
ਕੈਲਗਰੀ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਿੱਖੀ ਸਰੂਪ ਵਿੱਚ ਛੋਟੇ ਛੋਟੇ ਬੱਚੇ ਅਤੇ ਗੁਰੁ ਦਾ ਰੂਪ ਮੰਨੇ ਜਾਂਦੇ ਪੰਜ ਪਿਆਰੇ
ਕੈਲਗਰੀ(ਹਰਬੰਸ ਬੁੱਟਰ)) ਕੈਲਗਰੀ ਵਿਖੇ 18ਵਾਂ ਨਗਰ ਕੀਰਤਨ ਸ਼ਰਧਾ ਅਤੇ ਉਤਸਾਹ ਪੂਰਬਕ ਤਰੀਕੇ ਨਾਲ ਮਨਾਇਆ ਗਿਆ । ਮਿਥੇ ਸਮੇਂ ਅਨਸਾਰ ਠੀਕ ਸਵੇਰੇ 10:30 ਵਜੇ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ (ਮਾਰਟਿਨਡੇਲ) ਤੋਂ ਰਵਾਨਾ ਹੋਏ ਅਤਿ ਸੁੰਦਰ ਫਲੋਟ ਵਿੱਚ ਸਾਹਿਬ ਸੀ੍ਰ ਗੁਰੁ ਗਰੰਥ ਸਾਹਿਬ ਜੀ ਪਵਿੱਤਰ ਬੀੜ ਸੁਸ਼ੋਵਿਤ ਸੀ । ਨੀਲੇ ਵਸਤਰਾਂ ਵਿੱਚ ਸਜੇ ਛੋਟੇ ਛੋਟੇ ਬੱਚਿਆਂ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਜਲੌਅ ਕੈਲਗਰੀ ਦੀ ਫਿਜ਼ਾ ਨੂੰ ਖਾਲਸਾਈ ਰੰਗ ਵਿੱਚ ਇਸ ਪ੍ਰਕਾਰ ਰੰਗ ਗਿਆ ਕਿ ਹਰ ਪਾਸੇ ਨੀਲੀਆਂ ਕੇਸਰੀ ਦਸਤਾਰਾਂ ਅਤੇ ਰੰਗ ਬਿਰੰਗੇ ਦੁਪੱਟਿਆਂ ਦਾ ਹੜ੍ਹ ਆਇਆ ਹੋਇਆ ਸੀ।ਇਸ ਦੌਰਾਨ ਹਮੇਸਾ ਦੀ ਤਰਾਂ ਫਰੀ ਫੂਡ, ਜਾਣਕਾਰੀ ਮੁਹੱਈਆ ਕਰਦੇ ਅਨੇਕਾਂ ਬੂਥ, ਅਤੇ ਸਿੱਖ ਮਾਰਸਲ ਆਰਟ ਗੱਤਕੇ ਦੇ ਆਲੌਕਿਕ ਪ੍ਰਦਰਸਨ ਹੋਏ। ਪਰਬੰਧਕਾਂ ਦੀਆਂ ਬੇਨਤੀਆਂ ਨੂੰ ਮੰਨਦੇ ਹੋਏ ਸਿੱਖ ਸੰਗਤਾਂ ਦੇ ਵੱਡੇ ਹਜੂਮ ਨੇ ਸਤਿਕਾਰ ਸਾਹਿਤ ਸਿਰ ਢੱਕ ਕੇ ਗੁਰੁ ਸਾਹਿਬ ਦੇ ਸਨਮੁਖ ਹੋਣ ਦੀ ਪਰਕਿਰਿਆ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਅਨੁਸਾਸਨ ਬੱਧਤਾ ਦਿਖਾਈ । ਸਾਈਕਲਾਂ ਉੱਪਰ ਫਲੋਟ ਦੇ ਅੱਗੇ ਅੱਗੇ ਮਾਰਚ ਕਰ ਰਹੇ ਵਾਲੰਟੀਅਰਾਂ ਦੀ ਟੀਮ ਨੇ ਦੂਸਰੇ ਭਾਈਚਾਰੇ ਦੇ ਲੋਕਾਂ ਨੂੰ ਪਿਆਰ ਸਤਿਕਾਰ ਸਾਹਿਤ ਸਾਡੇ ਇਸ ਪਵਿੱਤਰ ਦਿਹਾੜੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਰ ਢੱਕਣ ਦੀ ਬੇਨਤੀਆਂ ਕੀਤੀਆਂ ਅਤੇ ਸਿਰ ਢੱਕਣ ਲਈ ਰੁਮਾਲ ਵੰਡੇ। ਰਾਗੀ ਢਾਡੀ ਜਥਿਆਂ ਨੇ ਢਾਡੀ ਵਾਰਾਂ ਰਾਹੀ ਸੰਗਤਾਂ ਨੂੰ ਸਿੱਖ ਇਤਹਾਸ ਦੇ ਪੰਨਿਆ ਨਾਲ ਜੋੜਿਆ। ਰਾਜਨੀਤਕ ਸਖਸੀਅਤਾਂ ਹਾਰਪਰ ਸਰਕਾਰ ਦੇ ਕਾਰਜਕਾਲ ਦੌਰਾਨ ਐਮ ਪੀ ਰਹੇ ਦਵਿੰਦਰ ਸ਼ੋਰੀ, ਕਨੇਡਾ ਦੇ ਸਾਬਕਾ ਇੰਮੀਗ੍ਰੇਸ਼ਨ ਅਤੇ ਬਾਦ ਵਿੱਚ ਰੱਖਿਆ ਮੰਤਰੀ ਰਹੇ ਜੈਸ਼ਨ ਕੈਨੀ, ਐਮ ਐਲ ਏ ਪ੍ਰਭ ਗਿੱਲ,ਐਮ ਪੀ ਦਰਸਨ ਕੰਗ,ਬਰਾਇਨ ਜੀਨ, ਪ੍ਰਸਾਦ ਪਾਂਡਾ, ਪੀਸੀ ਪਾਰਟੀ ਅਲਬਰਟਾ ਦੇ ਮੁਖੀ ਰਿੱਕ ਮਕਾਈਵਰ ਕੈਲਗਰੀ ਦੇ ਮੇਅਰ ਨਾਹੀਦ ਨੈਨਸੀ ਨੇ ਵੀ ਹਾਜਰੀ ਭਰੀ। ਤਕਰੀਬਨ 50 ਹਜ਼ਾਰ ਦੇ ਕਰੀਬ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਅੱਜ ਦੇ ਇਸ ਨਗਰ ਕੀਰਤਨ ਦੌਰਾਨ ਹਾਜਰੀ ਭਰੀ ਜਿਹਨਾਂ ਵਿੱਚ ਕਾਫੀ ਹਿੱਸਾ ਨੇੜਲੇ ਸਹਿਰਾਂ ਰੈਡ ਡੀਅਰ ਅਤੇ ਐਡਮਿੰਟਨ ਤੋਂ ਵੀ ਆਇਆ ਹੋਇਆ ਸੀ । ਮੌਸਮ ਦੀ ਖਰਾਬੀ ਦੀ ਡਰ ਭਾਵੇਂ ਕਨੇਡਾ ਵਰਗੇ ਮੁਲਕ ਵਿੱਚ ਬਣਿਆ ਰਹਿੰਦਾ ਹੈ ਪਰ ਇਸ ਸਾਲ ਬਹੁਤ ਹੀ ਵਧੀਆ ਮੌਸਮ ਦੌਰਾਨ ਚਮਕਦੀ ਧੁੱਪ ਵਿੱਚ ਟੀਵੀ ਚੈਨਲ “ਚੈਨਲ ਪੰਜਾਬੀ ” ਵੱਲੋਂ ਪਹਿਲੀ ਵਾਰ ਲਗਾਤਾਰ 6 ਘੰਟੇ ਇਸ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ ਪੂਰੀ ਦੁਨੀਆਂ ਭਰ ਵਿੱਚ ਦਿਖਾਇਆ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂਘਰ ਦੇ ਪ੍ਰਧਾਨ ਸ:ਪਰਮੀਤ ਸਿੰਘ ਨੇ ਦੂਰੋ ਨੇੜਿਓਂ ਨਗਰ ਕੀਰਤਨ ਵਿੱਚ ਸਾਮਿਲ ਹੋਣ ਲਈ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ।