ਕੈਨੇਡਾ ਵਿਚ ਸਿੱਖ ਵਿਰੋਧੀ ਪ੍ਰਚਾਰ ਦੀ ਮੰਤਰੀਆਂ ਵੱਲੋਂ ਆਲੋਚਨਾ, ਕਿਹਾ ਕਿ ਦੇਸ਼ ਵਿਚ ਨਸਲਵਾਦ ਲਈ ਕੋਈ ਥਾਂ ਨਹੀਂ

Jason_Kenney

ਕੈਨੇਡਾ ਵਿਚ ਬਰੈਂਪਟਨ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਵੰਡੇ ਗਏ ਇਕ ਨਸਲਵਾਦੀ ਪ੍ਰਚਾਰ ਵਾਲੇ ਪਰਚੇ ਦੀ ਕੈਨੇਡਾ ਦੇ ਕਈ ਕੇਂਦਰੀ ਮੰਤਰੀਆਂ, ਸੰਸਦ ਮੈਬਰਾਂ ਅਤੇ ਉਂਟਾਰੀਓ ਦੀ ਮੁੱਖ ਮੰਤਰੀ ਕੈਥਲੀਨ ਵਿਨ ਨੇ ਸਖਤ ਆਲੋਚਨਾ ਕੀਤੀ ਹੈ।

ਰੁਜ਼ਗਾਰ ਮੰਤਰੀ ਜੇਸਨ ਕੈਨੀ ਨੇ ਕਿਹਾ ਕਿ ਦੇਸ਼ ਵਿਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ ਅਤੇ ਅਜਿਹੀ ਸੋਚ ਵਾਲੇ ਲੋਕਾਂ ਨੂੰ ਨਿਰਉਤਸ਼ਾਹਿਤ ਕੀਤਾ ਜਾਣਾ ਜ਼ਰੂਰੀ ਹੈ। ਬਹੁ-ਸੱਭਿਆਚਾਰਕ ਮਾਮਲਿਆਂ ਦੇ ਰਾਜ ਮੰਤਰੀ ਟਿਮ ਉਪਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੰਸਦ ਵਿਚ ਨਿੰਦਾ ਕੀਤੀ ਜਾਵੇਗੀ।

ਕੈਨੇਡਾ ਦੀ ਕ੍ਰਿਤ ਮੰਤਰੀ ਕੈਲੀ ਲੀਟਕਾ ਨੇ ਆਖਿਆ ਕਿ ਬਿਮਾਰ ਮਾਨਸਿਕਤਾ ਵਾਲੇ ਲੋਕ ਹੋਰ ਭਾਈਚਾਰਿਆਂ ਵਿਚ ਦੁਫੇੜ ਪਾਉਣ ਦੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ ਪਰ ਕੈਨੇਡਾ ਦਾ ਸਮਾਜ ਅਜਿਹੇ ਲੋਕਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਮੁੱਖ ਮੰਤਰੀ ਕੈਥਲਿਨ ਵਿੱਕ ਨੇ  ਦੱਸਿਆ ਕਿ ਸਿੱਖ ਪ੍ਰਾਂਤ ਦਾ ਅਟੁੱਟ ਅੰਗ ਹਨ ਅਤੇ ਉਨ੍ਹਾਂ ਦੀ ਸਰਕਾਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸ਼ਰਾਰਤੀਆਂ ਨਾਲ ਸਖ਼ਤੀ ਨਾਲ ਨਿਪਟਣ ਲਈ ਵਚਨਬੱਧ ਹੈ।

ਉਨ੍ਹਾਂ ਨਾਲ ਵਿਧਾਇਕ ਹਰਿੰਦਰ ਤੱਖਰ ਨੇ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਅਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਜਿਸ ਕਰਕੇ ਸਿੱਖ ਭਾਈਚਾਰੇ ਨੂੰ ਚਿੰਤਤ ਹੋਣ ਦੀ ਲੋੜ ਨਹੀਂ। ਲਿਬਰਲ ਪਾਰਟੀ ਦੇ ਨੇਤਾ ਅਤੇ ਸਾਂਸਦ ਜਸਟਿਨ ਟਰੂਡੋ ਨੇ ਆਖਿਆ ਕਿ ਭਾਈਚਾਰਿਆਂ ਵਿਚ ਨਫ਼ਰਤ ਪੈਦਾ ਕਰਨ ਵਾਲੇ ਲੋਕ ਕੈਨੇਡੀਅਨ ਹੋਣ ਦਾ ਮਤਲਬ ਨਹੀਂ ਜਾਣਦੇ।

ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਕੈਨੇਡਾ ਦੀਆਂ ਕਦਰਾਂ-ਕੀਮਤਾਂ ਦਾ ਸਤਿਕਾਰ ਕੀਤਾ ਹੈ। ਸ੍ਰੀ ਟਰੂਡੋ ਨੇ ਇਹ ਵੀ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਦੀ ਖੁੱਲ੍ਹ ਕੇ ਨਿੰਦਾ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਉਹ ਇਹ ਮੁੱਦਾ ਸੰਸਦ ਵਿਚ ਉਠਾਉਣਗੇ।

ਸੰਸਦ ਮੈਂਬਰ ਪਰਮ ਗਿੱਲ, ਵਿਧਾਇਕ ਵਿੱਕ ਢਿੱਲੋਂ, ਸਿਟੀ ਕੌਂਸਲਰ ਵਿੱਕੀ ਢਿੱਲੋਂ, ਐਨ.ਡੀ.ਪੀ. ਦੀ ਆਗੂ ਵਿਧਾਇਕ ਐਂਡਰੀਆ ਹੋਰਵਾਥ, ਸਾਬਕਾ ਸੰਸਦ ਮੈਂਬਰ ਓਲੀਵੀਆ ਜਾਓ, ਸਾਂਸਦ ਬੌਬ ਡਿਚਰਟ ਨੇ ਵੀ ਇਸ ਪੱਤਰਕਾਰ ਨਾਲ ਗੱਲਾਂ ਕਰਦਿਆਂ ਬਰੈਂਪਟਨ ਵਿਚ ਸਿੱਖ ਵਿਰੋਧੀ ਨਸਲਵਾਦੀ ਪ੍ਰਚਾਰ ਕਰਨ ਵਾਲੇ ਸੰਗਠਨ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ।

468 ad