ਕੈਪਟਨ ਅਮਰਿੰਦਰ ਅਦਾਲਤ ‘ਚ ਪੇਸ਼

ਕੈਪਟਨ ਅਮਰਿੰਦਰ ਅਦਾਲਤ 'ਚ ਪੇਸ਼

ਮੋਹਾਲੀ- ਕੋਈ ਵੀ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਨਾ ਕਿ ਇਕ ਫਿਰਕੇ ਜਾਂ ਜਾਤੀ ਵਿਸ਼ੇਸ਼ ਦਾ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਹੁੰਦਿਆਂ ਈਦ ਦੇ ਮੌਕੇ ‘ਤੇ ਦੇਸ਼ ਵਾਸੀਆਂ ਦੇ ਨਾਂ ਵਧਾਈ ਦਾ ਸੰਦੇਸ਼ ਨਾ ਦੇ ਕੇ  ਫਿਰਕਾਪ੍ਰਸਤ ਹੋਣ ਦਾ ਸਬੂਤ ਦਿੱਤਾ ਹੈ। ਇਹ ਗੱਲ ਅੱਜ ਇਥੇ ਕਾਂਗਰਸ ਦੇ ਅੰਮ੍ਰਿਤਸਰ ਤੋਂ ਲੋਕਸਭਾ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੀ ਅਦਾਲਤ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਹ ਆਪਣਾ ਪਾਸਪੋਰਟ ਵਾਪਸ ਲੈਣ ਲਈ ਆਏ ਸਨ ਜੋ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਵਿਚ ਉਨ੍ਹਾਂ ਦਾ ਨਾਂ ਸ਼ਾਮਿਲ ਹੋਣ ਕਾਰਨ ਅਦਾਲਤ ਵਿਚ ਪਿਆ ਹੈ। ਅੱਜ ਉਨ੍ਹਾਂ ਦੀ ਅਪੀਲ ਮਨਜ਼ੂਰ ਕਰਦਿਆਂ ਮਾਣਯੋਗ ਅਦਾਲਤ ਨੇ ਉਨ੍ਹਾਂ ਦਾ ਜ਼ਬਤ ਕੀਤਾ ਹੋਇਆ ਪਾਸਪੋਰਟ ਉਨ੍ਹਾਂ ਨੂੰ ਵਾਪਸ ਸੌਂਪ ਦਿੱਤਾ ਹੈ।
ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿਚ ਪਟਿਆਲਾ ਅਤੇ ਤਲਵੰਡੀ ਸਾਬੋ ਦੀਆਂ ਜ਼ਿਮਨੀ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਿਲ ਕਰੇਗੀ। ਇਹ ਪੁੱਛੇ ਜਾਣ ‘ਤੇ ਕਿ ਅਕਾਲੀਆਂ ਤੇ ਕਾਂਗਰਸ ਪਾਰਟੀ ਵਿਚ ਪਟਿਆਲਾ ਅਤੇ ਤਲਵੰਡੀ ਸਾਬੋ ਵਿਚ ਉਮੀਦਵਾਰਾਂ ਨੂੰ ਲੈ ਕੇ ਕੋਈ ਸਮਝੌਤਾ ਹੋਇਆ ਹੈ ਤੇ ਇਸੇ ਲਈ ਹੀ ਸ਼੍ਰੋਮਣੀ ਅਕਾਲੀ ਦਲ ਨੇ ਜਾਣਬੁੱਝ ਕੇ ਪਟਿਆਲਾ ਵਿਖੇ ਕਮਜ਼ੋਰ ਉਮੀਦਵਾਰ ਉਤਾਰਿਆ ਹੈ ਤਾਂ ਕੈਪਟਨ ਸਿੰਘ ਨੇ ਕਿਹਾ ਕਿ ਇਹ ਸਭ ਬਕਵਾਸ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਦੋਵਾਂ ਪਾਰਟੀਆਂ ਲਈ ਵੱਕਾਰ ਦਾ ਸੁਆਲ ਹਨ ਤੇ ਇਸ ਲਈ ਦੋਵੇਂ ਹੀ ਪਾਰਟੀਆਂ ਜ਼ੋਰ-ਸ਼ੋਰ ਨਾਲ ਆਪੋ-ਆਪਣੀ ਜਿੱਤ ਲਈ ਯਤਨ ਕਰ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੋਵਾਂ ਹੀ ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਫਿਰਕੂ ਪਾਰਟੀ ਕਹਿਣਾ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਈਦ ਦੇ ਮੌਕੇ ‘ਤੇ ਸ਼੍ਰੀ ਮੋਦੀ ਨੇ ਦੇਸ਼ ਦੇ ਮੁਸਲਮਾਨ ਭਰਾਵਾਂ ਨੂੰ ਵਧਾਈ ਨਾ ਦੇ ਕੇ ਖੁਦ ਹੀ ਇਸ ਦਾ ਸਬੂਤ ਦਿੱਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਉਨ੍ਹਾਂ ਦੇ ਮਤਭੇਦਾਂ ਬਾਰੇ ਪੁੱਛਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ, ਇਸ ਲਈ ਉਹ ਉਨ੍ਹਾਂ ਦੇ ਵੀ ਪ੍ਰਧਾਨ ਹਨ ਤੇ ਸਾਰੇ ਹੀ ਪੰਜਾਬ ਦੇ ਕਾਂਗਰਸੀਆਂ ਦੇ ਵੀ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਹੀ ਰਹਿ ਕੇ ਚੋਣ ਪ੍ਰਚਾਰ ਕਰਨਗੇ ਅਤੇ ਤਲਵੰਡੀ ਸਾਬੋ ਦੀ ਚੋਣ ਦੀ ਜ਼ਿੰਮੇਵਾਰੀ ਸ. ਬਾਜਵਾ ਸਿਰ ਹੈ, ਜਿਸਨੂੰ ਉਹ ਨਿਭਾ ਰਹੇ ਹਨ।

468 ad