ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਵੱਲੋਂ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜ਼ਾਜਤ ਦੇਣਾ ਸਵਾਗਤਯੋਗ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 31 ਮਾਰਚ (ਡੇਲੀ ਬਿਊਰੋ ) “ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਨੇ ਸਿੱਖ ਕੌਮ ਦੀਆਂ ਮਨੋਭਾਵਨਾਵਾਂ ਨੂੰ ਸਮਝਦੇ ਹੋਏ ਅਤੇ ਸਿੱਖ ਧਰਮ ਦਾ ਸਤਿਕਾਰ ਕਰਦੇ ਹੋਏ ਜੋ ਵਹੀਕਲਜ਼ ਚਲਾਉਦੇ ਸਮੇਂ ਹੈਲਮਟ ਪਹਿਨ ਦੇ ਹੁਕਮ ਕੀਤੇ ਹੋਏ ਸਨ, ਉਸ ਤੋਂ ਸਿੱਖਾਂ ਨੂੰ ਛੋਟ ਦਿੰਦੇ ਹੋਏ ਉਨ੍ਹਾਂ ਨੂੰ ਦਸਤਾਰ ਪਹਿਨਣ ਦੀ ਜੋ ਇਜ਼ਾਜਤ ਦੇ ਦਿੱਤੀ ਗਈ ਹੈ, ਇਹ ਸਿੱਖ ਧਰਮ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਦੇਣ ਦੇ ਨਾਲ-ਨਾਲ ਸਿੱਖਾਂ ਵੱਲੋਂ ਵੱਡੇ ਮੁਲਕਾਂ ਵਿਚ ਦਸਤਾਰ ਪਹਿਨਣ ਦੀ ਇਜ਼ਾਜਤ ਦੀ ਚਲਾਈ ਜਾ ਰਹੀ ਲਹਿਰ ਨੂੰ ਹੋਰ ਬਲ ਮਿਲਿਆ ਹੈ ਅਤੇ ਸਿੱਖ ਕੌਮ ਆਪਣੀਆ ਮਨੁੱਖੀ ਸੇਵਾਵਾਂ ਅਤੇ ਸਰਬੱਤ ਦੇ ਭਲੇ ਦੀ ਸੋਚ ਦੀ ਬਦੌਲਤ ਉਭਰਕੇ ਸਾਹਮਣੇ ਆ ਰਹੀ ਹੈ । ਅਲਬਰਟਾ ਸੂਬੇ ਦੀ ਸਰਕਾਰ ਦੇ ਇਸ ਕੀਤੇ ਗਏ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਜਿਥੇ ਪੁਰਜੋਰ ਸਵਾਗਤ ਕਰਦੀ ਹੈ, ਉਥੇ ਬੀਤੇ ਸਮੇਂ ਵਿਚ ਬ੍ਰਿਟਿਸ ਕੋਲੰਬੀਆ ਅਤੇ ਮਾਨੀਟੋਬਾ ਸੂਬੇ ਦੀਆਂ ਸਰਕਾਰਾਂ ਵੱਲੋਂ ਇਹ ਛੋਟ ਦੇਣ ਦੇ ਫੈਸਲੇ ਪਹਿਲੇ ਹੋ ਚੁੱਕੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਓਟਾਰੀਓ ਸੂਬੇ ਦੀ ਅਸੈਬਲੀ ਨੇ 1984 ਵਿਚ ਸਿੱਖ ਕੌਮ ਦੇ ਹੋਏ ਕਤਲੇਆਮ ਅਤੇ ਨਸ਼ਲਕੁਸੀ ਦਾ ਮਤਾ ਪਾਸ ਕਰਕੇ ਹਿੰਦੂਤਵ ਹੁਕਮਰਾਨਾਂ ਦੇ ਸਿੱਖ ਕੌਮ ਉਤੇ ਕੀਤੇ ਗਏ ਜ਼ਬਰ-ਜੁਲਮ ਨੂੰ ਕੌਮਾਂਤਰੀ ਪੱਧਰ ਤੇ ਪ੍ਰਵਾਨ ਕਰਨ ਦਾ ਵੀ ਉਦਮ ਕੀਤਾ ਸੀ । ਇਥੇ ਹੀ ਬਸ ਨਹੀਂ ਕੈਨੇਡਾ ਦੇ ਵਜ਼ੀਰ-ਏ-ਆਜਮ ਸ੍ਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਵਿਚ ਚਾਰ ਸਿੱਖਾਂ ਨੂੰ ਬਤੌਰ ਵਜ਼ੀਰ ਬਣਾਕੇ ਸਿੱਖ ਕੌਮ ਦਾ ਕੌਮਾਂਤਰੀ ਪੱਧਰ ਤੇ ਸਨਮਾਨ ਵੀ ਕੀਤਾ ਹੈ ਅਤੇ ਸਿੱਖ ਕੌਮ ਨੂੰ ਮਾਨਤਾ ਦਿੱਤੀ ਹੈ । ਇਸ ਲਈ ਅਸੀਂ ਸਮੁੱਚੀ ਕੈਨੇਡਾ ਦੀ ਹਕੂਮਤ ਅਤੇ ਉਸਦੇ ਸੂਬਿਆਂ ਦੀਆਂ ਸਰਕਾਰਾਂ ਦਾ ਜਿਥੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਉਥੇ ਇਹ ਉਮੀਦ ਕਰਦੇ ਹਾਂ ਕਿ ਕੈਨੇਡਾ ਦੀ ਹਕੂਮਤ ਉਤੇ ਕਿਸੇ ਵੀ ਪਾਰਟੀ ਦੀ ਹਕੂਮਤ ਹੋਵੇ, ਉਹ ਸਿੱਖ ਕੌਮ ਨਾਲ ਇਸੇ ਤਰ੍ਹਾਂ ਆਪਣੇ ਸੰਬੰਧਾਂ ਨੂੰ ਸਹਿਜ ਤੇ ਮਿਲਵਰਤਨ ਭਰਿਆ ਰੱਖਣਗੇ ਅਤੇ ਸਿੱਖ ਕੌਮ ਉਥੋਂ ਦੇ ਨਿਯਮਾਂ, ਕਾਨੂੰਨਾਂ ਦੀ ਪਾਲਣਾ ਕਰਦੀ ਹੋਈ ਕੈਨੇਡਾ ਦੀ ਤਰੱਕੀ ਵਿਚ ਇਸੇ ਤਰ੍ਹਾਂ ਯੋਗਦਾਨ ਪਾਉਦੀ ਰਹੇਗੀ ।”
ਇਹ ਵਿਚਾਰ ਸ਼ ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਲਬਰਟਾ ਸੂਬੇ ਦੀ ਸਰਕਾਰ ਅਤੇ ਕੈਨੇਡਾ ਦੀ ਮੌਜੂਦਾ ਜਸਟਿਨ ਟਰੂਡੋ ਸਰਕਾਰ ਦੀ ਸਿੱਖ ਕੌਮ ਦੇ ਬਿਨ੍ਹਾਂ ਤੇ ਧੰਨਵਾਦ ਕਰਦੇ ਹੋਏ ਅਤੇ ਅਲਬਰਟਾ ਸੂਬੇ ਵੱਲੋਂ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜ਼ਾਜਤ ਦੇਣ ਦੇ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਇਕ ਹੋਰ ਸੰਜ਼ੀਦਾ ਉਸ ਮੁੱਦੇ ਨੂੰ ਜਿਸ ਵਿਚ ਸਿੱਖ ਟੀæਵੀæ ਚੈਨਲ ਦੀ ਐਕਰ ਬੀਬੀ ਹਰਸ਼ਰਨ ਕੌਰ ਨੂੰ ਬ੍ਰਿਟਿਸ ਏਅਰਵੇਜ਼ ਵਿਚ ਸਫ਼ਰ ਕਰਦੇ ਹੋਏ ਜੋ ਦੁਰਵਿਹਾਰ ਕੀਤਾ ਗਿਆ ਸੀ, ਉਸ ਨੂੰ ਮੁੱਖ ਰੱਖਦੇ ਹੋਏ ਬ੍ਰਿਟਿਸ ਏਅਰਵੇਜ਼ ਵੱਲੋਂ ਬੀਬੀ ਹਰਸ਼ਰਨ ਕੌਰ ਤੋਂ ਮੁਆਫ਼ੀ ਮੰਗਣ ਦੇ ਨਾਲ-ਨਾਲ ਦੁਰਵਿਹਾਰ ਕਰਨ ਵਾਲੇ ਸਟਾਫ਼ ਨੂੰ ਸਸਪੈਡ ਕਰ ਦਿੱਤਾ ਸੀ, ਉਸ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਸ਼ ਟਿਵਾਣਾ ਨੇ ਕਿਹਾ ਕਿ ਸ੍ਰੀ ਸਾਹਿਬ (ਕਿਰਪਾਨ) ਅਤੇ ਦਸਤਾਰ ਸਿੱਖ ਕੌਮ ਦੀ ਇੱਜਤ-ਮਾਣ ਦੇ ਚਿੰਨ੍ਹ ਹੋਣ ਦੇ ਨਾਲ-ਨਾਲ ਸਿੱਖੀ ਅਸੂਲਾਂ ਨਾਲ ਵੀ ਸੰਬੰਧਤ ਹਨ । ਕਿਸੇ ਵੀ ਮੁਲਕ ਦੀ ਸਰਕਾਰ ਜਾਂ ਵੱਖ-ਵੱਖ ਮੁਲਕਾਂ ਵਿਚ ਚੱਲਣ ਵਾਲੀਆ ਏਅਰਵੇਜ਼ ਵਿਚ ਜਦੋਂ ਵੀ ਕੋਈ ਸਿੱਖ ਮਰਦ-ਇਸਤਰੀ ਸਫ਼ਰ ਕਰਦਾ ਹੈ ਤਾਂ ਉਨ੍ਹਾਂ ਦੇ ਸਿੱਖ ਧਰਮ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਦਿਆ ਹੋਇਆ ਸਭ ਮੁਲਕਾਂ ਦੀਆਂ ਏਅਰਵੇਜ਼ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਏਅਰਵੇਜ਼ਾਂ ਵਿਚ ਸਫ਼ਰ ਕਰਨ ਵਾਲੇ ਸਿੱਖਾਂ ਦੇ ਧਰਮੀ ਅਸੂਲਾਂ ਅਤੇ ਮਨਾਂ-ਆਤਮਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਨਾ ਪਹੁੰਚੇ, ਉਹ ਆਪਣੇ ਸਟਾਫ਼ ਨੂੰ ਅਜਿਹੀਆ ਹਦਾਇਤਾ ਦੇਣ ਜਿਸ ਨਾਲ ਸਿੱਖਾਂ ਨੂੰ ਉਨ੍ਹਾਂ ਦੇ ਪ੍ਰੋਟੋਕੋਲ ਅਨੁਸਾਰ ਖਾਣਾ ਪ੍ਰਾਪਤ ਹੋ ਸਕੇ ਅਤੇ ਉਨ੍ਹਾਂ ਵੱਲੋਂ ਪਹਿਨੇ ਆਪਣੇ ਸਿੱਖੀ ਚਿੰਨ੍ਹਾਂ ਦਾ ਸਤਿਕਾਰ-ਮਾਣ ਕਾਇਮ ਰਹੇ । ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿੱਖ ਧਰਮ ਦੀ ਵਿਸ਼ਾਲਤਾ ਹੀ ਹੈ, ਕਿ ਬੀਬੀ ਹਰਸ਼ਰਨ ਕੌਰ ਨੇ ਬ੍ਰਿਟਿਸ ਏਅਰਵੇਜ਼ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਉਸ ਵੱਲੋਂ ਸ਼ਿਕਾਇਤ ਕਰਨ ਦਾ ਮਤਲਬ ਕੇਵਲ ਏਅਰ ਹੋਸਟਸ ਮੋਨਿਕਾ ਕੇਵਲ ਆਪਣੀ ਗਲਤੀ ਲਈ ਹੀ ਮੁਆਫ਼ੀ ਮੰਗੇ ਅਤੇ ਅੱਗੋ ਲਈ ਅਜਿਹਾ ਪ੍ਰਬੰਧ ਹੋਵੇ ਕਿ ਕਿਸੇ ਵੀ ਸਿੱਖ ਨਾਲ ਅਜਿਹਾ ਵਿਵਹਾਰ ਨਾ ਹੋਵੇ । ਉਹ ਬਿਲਕੁਲ ਨਹੀਂ ਚਾਹੁੰਦੀ ਸੀ ਕਿ ਬਾਕੀ ਸਟਾਫ਼ ਸਸਪੈਡ ਕਰ ਦਿੱਤਾ ਜਾਵੇ । ਸਿੱਖ ਕੌਮ ਦੀ ਵਿਸ਼ਾਲਤਾ, ਨਿਰਵੈਰਤਾ ਅਤੇ ਨਿਰਭਓਤਾ ਦਾ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਅਤੇ ਏਅਰਵੇਜ਼ਾਂ ਨੂੰ ਉਚੇਚੇ ਤੌਰ ਤੇ ਸਤਿਕਾਰ-ਮਾਣ ਕਰਨਾ ਬਣਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਜਿਥੇ ਕਿਤੇ ਵੀ ਸਰਕਾਰਾਂ ਵੱਲੋਂ ਸਿੱਖ ਕੌਮ ਦੀ ਦਸਤਾਰ ਉਤੇ ਪਾਬੰਦੀ ਲਗਾਈ ਗਈ ਹੈ, ਉਹ ਸਿੱਖ ਕੌਮ ਦੀ ਵਿਸ਼ਾਲ ਸੋਚ ਨੂੰ ਮੁੱਖ ਰੱਖਦੇ ਹੋਏ ਅਤੇ ਧਰਮੀ ਚਿੰਨ੍ਹਾਂ ਨੂੰ ਮੁੱਖ ਰੱਖਦੇ ਹੋਏ ਇਹ ਪਾਬੰਦੀਆਂ ਖ਼ਤਮ ਕਰ ਦੇਣਗੇ ਅਤੇ ਸਭ ਮੁਲਕਾਂ ਦੀਆਂ ਏਅਰਵੇਜ਼ ਸਿੱਖਾਂ ਦੇ ਮਾਣ-ਸਤਿਕਾਰ ਦਾ ਉਚੇਚੇ ਤੌਰ ਤੇ ਧਿਆਨ ਰੱਖਣਗੇ ।

468 ad

Submit a Comment

Your email address will not be published. Required fields are marked *