ਕੈਟ ਪਿੰਕੀ ਦੇ ਪ੍ਰਗਟਾਵਿਆਂ ਬਾਰੇ ਕੇਸ ਦਾਇਰ ਕਰਨ ਲਈ 13 ਦਸੰਬਰ ਨੂੰ ਜਸਟਿਸ ਕਾਟਜੂ ਦੀ ਪ੍ਰਧਾਨਗੀ ਹੇਠ ਸੱਦੀ ਮੀਟਿੰਗ

justice tarkundey katjuਚੰਡੀਗੜ੍ਹ, 7 ਦਸੰਬਰ (ਦਰਸ਼ਨ ਸਿੰਘ ਖੋਖਰ): ਪੰਜਾਬ ਪੁਲਿਸ ਅਧਿਕਾਰੀ ਸੁਮੇਧ ਸਿੰਘ ਸੈਣੀ ਵਲੋਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਖਪਾਏ ਜਾਣ ਬਾਰੇ ਪੁਲਿਸ ਕੈਟ ਰਹੇ ਗੁਰਮੀਤ ਸਿੰਘ ਪਿੰਕੀ ਵਲੋਂ ਕੀਤੇ ਖੁਲਾਸਿਆਂ ਸਬੰਧੀ ਜੇਕਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਪਣੇ ਤੌਰ ‘ਤੇ ਕੋਈ ਕਾਰਵਾਈ ਨਾ ਕੀਤੀ ਤਾਂ ਮਨੁੱਖੀ ਹੱਕਾਂ ਅਤੇ ਇਨਸਾਫ਼ ਦੀ ਲੜਾਈ ਲੜਨ ਵਾਲੇ ਵਕੀਲ ਕਾਨੂੰਨੀ ਕਾਰਵਾਈ ਕਰਨਗੇ |
ਇਹ ਪ੍ਰਗਟਾਵਾ ਕਰਦਿਆਂ ਵਕੀਲ ਹਰਪਾਲ ਸਿੰਘ ਚੀਮਾ, ਅਮਰ ਸਿੰਘ ਚਹਿਲ ਅਤੇ ਨਵਕਿਰਨ ਸਿੰਘ ਨੇ ਦਸਿਆ ਕਿ ਇਸ ਮਾਮਲੇ ਬਾਰੇ 13 ਦਸੰਬਰ ਨੂੰ ਵਕੀਲਾਂ ਦੀ ਮੀਟਿੰਗ ਚੰਡੀਗੜ੍ਹ ਵਿਚ ਕੀਤੀ ਜਾਵੇਗੀ ਜਿਸ ਵਿਚ ਸੁਪਰੀਮ ਕੋਰਟ ਦੇ ਵਕੀਲ ਐਚ ਐਸ ਫ਼ੂਲਕਾ ਸਮੇਤ ਹੋਰ ਵਕੀਲ ਵੀ ਸ਼ਾਮਲ ਹੋਣਗੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਵਕੀਲਾਂ ਨੇ ਦਸਿਆ ਕਿ ਗੁਰਮੀਤ ਸਿੰਘ ਪਿੰਕੀ ਨੇ ਜੋ ਖੁਲਾਸੇ ਕੀਤੇ ਹਨ ਉਹ ਸੋਸ਼ਲ ਮੀਡੀਆ ਉਤੇ ਪੂਰੇ ਚਰਚਿਤ ਹਨ ਅਤੇ ਇਸ ਮਾਮਲੇ ਬਾਰੇ ਪਹਿਲਾਂ ਵੀ ਕਈ ਵਾਰ ਲੋਕਾਂ ਨੇ ਤੱਥ ਪੇਸ਼ ਕੀਤੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਇਨਸਾਫ਼ ਦੀ ਕੋਈ ਗਲ ਨਹੀਂ ਕੀਤੀ | ਹੁਣ ਜਦੋਂ ਗੁਰਮੀਤ ਸਿੰਘ ਪਿੰਕੀ ਨੇ ਖ਼ੁਦ ਹੀ ਸੱਚ ਬੋਲ ਦਿਤਾ ਹੈ ਤਾਂ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਪੁਲਿਸ ਅਧਿਕਾਰੀ ਕਾਨੂੰਨ ਅਪਣੇ ਹੱਥ ਲੈਣ ਦੀ ਕੋਸ਼ਿਸ਼ ਨਾ ਕਰੇ |
ਇਨ੍ਹਾਂ ਵਕੀਲਾਂ ਨੇ ਕਿਹਾ ਕਿ ਪਹਿਲਾ ਕੰਮ ਤਾਂ ਜੁਡੀਸ਼ਰੀ ਦਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਹੋਈ ਘੋਰ ਉਲੰਘਣਾ ਦੇ ਇਸ ਮਾਮਲੇ ਬਾਰੇ ਸਚਾਈ ਸਾਹਮਣੇ ਆ ਜਾਣ ਕਾਰਨ ਖ਼ੁਦ ਹੀ ਸੋ ਮੋਟੋ ਮੋਸ਼ਨ ਲਿਆ ਜਾਵੇ ਪਰ ਜੇਕਰ ਅਜਿਹਾ ਨਾ ਹੋਇਆ ਤਾਂ ਮਨੁੱਖੀ ਅਧਿਕਾਰਾਂ ਦੇ ਹਮਾਇਤੀ ਵਕੀਲ ਸਾਰੇ ਕੇਸ ਨੂੰ ਦੇਖ ਕੇ ਇਸ ਮਾਮਲੇ ਬਾਰੇ ਕਾਨੂੰਨੀ ਚਾਰਾਜੋਈ ਸ਼ੁਰੂ ਕਰਨਗੇ |
ਉਨ੍ਹਾਂ ਕਿਹਾ ਕਿ ਕੈਟ ਪਿੰਕੀ ਦੀ ਸਾਹਮਣੇ ਆਈ ਵੀਡੀਉ ਨੂੰ ਅਦਾਲਤ ਵਿਚ ਸਬੂਤ ਵਜੋਂ ਪੇਸ਼ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸਾਬਕਾ ਪੁਲਿਸ ਮੁਖੀ ਕੇ ਪੀ ਐਸ ਗਿੱਲ ਕਹਿ ਰਹੇ ਹਨ ਕਿ ਪੰਜਾਬ ਵਿਚ ਕੋਈ ਵੀ ਝੂਠਾ ਮੁਕਾਬਲਾ ਨਹੀਂ ਹੋਇਆ ਪਰ ਕੀ ਉਹ ਇਹ ਦਸ ਸਕਦੇ ਹਨ ਕਿ ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਖ਼ਤਮ ਕਰਨ ਵਾਲੇ 200 ਤੋਂ ਵਧੇਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਦਾਲਤਾਂ ਨੇ ਸਜ਼ਾਵਾਂ ਕਿਉਂ ਦਿਤੀਆਂ ਹਨ?
ਇਨ੍ਹਾਂ ਵਕੀਲਾਂ ਨੇ ਪੰਜਾਬ ਵਿਚ ਦੋ ਦਹਾਕਿਆਂ ਦੌਰਾਨ ਹੋਈ ਸਿੱਖ ਨਸ਼ਲਕੁਸੀ ਦੀ ਜਾਂਚ ਮੰਗੀ ਅਤੇ ਕਿਹਾ ਕਿ ਜਿਸ ਤਰ੍ਹਾਂ ਦਾ ਜ਼ੁਲਮ ਪੰਜਾਬ ਦੇ ਸਿੱਖ ਨੌਜਵਾਨਾਂ ‘ਤੇ ਕੀਤਾ ਗਿਆ ਉਹ ਅਸੱਭਿਅਕ ਸਮਾਜ ਦੀ ਉਦਾਹਰਣ ਪੇਸ਼ ਕਰਦਾ ਹੈ | ਇਨ੍ਹਾਂ ਵਕੀਲਾਂ ਨੇ ਦਸਿਆ ਕਿ ਸਿੱਖਸ ਫ਼ਾਰ ਹਿਊਮਨ ਰਾਈਟਸ ਵਲੋਂ 10 ਦਸੰਬਰ ਨੂੰ ਲੁਬਾਣਾ ਭਵਨ­ ਚੰਡੀਗੜ੍ਹ ਵਿਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਜੋ ਸੈਮੀਨਾਰ ਕਰਵਾਇਆ ਜਾਵੇਗਾ, ਉਸ ਵਿਚ ਵੀ ਗੁਰਮੀਤ ਪਿੰਕੀ ਦੇ ਖੁਲਾਸਿਆਂ ਅਤੇ ਪੰਜਾਬ ਵਿਚ ਢਾਈ ਦਹਾਕੇ ਪਹਿਲਾਂ ਪੰਜਾਬ ਪੁਲਿਸ ਵਲੋਂ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਚਰਚਾ ਕੀਤੀ ਜਾਵੇਗੀ |
ਸੈਮੀਨਾਰ ਵਿਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਣਗੇ | ਸਿੱਖਸ ਫ਼ਾਰ ਹਿਊਮਨ ਰਾਈਟਸ ਦੇ ਮੁਖੀ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਪੰਜਾਬ ਵਿਚ ਪਿਛਲੇ ਮਹੀਨੇ ਵਾਪਰੀਆਂ ਘਟਨਾਵਾਂ ਦੌਰਾਨ ਹਕੂਮਤੀ ਤਸ਼ੱਦਦ ਦਾ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਅਤੇ ਆਗੂਆਂ ਦੇ ਪੱਖ ਵਿਚ ਲੋਕ ਰਾਏ ਪੈਦਾ ਕਰਨਾ ਸੈਮੀਨਾਰ ਦਾ ਮੁੱਖ ਏਜੰਡਾ ਹੈ | ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਜਿਸ ਤਰ੍ਹਾਂ ਸਰਕਾਰ ਅਤੇ ਪੁਲਿਸ ਨੇ ਜ਼ੁਲਮ ਦਾ ਨਿਸ਼ਾਨਾ ਬਣਾਇਆ ਹੈ ਉਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ |
ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਬੁਲਾ ਕੇ ਕਿਸੇ ਵੀ ਤਰ੍ਹਾਂ ਦੇਸ਼ ਨੂੰ ਖ਼ਤਰੇ ਵਾਲੀ ਗਲ ਨਹੀਂ ਕੀਤੀ ਪਰ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਉਤੇ ਦੇਸ਼ ਧਰੋਹ ਦੇ ਕੇਸ ਬਣਾ ਕੇ ਸਰਕਾਰ ਨੇ ਜਮਹੂਰੀਅਤ ਦਾ ਗਲਾ ਘੁਟਿਆ ਹੈ | ਜਿਸ ਕਾਰਨ ਮਨੁੱਖੀ ਅਧਿਕਾਰ ਦਿਵਸ ਮੌਕੇ ਮਨੁੱਖੀ ਹੱਕਾਂ ਦੇ ਹੋਏ ਘਾਣ ਬਾਰੇ ਚਰਚਾ ਕੀਤੀ ਜਾਵੇਗੀ | ਸੈਮੀਨਾਰ ਵਿਚ ਬਰਗਾੜੀ ਗੋਲੀਕਾਂਡ ਅਤੇ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਲੋਕ ਅਤੇ ਝੂਠੇ ਕੇਸਾਂ ਦਾ ਸਾਹਮਣਾ ਕਰਨ ਵਾਲੇ ਨੌਜਵਾਨ ਵੀ ਸ਼ਾਮਲ ਹੋਣਗੇ | ਸੈਮੀਨਾਰ ਵਿਚ ਕਸ਼ਮੀਰ ਦੀ ਕੇਂਦਰੀ ਯੂਨੀਵਰਸਿਟੀ ਦੇ ਪ੍ਰੋ. ਸੇਖ ਸੌਕਤ ਹੁਸੈਨ ਅਤੇ ਦਖਣੀ ਭਾਰਤ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ |

468 ad

Submit a Comment

Your email address will not be published. Required fields are marked *