ਕੀ ਧੁੰਮੇ ਨੇ ਕਰਾਇਆ ਢੱਡਰੀਆਂਵਾਲੇ ‘ਤੇ ਹਮਲਾ

2ਲੁਧਿਆਣਾ , 20 (ਪੀਡੀ ਬੇਉਰੋ ) ਪੰਜਾਬ ਪੁਲੀਸ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਲੁਧਿਆਣਾ ’ਚ ਹੋਏ ਕਾਤਲਾਨਾ ਹਮਲੇ ਵਿੱਚ ‘ਦਮਦਮੀ ਟਕਸਾਲ’ ਨਾਲ ਸਬੰਧਤ ਕੁਝ ਵਿਅਕਤੀਆਂ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਹਾਸਲ ਕਰ ਲਏ ਹਨ। ਪੁਲੀਸ ਸੂਤਰਾਂ ਦਾ ਦੱਸਣਾ ਹੈ ਕਿ ਲੁਧਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਇਕ ਵਿਅਕਤੀ ਵੱਲੋਂ ਹਮਲੇ ’ਚ ਸ਼ਮੂਲੀਅਤ ਕਰਨ ਵਾਲੇ 6 ਤੋਂ ਵੱਧ ਵਿਅਕਤੀਆਂ ਦੀ ਪਛਾਣ ਕੀਤੀ ਹੈ। ਪੁਲੀਸ ਮੁਤਾਬਕ ਹਮਲੇ ’ਚ ਦੋ ਦਰਜਨ ਦੇ ਕਰੀਬ ਵਿਅਕਤੀ ਸ਼ਾਮਲ ਸਨ। ਹੁਣ ਤਕ ਪਛਾਣੇ ਗਏ ਵਿਅਕਤੀ ਦਮਦਮੀ ਟਕਸਾਲ ਵਿੱਚ ਹੀ ਕੰਮ ਕਰਦੇ ਦੱਸੇ ਗਏ ਹਨ। ਪੁਲੀਸ ਵੱਲੋਂ ਮੁੱਖ ਸਾਜ਼ਿਸ਼ੀ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤਾਈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਇਸ ਘਟਨਾ ਦੀ ਸਾਜ਼ਿਸ਼ ਰਚਣ ’ਚ ਨਾਮ ਸਾਹਮਣੇ ਨਹੀਂ ਆਇਆ। ਉਂਜ ਤਫ਼ਤੀਸ਼ ਨਾਲ ਜੁੜੇ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਘਟਨਾ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸੰਤ ਢੱਡਰੀਆਂ ਵਾਲੇ ਦਰਮਿਆਨ ਛਿੜੀ ‘ਗਰਮ ਬਹਿਸ’ ਦੀ ਉਪਜ ਹੈ। ਸਰਕਾਰ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ’ਚ ਸੰਜਮ ਤੋਂ ਕੰਮ ਲਿਆ ਜਾ ਰਿਹਾ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਘਟਨਾ ਵਾਲੀ ਥਾਂ ’ਤੇ ਮੌਜੂਦ ਜ਼ਿਆਦਾਤਰ ਵਿਅਕਤੀਆਂ ਨੂੰ ਛਬੀਲ ਲਗਾਉਣ ਦੀ ਗੱਲ ਕਹਿ ਕੇ ਲਿਆਂਦਾ ਗਿਆ ਸੀ ਤੇ ਹਮਲਾ ਕਰਨ ਤੋਂ ਚੰਦ ਮਿੰਟ ਪਹਿਲਾਂ ਹੀ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਹੁਣ ਕੋਈ ਵੱਡੀ ‘ਵਾਰਦਾਤ’ ਹੋਣ ਜਾ ਰਹੀ ਹੈ। ਇਸ ਲਈ ਜਿਸ ਨੇ ਆਪਣਾ ਬਚਾਅ ਕਰਨਾ ਹੈ, ਕਰ ਲਵੇ। ਇਸ ਐਲਾਨ ਤੋਂ ਬਾਅਦ ਕੁਝ ਵਿਅਕਤੀ ਦੌੜ ਵੀ ਗਏ ਸਨ। ਪੁਲੀਸ ਇਸ ਹਮਲੇ ’ਚ ਵਰਤੇ ਅਸਲੇ ਅਤੇ ਗੱਡੀਆਂ ਬਰਾਮਦ ਕਰਨ ’ਤੇ ਜ਼ੋਰ ਦੇ ਰਹੀ ਹੈ। ਜਿਸ ਵਿਅਕਤੀ ਨੇ ਪੁਲੀਸ ਕੋਲ ਖ਼ੁਲਾਸੇ ਕੀਤੇ ਹਨ, ਉਹ ਟਕਸਾਲ ’ਚ ਟਰੈਕਟਰ ਚਾਲਕ ਵਜੋਂ ਕੰਮ ਕਰਦਾ ਹੈ। ਤਫ਼ਤੀਸ਼ੀ ਪੁਲੀਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਸਲਾ ਬਰਾਮਦ ਹੋਣ ਤੋਂ ਬਾਅਦ ਸਾਰੇ ਭੇਤ ਖੁੱਲ੍ਹ ਜਾਣਗੇ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ’ਤੇ ਹੋਏ ਹਮਲੇ ’ਚ ਇਕ ਪ੍ਰਚਾਰਕ ਦੀ ਮੌਤ ਹੋ ਗਈ ਸੀ ਤੇ ਢੱਡਰੀਆਂ ਵਾਲੇ ਖੁਦ ਮੁਸ਼ਕਲ ਨਾਲ ਜਾਨ ਬਚਾ ਸਕੇ ਸਨ। ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਰਾਜ ਸਰਕਾਰ ਅਤੇ ਪੁਲੀਸ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਵੀ ਤਫ਼ਤੀਸ਼ ਦੀ ਪੈਰਵੀ ਕੀਤੀ ਜਾ ਰਹੀ ਹੈ। ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਸਬੰਧ ਬੜੇ ਹੀ ਸੁਖਾਵੇਂ ਮੰਨੇ ਜਾਂਦੇ ਹਨ। ਤਾਜ਼ਾ ਘਟਨਾ ਤੋਂ ਬਾਅਦ ਸਰਕਾਰ ਸੋਚੀਂ ਪਈ ਹੋਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤਫ਼ਤੀਸ਼ ਸਬੰਧੀ ਜਾਣਕਾਰੀ ਪੁਲੀਸ ਤੋਂ ਲੈ ਰਹੇ ਹਨ। ਸਰਕਾਰ ਨੂੰ ਦੂਜੀਆਂ ਪੰਥਕ ਧਿਰਾਂ ਅਤੇ ਸਿੱਖ ਪ੍ਰਚਾਰਕਾਂ ਦੇ ਇਕ ਪਲੈਟਫਾਰਮ ’ਤੇ ਇਕੱਠੇ ਹੋਣ ਦਾ ਵੀ ਡਰ ਹੈਜਦੋਂ ਇਸ ਸੰਬੰਧ ਚ ਹਰਨਾਮ ਸਿੰੰਘ ਧੁੰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਗੱਲ ਕਰਨ ਵਾਲੇ ਗੁਰਜਿੰਦਰ ਸਿੰਘ ਨਾਮੀ ਵਿਅਕਤੀ ਨੇ ਦੱਸਿਆ ਕਿ ਉਹ ਧਾਰਮਿਕ ਸਮਾਗਮਾਂ ’ਚ ਰੁੱਝੇ ਹੋਏ ਹਨ ਇਸ ਕਰਕੇ ਗੱਲਬਾਤ ਸੰਭਵ ਨਹੀਂ ਹੈ। ਇਸ ਵਿਅਕਤੀ ਨੇ ਲੁਧਿਆਣਾ ਦੀ ਘਟਨਾ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

468 ad

Submit a Comment

Your email address will not be published. Required fields are marked *