ਕਿਸੇ ਵੀ ਕੀਮਤ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਸ਼ਾਮਿਲ ਨਹੀਂ ਹੋਵਾਂਗਾ : ਮਨਪ੍ਰੀਤ

ਕਿਸੇ ਵੀ ਕੀਮਤ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ ਨਹੀਂ ਹੋਵਾਂਗਾ : ਮਨਪ੍ਰੀਤ

ਮਾਨਸਾ – ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਾ ਮਨਪ੍ਰੀਤ ਸਿੰਘ ਬਾਦਲ ਹੁਣ ‘ਮਰ’ ਚੁੱਕਾ ਹੈ ਤੇ ਭਵਿੱਖ ਵਿਚ ਕਿਸੇ ਵੀ ਕੀਮਤ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਨਹੀਂ ਹੋਵਾਂਗਾ। ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਇਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ, ਜੋ ਪੰਜਾਬ ਦੇ ਵੱਖ-ਵੱਖ ਅਦਾਰਿਆਂ ਉਪਰ ਆਪਣੇ ਕਬਜ਼ੇ ਜਮਾ ਕੇ ਖਰਬਾਂ ਰੁਪਏ ਆਪਣੀਆਂ ਜੇਬਾਂ ਵਿਚ ਸੁੱਟ ਰਹੇ ਹਨ।
ਇਸ ਮੌਕੇ ਉਨ੍ਹਾਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਵਿਚ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੋਂ ਹੋਈ ਆਪਣੀ ਹਾਰ ਨੂੰ ਨੈਤਿਕ ਜਿੱਤ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਜਲਦ ਹੀ ਮਾਨਸਾ ਤੇ ਬਠਿੰਡਾ ਵਿਖੇ ਆਪਣੇ ਦਫ਼ਤਰ ਖੋਲ੍ਹ ਕੇ ਲੋਕਾਂ ਦੀ ਸੇਵਾ ਸ਼ੁਰੂ ਕਰਨਗੇ।
ਉਨ੍ਹਾਂ ਦੋਸ਼ ਲਾਇਆ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਹਰਾਉਣ ਲਈ ਅਕਾਲੀ ਦਲ ਨੇ ਜਿਥੇ ਪੈਸਾ ਪਾਣੀ ਵਾਂਗ ਵਹਾ ਦਿੱਤਾ, ਉਥੇ ਹੀ ਸਮੁੱਚੇ ਪੰਜਾਬ ਦੀ ਤਾਕਤ ਵੀ ਲੋਕ ਸਭਾ ਹਲਕਾ ਬਠਿੰਡਾ ਉਪਰ ਝੋਕ ਦਿੱਤੀ ਪਰ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚੋਂ ਅਕਾਲੀ ਦਲ ਦਾ ਸਫਾਇਆ ਹੋ ਜਾਵੇਗਾ।
ਇਸ ਮੌਕੇ ਸਾਬਕਾ ਕਾਂਗਰਸ ਮੰਤਰੀ ਸ਼ੇਰ ਸਿੰਘ ਗਾਗੋਵਾਲ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ, ਜੈਜੀਤ ਸਿੰਘ ਜੌਹਲ, ਬਲਵਿੰਦਰ ਨਾਰੰਗ, ਕ੍ਰਿਸ਼ਨ ਚੌਹਾਨ, ਮਨਜੀਤ ਸਿੰਘ ਝਲਬੂਟੀ, ਪ੍ਰਵੀਨ ਟੋਨੀ, ਚੰਦਰ ਸ਼ੇਖਰ ਨੰਦੀ, ਕਰਮ ਸਿੰਘ ਚੌਹਾਨ, ਗੁਰਪ੍ਰੀਤ ਵਿੱਕੀ, ਡਾ. ਮਨਜੀਤ ਸਿੰਘ ਰਾਣਾ, ਆਤਮਾ ਸਿੰਘ ਆਤਮਾ, ਸੁਖਦਰਸ਼ਨ ਖਾਰਾ, ਪ੍ਰਿਤਪਾਲ ਡਾਲੀ, ਸੀਤਾ ਰਾਮ ਚੂਨੀਆ, ਸੁਰੇਸ਼ ਨੰਦਗੜ੍ਹੀਆ, ਹਰਪਾਲ ਪਾਲੀ, ਮੱਖਣ ਸਿੰਘ ਭੱਠਲ, ਲਛਮਣ ਰਾਮ ਲਖੀਆ, ਜਸਵਿੰਦਰ ਭੰਗੂ ਮੰਢਾਲੀ, ਰਕੇਸ਼ ਦੀਪਾ, ਤੀਰਥ ਸਵੀਟੀ  ਤੇ ਚਰਨਜੀਤ ਸਿੰਘ ਸਰਦੂਲਗੜ੍ਹ ਆਦਿ ਤੋਂ ਇਲਾਵਾ ਕਾਂਗਰਸ, ਸੀ. ਪੀ. ਆਈ. ਅਤੇ ਪੀ. ਪੀ. ਪੀ. ਦੇ ਆਗੂ ਤੇ ਵਰਕਰ ਹਾਜ਼ਰ ਸਨ।

468 ad