੱਚੋਂ ਨਿਕਲਣ ਅਤੇ ਆਜ਼ਾਦੀ ਪ੍ਰਾਪਤ ਕਰਨ ਲਈ ਸੰਕਲਪ ਕਰਨ ਦਾ ਦਿਹਾੜਾ ਹੈ। ਉਹਨਾਂ ਕਿਹਾ ਕਿ ਭਾਰਤੀ ਹਕੁਮਰਾਨ ਸਿੱਖਾਂ ਨਾਲ 1947 ਮੌਕੇ ਕੀਤੇ ਵਾਅਦੇ ਵਫਾ ਕਰਨ ਅਤੇ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ। ਉਹਨਾਂ ਕਿਹਾ ਕਿ ਸਾਡੀ ਲੜਾਈ ਮੁਲਕ ਦੇ ਲੋਕਾਂ ਦੇ ਖਿਲਾਫ ਨਹੀ ਸਗੋਂ ਦੇਸ਼ ਦੇ ਹੁਕਮਰਾਨਾਂ ਅਤੇ ਨੀਤੀ-ਘਾੜਿਆਂ ਵਿਰੁੱਧ ਹੈ ਜਿਹਨਾਂ ਸਾਡੀ ਆਜ਼ਾਦੀ ਦਾ ਹੱਕ ਖੋਹਿਆ ਹੋਇਆ ਹੈ ਅਤੇ ਜੋ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਨਾ ਮਿਲਣ ਵਿੱਚ ਮੁੱਖ ਅੜਿਕਾ ਹਨ।
ਉਹਨਾਂ ਆਰ.ਐਸ਼.ਐਸ ਮੁੱਖੀ ਮੋਹਨ ਭਾਗਵਤ ਵਲੋਂ ਸਮੂਹ ਭਾਰਤੀਆਂ ਨੂੰ ਹਿੰਦੂ ਕਹਿਣ ਉਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਿੱਖਾਂ ਦਾ ਭਾਰਤੀਅਤਾ ਦੇ ਸੰਕਲਪ ਨਾਲ ਕੋਈ ਲੈਣ-ਦੇਣ ਨਹੀ ਹੈ। ਉਹਨਾਂ ਕਿਹਾ ਕਿ ਉਹ ਸਾਰੀਆਂ ਕੌਮਾਂ ਜਿੰਨ੍ਹਾਂ ਨੂੰ ਜਬਰੀ 1947 ਵਿੱਚ ਭਾਰਤ ਅੰਦਰ ਜ਼ਜ਼ਬ ਕੀਤਾ ਗਿਆ ਸੀ ਅੱਜ ਸਰਕਾਰੀ ਜ਼ੁਲਮ ਅਤੇ ਜ਼ਿਆਦਤੀਆਂ ਸਹਿ ਰਹੀਆਂ ਹਨ ਅਤੇ ਉਨ੍ਹਾਂ ਦੀ ਸੱਭਿਆਚਾਰਕ ਵਿਲੱਖਣਤਾ ਅਤੇ ਧਾਰਮਿਕਤਾ ਨੂੰ ਭਾਰਤੀਅਤਾ ਦੇ ਵੱਡੇ ਸਮੁੰਦਰ ਵਿੱਚ ਡੋਬਿਆ ਜਾ ਰਿਹਾ ਹੈ। ਸ ਧਾਮੀ ਨੇ ਸਪਸ਼ਟ ਕਿਹਾ ਕਿ ਜਦ ਦੀ ਮੋਦੀ ਸਰਕਾਰ ਬਣੀ ਹੈ, ਆਰ.ਐਸ.ਐਸ ਖੁੱਲਕੇ ਹਿੰਦੂ ਪੱਤਾ ਖੇਡ ਰਹੀ ਹੈ ਅਤੇ ਸਹਾਰਨਪੁਰ ਅੰਦਰ ਸਿੱਖ-ਮੁਸਲਿਮ ਦੰਗਿਆਂ ਨੂੰ ਵੀ ਇਸੇ ਸੋਚ ਨੇ ਸ਼ਹਿ ਦਿੱਤੀ ਹੈ।
ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਜਥੇਬੰਦੀ ਦੇ 36 ਸਾਲਾ ਸਫਰ ਉਤੇ ਝਾਤੀ ਮਾਰਦਿਆਂ ਕਿਹਾ ਕਿ ਮੁੱਢ ਤੋਂ ਹੀ ਦਲ ਖਾਲਸਾ, ਸਿੱਖ ਆਜ਼ਾਦੀ ਦਾ ਮੁਦੱਈ ਰਿਹਾ ਹੈ ਅਤੇ ਇਸ ਲਈ ਸ਼ੰਘਰਸ਼ੀਲ ਹੈ। ਉਹਨਾਂ ਕਿਹਾ ਕਿ ਦਲ ਖਾਲਸਾ ਸਿੱਖ ਕੌਮ ਦੇ ਇੱਕ ਛੋਟੇ ਪਰ ਦ੍ਰਿੜ ਇਰਾਦੇ ਵਾਲੇ ਹਿੱਸੇ ਦੀ ਆਵਾਜ ਦੀ ਪ੍ਰਤੀਨਿਧਤਾ ਕਰਦਾ ਹੈ ਜਿਸਦਾ ਮੰਨਣਾ ਹੈ ਕਿ ਧਰਮ ਦੀ ਪ੍ਰਫੁੱਲਤਾ ਅਤੇ ਗੁਰੂ ਸ਼ਬਦ ਦੇ ਸਤਿਕਾਰ ਲਈ ਸਿੱਖਾਂ ਦਾ ਆਪਣਾ ਰਾਜ-ਭਾਗ ਚਾਹੀਦਾ ਹੈ।
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਤੈਲੰਗਾ ਦੇ ਮੁੱਖ ਮੰਤਰੀ ਦੀ ਧੀ ਅਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਕੇ. ਕਵਿਤਾ ਵਲੋਂ ਸੱਚ ਬੋਲਣ ਦੀ ਪ੍ਰਸੰਸਾ ਕਰਦਿਆਂ ਉਸ ਵਿਰੁੱਧ ਦੇਸ਼-ਧ੍ਰੋਹ ਦਾ ਕੇਸ ਦਰਜ ਕਰਨ ਦੀ ਸਖਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਸ਼੍ਰੀਮਤੀ ਕਵਿਤਾ ਨੇ ਭਾਰਤ ਵਲੋਂ ਤੈਲੰਗਾ ਅਤੇ ਜੰਮੂ-ਕਸ਼ਮੀਰ ਨੂੰ ਜਬਰੀ ਆਪਣੇ ਅਧੀਨ ਕਰਨ ਸਬੰਧੀ ਜੋ ਬਿਆਨ ਦਿਤਾ ਹੈ, ਉਹ ਇੱਕ ਹਕੀਕਤ ਹੈ ਅਤੇ ਭਾਰਤ ਨੇ ਹਮੇਸ਼ਾਂ ਹੀ ਛੋਟੀਆਂ ਕੌਮਾਂ ਨੂੰ ਨੱਪਣ ਅਤੇ ਅਧੀਨ ਰੱਖਣ ਦੀ ਨੀਤੀ ਅਪਣਾਈ ਹੈ। ਉਹਨਾਂ ਵੱਖਰੀ ਹਰਿਆਣਾ ਕਮੇਟੀ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੰਦਰ ਪੰਥ ਪ੍ਰਤੀ ਜਾਗੇ ਹੇਜ਼ ਉਤੇ ਚੋਟ ਮਾਰਦਿਆਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਪੰਜਾਬ ਸਮਝੌਤਾ ਰੱਦ ਕਾਨੂੰਨ 2004 ਦੀ ਧਾਰਾ 5 ਨੂੰ ਰੱਦ ਕਰਵਾਉਣਾ, ਮਨੁੱਖੀ ਅਧਿਕਾਰਾਂ ਦੇ ਘਾਣ, ਕੈਟ-ਪ੍ਰਣਾਲੀ ਅਤੇ ਫਰਜ਼ੀ ਮੁਕਾਬਲਿਆਂ ਦੀ ਅਸਲੀਅਤ ਸਾਹਮਣੇ ਲਿਆਉਣ ਲਈ ‘ਕਮਿਸ਼ਨ ਦਾ ਗਠਨ ਕਰਨਾ’ ਆਦਿ ਚੋਣ ਵਾਅਦੇ ਹਨ ਜੋ ਅਕਾਲੀ ਸਰਕਾਰ ਮਿੱਥ ਕੇ ਭੁਲਾਈ ਬੈਠੀ ਹੈ।
ਜਥੇਬੰਦੀ ਦੇ ਸਰਪ੍ਰਸਤ ਅਤੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਦਾ ਵਿਦੇਸ਼ ਤੋਂ ਆਇਆ ਸੁਨੇਹਾ ਸਰਬਜੀਤ ਸਿੰਘ ਘੁਮਾਣ ਨੇ ਪੜ੍ਹ ਕੇ ਸੁਣਾਇਆ। ਗਜਿੰਦਰ ਸਿੰਘ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਆਜ਼ਾਦੀ ਦੀ ਇੱਛਾ ਰੱਖਣੀ ਕੋਈ ਗੁਨਾਹ ਨਹੀਂ। ਉਲਟਾ ਆਜ਼ਾਦੀ ਲਈ ਜੂਝਣ ਵਾਲਿਆਂ ਨੂੰ ਗੈਰ-ਮਨੁੱਖੀ ਤਰੀਕੇ ਨਾਲ ਦਬਾਉਣਾ ‘ਅਤਿਵਾਦ’ ਹੈ।
ਸਿੱਖ ਯੂਥ ਆਫ ਪੰਜਾਬ ਦੇ ਸਲਾਹਕਾਰ ਪ੍ਰਭਜੋਤ ਸਿੰਘ ਨੇ ਕਿਹਾ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਖੁਦਮੁਖਤਿਆਰੀ ਅਤੇ ਬਾਦਸ਼ਾਹਤ ਬਖਸ਼ੀ ਹੈ। ਉਹਨਾਂ ਕਿਹਾ ਕਿ ਭਾਰਤ ਦੇ ਹੁਕਮਰਾਨਾਂ ਵਲੋਂ ਸਿੱਖ ਕੌਮ ਨਾਲ ਕੀਤੇ ਵਿਤਕਰੇ ਅਤੇ ਢਾਹੇ ਜ਼ੁਲਮ ਹੀ ਸਾਡੇ ਆਜ਼ਾਦੀ ਦੇ ਦਾਅਵੇ ਦੇ ਅਸਲ ਕਾਰਨ ਨਹੀਂ ਹਨ। ਉਹਨਾਂ ਕਿਹਾ ਕਿ ਪਾਤਸ਼ਾਹੀ ਦਾ ਦਾਅਵਾ ਅਟੱਲ ਹੈ ਪਰ ਸਰਕਾਰੀ ਵਿਤਕਰੇ ਖਾਲਸਾ ਰਾਜ ਦੀ ਤਾਂਘ ਨੂੰ ਹੋਰ ਤਿੱਖਾ ਜਰੂਰ ਕਰਦੇ ਹਨ।
ਪਾਰਟੀ ਆਗੂ ਰਣਬੀਰ ਸਿੰਘ ਨੇ ਸਟੇਜ ਦੀ ਸੇਵਾ ਨਿਭਾਈ। ਇਸ ਮੌਕੇ ਡਾ ਮਨਜਿੰਦਰ ਸਿੰਘ ਜੰਡੀ, ਅਵਤਾਰ ਸਿੰਘ ਜਲਾਲਾਬਾਦ, ਕੁਲਵੰਤ ਸਿੰਘ ਫੇਰੂਮਾਨ, ਸੁਖਦੇਵ ਸਿੰਘ ਹਸਨਪੁਰ, ਗੁਰਦੀਪ ਸਿੰਘ ਕਾਲਕੱਟ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਾਨ, ਬਲਜੀਤ ਸਿੰਘ ਜਲੰਧਰ, ਹਰਜਿੰਦਰ ਸਿੰਘ, ਹਰਮਿੰਦਰ ਸਿੰਘ ਹਰਮੋਏ, ਅਮਰੀਕ ਸਿੰਘ ਅਜਨਾਲਾ, ਕੁਲਦੀਪ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਗੁਰਪਾਲ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਨੋਬਲਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ ਕਰਤਾਰਪੁਰ, ਕਮਲਜੀਤ ਸਿੰਘ, ਅਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਸੁਦੀਪ ਸਿੰਘ, ਮਨਜੋਤ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਿਰ ਸਨ।

468 ad