ਜਲੰਧਰ- ਇਹ ਬਿਲਕੁੱਲ ਸੋਲਾ ਆਨੇ ਸੱਚ ਗੱਲ ਹੈ ਕਿ ਕਿਸੇ ਵੀ ਕੌਮ ਦਾ ਵਜੂਦ ਉਦੋਂ ਤੱਕ ਕਾਇਮ ਰਹਿੰਦਾ ਹੈ ਜਦੋਂ ਤੱਕ ਉਹ ਜਥੇਬੰਦ ਹੋਵੇ, ਜਦੋਂ ਤੱਕ ਉਹ ਹਰ Kaumਮੁਸੀਬਤ ਦਾ ਇਕਜੁੱਟ ਕੇ ਟਾਕਰਾ ਕਰੇ। ਅੱਜ ਜੇਕਰ ਸਿੱਖ ਕੌਮ ਦੀ ਸ਼ਾਨ ਇੰਨੀ ਉੱਚੀ ਹੈ ਤਾਂ ਉਸ ਦਾ ਕਾਰਨ ਵੀ ਇਹ ਹੀ ਹੈ ਕਿ ਇਹ ਇਕ ਜਥੇਬੰਦ ਕੌਮ ਹੈ। ਕਿਸੇ ਇਕ ‘ਤੇ ਮੁਸੀਬਤ ਆਵੇ ਝੱਟ ਸਾਰੇ ਉਸ ਦੇ ਨਾਲ ਖੜ੍ਹ ਜਾਂਦੇ ਹਨ। ਸਮੇਂ ਦੇ ਨਾਲ-ਨਾਲ ਸਿੱਖ ਕੌਮ ਨੇ ਅਨੇਕਾਂ ਝੱਖੜ ਸਹਾਰੇ ਪਰ ਸਿੱਖ ਕੌਮ ਦੇ ਸੂਰਮੇ ਉਨ੍ਹਾਂ ਜੁਲਮ ਦੇ ਝੱਖੜਾਂ ਸਾਹਮਣੇ ਆਪਣੇ ਅਸਲੇ ਨਾਲ ਜੁੜੇ ਰਹੇ ਅਤੇ ਵਿਰੋਧੀਆਂ ਦੀਆਂ ਮਾਰਾਂ ਬੇ-ਅਸਰ ਕਰਦੇ ਰਹੇ।
ਜੇ ਪਹਿਲਾਂ ਸਿੱਖ ਕੌਮ ਨੇ ਆਪਣੀ ਹੋਂਦ ਨੂੰ ਜ਼ਿੰਦਾ ਰੱਖਣ ਲਈ ਲੱਖਾਂ ਔਝੜਾਂ ਸਹੀਆਂ ਤਾਂ ਅੱਜ ਵੀ ਸਿੱਖ ਕੌਮ ਦੇ ਸਾਹਮਣੇ ਆਪਣੀ ਹਸਤੀ ਕਾਇਮ ਰੱਖਣ ਲਈ ਲੱਖਾਂ ਮੁਸੀਬਤਾਂ ਹਨ। ਹਾਂ, ਪਰ ਹੁਣ ਪਹਿਲਾਂ ਵਾਂਗ ਬੰਦ-ਬੰਦ ਕਟਾਉਣ ਜਾਂ ਚਰਖੜੀ ‘ਤੇ ਚੜ੍ਹਨ ਦੀ ਲੋੜ ਨਹੀਂ। ਹੁਣ ਸਿੱਖ ਆਪਣੇ ਗੁਰੂਆਂ ਦੇ ਦੱਸੇ ਰਾਹ ‘ਤੇ ਤੁਰ ਕੇ ਅਤੇ ਮਜ਼ਲੂਮਾਂ ਦੀ ਬਾਂਹ ਫੜ੍ਹ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ‘ਚ ਹਿੱਸਾ ਪਾ ਸਕਦੇ ਹਨ। ਅੱਜ ਜੇਕਰ ਕੋਈ ਸਿੱਖ ਪੈਸੇ ਵਾਲਾ ਹੈ ਤਾਂ ਉਸ ਦਾ ਫਰਜ਼ ਹੈ ਕਿ ਉਹ ਆਪਣਾ ਰੋਹਬ ਜਮਾਉਣ ਦੀ ਬਜਾਏ ਦੂਜਿਆਂ ਦੀ ਬਾਂਹ ਫੜੇ ਅਤੇ ਆਪਣਾ ਸਿੱਖ ਹੋਣ ਦਾ ਫਰਜ਼ ਨਿਭਾਵੇ। ਕੋਈ ਸਿੱਖ ਦੂਜੇ ਨੂੰ ਨੀਂਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਸ ਨਾਲ ਉਸ ਦਾ ਤਾਂ ਨਹੀਂ ਪਰ ਸਿੱਖ ਕੌਮ ਦਾ ਜ਼ਰੂਰ ਨੁਕਸਾਨ ਹੁੰਦਾ ਹੈ। ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਸਭਨਾਂ ਨੂੰ ਇਕ ਨਜ਼ਰ ਨਾਲ ਵੇਖੇ ਅਤੇ ਪ੍ਰਮਾਤਮਾ ਨੂੰ ਉਨ੍ਹਾਂ ‘ਚ ਵੱਸਦਾ ਸਮਝੇ, ਕਿਉਂਕਿ ਜੇ ਰੱਬ ਨੂੰ ਪਿਆਰ ਕਰਨਾ ਤਾਂ ਪਹਿਲਾਂ ਉਸ ਦੇ ਬੰਦਿਆਂ ਨਾਲ ਪਿਆਰ ਕਰਨਾ ਪੈਣਾ ਹੈ।