ਕੇਂਦਰ ਆਨੰਦ ਮੈਰਿਜ ਐਕਟ ‘ਤੇ ਅਮਲ ਕਰਵਾਏ : ਜਥੇ. ਗੁਰਬਚਨ ਸਿੰਘ

 ਕੇਂਦਰ ਆਨੰਦ ਮੈਰਿਜ ਐਕਟ 'ਤੇ ਅਮਲ ਕਰਵਾਏ :  ਜਥੇ. ਗੁਰਬਚਨ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਹਰਿਆਣਾ ਵਿਚ ਸਿੱਖ ਮੈਰਿਜ ਐਕਟ ਲਾਗੂ ਕਰਕੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਲਈ ਹਰਿਆਣਾ ਸਰਕਾਰ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਵਲੋਂ ਕੀਤੇ ਜਾਂਦੇ ਆਨੰਦ ਕਾਰਜਾਂ ਨੂੰ ਉਨ੍ਹਾਂ ਦੇ ਸਿੱਖੀ ਸਿਧਾਂਤਾਂ ਅਨੁਸਾਰ ਮਾਨਤਾ ਮਿਲੇਗੀ, ਜਿਸ ਨਾਲ ਸਿੱਖ ਧਰਮ ਦੀ ਵਿਲੱਖਣਤਾ ਦੀ ਪਛਾਣ ਹੋਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਤਰ੍ਹਾਂ ਕੇਂਦਰ ਬਾਕੀ ਸੂਬਿਆਂ ਵਿਚ ਵੀ ਆਨੰਦ ਮੈਰਿਜ ਐਕਟ ਲਾਗੂ ਕਰਵਾਉਣ ‘ਤੇ ਅਮਲ ਕਰਵਾਏ। ਉਨ੍ਹਾਂ ਕਿਹਾ ਕਿ ਗੁਰਮਤਿ ਮੁਤਾਬਿਕ ਤਲਾਕ, ਗੋਦ ਲੈਣ ਤੇ ਵੱਖਰੇ ਹੋਣ ਦੀ ਵਿਵਸਥਾ ਨਹੀਂ ਹੈ ਤੇ ਇਸ ਸਬੰਧੀ ਕਾਨੂੰਨੀ ਮਾਹਿਰਾਂ ਦੀ ਰਾਇ ਲੈ ਕੇ ਸ਼੍ਰੋਮਣੀ ਕਮੇਟੀ ਰਾਹੀਂ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਸਿੱਖਾਂ ਦੇ ਵਿਆਹ ਅਨੰਦ ਮੈਰਿਜ ਐਕਟ ਤਹਿਤ ਹੋਣ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੀ ਖੁਸ਼ੀ ਸਾਰੀ ਕੌਮ ਲਈ ਹੈ। ਹਰਿਆਣਾ ਦੀ ਤਰ੍ਹਾਂ ਬਾਕੀ ਸੂਬਾ ਸਰਕਾਰਾਂ ਨੂੰ ਵੀ ਇਸ ਐਕਟ ਨੂੰ ਲਾਗੂ ਕਰਵਾਉਣ ‘ਚ ਦਿਲਚਸਪੀ ਵਿਖਾਉਣੀ ਚਾਹੀਦੀ ਹੈ। ਉਹ ਸਿੱਖ ਕੌਂਸਲ ਯੂ. ਕੇ. ਵਲੋਂ ਅਫਰੀਕਾ ਦੀ ਯੂਗਾਂਡਾ ਸਰਕਾਰ ਵਲੋਂ ਸਿੱਖ ਪਛਾਣ ਸਬੰਧੀ ਜਾਰੀ ਕੀਤੀਆਂ ਡਾਕ ਟਿਕਟਾਂ ਦਾ ਸੁਚਿੱਤਰ ਕਿਤਾਬਚਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।   ਯੂਗਾਂਡਾ ਸਰਕਾਰ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੇਸ਼ਾਂ-ਵਿਦੇਸ਼ਾਂ ਵਿਚ ਬੈਠੀ ਪੂਰੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਅਫਰੀਕਾ ਦੀ ਸਰਕਾਰ ਨੇ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਸਮੇਂ-ਸਮੇਂ ਵਿਦੇਸ਼ਾਂ ਦੀ ਤਰੱਕੀ ਵਾਸਤੇ ਜੋ ਕਾਰਜ ਸਿੱਖਾਂ ਵਲੋਂ ਕੀਤੇ ਗਏ ਹਨ, ਨੂੰ ਮੁੱਖ ਰੱਖਦੇ ਹੋਏ ਇਹ ਡਾਕ ਟਿਕਟਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਬਹਾਦਰ ਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਹੈ ਅਤੇ ਸਿੱਖ ਜਿੱਥੇ ਕਿਤੇ ਵੀ ਗਏ ਹਨ, ਨੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਮਾਣ-ਸਤਿਕਾਰ ਹਾਸਲ ਕੀਤਾ ਹੈ।

468 ad