ਕਿਰਨ ਖੇਰ ਨੇ ਪਵਨ ਕੁਮਾਰ ਬਾਂਸਲ ਤੇ ਗੁਲ ਪਨਾਗ ਨੂੰ ਦਿੱਤੀ ਮਾਤ

 ਕਿਰਨ ਖੇਰ ਨੇ ਪਵਨ ਕੁਮਾਰ ਬਾਂਸਲ ਤੇ ਗੁਲ ਪਨਾਗ  ਨੂੰ ਦਿੱਤੀ ਮਾਤ

ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਲਹਿਰ ਦੇਸ਼ ਵਿਚ ਚੱਲੀ ਤਾਂ ਚੰਡੀਗੜ੍ਹ ਵੀ ਇਸ ਤੋਂ ਅਛੂਤਾ ਨਹੀਂ ਰਿਹਾ।  ਮੋਦੀ ਦੀ ਲਹਿਰ ਅਤੇ ਵੁਮੈਨ ਪਾਵਰ ਹੀ ਅਸਲ ਕਾਰਨ ਰਿਹਾ, ਜਿਸਦੇ ਅੱਗੇ ਬਾਂਸਲ ਦਾ ਰਾਜਨੀਤੀ ਵਿਚ ਕਈ ਸਾਲਾਂ ਦਾ ਅਨੁਭਵ ਵੀ ਢੇਰ ਹੋ ਗਿਆ। ਕਾਂਗਰਸ ਦੇ ਉਮੀਦਵਾਰ ਪਵਨ ਬਾਂਸਲ ਨੂੰ 15 ਸਾਲ ਬਾਅਦ ਲੋਕ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਤਾਂ ਉਹ ਵੀ ਉਸ ਉਮੀਦਵਾਰ ਦੇ ਹੱਥੋਂ ਜੋ ਪਹਿਲੀ ਵਾਰ ਚੋਣਾਂ ਦੇ ਮੈਦਾਨ ਵਿਚ ਉਤਰੀ ਸੀ। 
14 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ 
ਚੰਡੀਗੜ੍ਹ ਵਿਚੋਂ ਕੁੱਲ 17 ਉਮੀਦਵਾਰ ਚੋਣਾਂ ਦੇ ਮੈਦਾਨ ਵਿਚ ਖੜ੍ਹੇ ਹੋਏ ਸਨ। ਇਨ੍ਹਾਂ ਵਿਚੋਂ 14 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਜ਼ਮਾਨਤ ਬਚਾਉਣ ਲਈ  ਉਮੀਦਵਾਰ ਨੂੰ ਕੁੱਲ ਵੋਟਾਂ ਦਾ ਛੇਵਾਂ ਹਿੱਸਾ ਹਾਸਿਲ ਕਰਨਾ ਲਾਜ਼ਮੀ ਸੀ, ਪਰ ਕਿਰਨ ਖੇਰ, ਪਵਨ ਬਾਂਸਲ ਅਤੇ ਗੁਲ ਪਨਾਗ ਨੂੰ ਛੱਡ ਕੇ ਕੋਈ ਵੀ ਉਮੀਦਵਾਰ ਇਸ ਅੰਕੜੇ ਦੇ ਨਜ਼ਦੀਕ ਨਹੀਂ ਪੁੱਜ ਸਕਿਆ। ਜੋ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ, ਉਨ੍ਹਾਂ ਵਿਚ ਬਸਪਾ ਦੀ ਉਮੀਦਵਾਰ ਜੰਨਤ ਜਹਾਂ ਉਲ ਹੱਕ 15834, ਸੀ. ਪੀ. ਆਈ. ਦੇ ਕੰਵਲਜੀਤ ਸਿੰਘ 968, ਆਈ. ਵੀ. ਡੀ. ਦੇ ਖੇਮ ਲਾਲ ਬਾਂਸਲ 640 , ਐੱਚ. ਈ. ਪੀ. ਦੇ ਸੁਰਿੰਦਰ ਭਾਰਦਵਾਜ 434, ਆਜ਼ਾਦ ਉਮੀਦਵਾਰ  ਰੀਨਾ ਸ਼ਰਮਾ  2643, ਸ਼ਮਸ਼ੇਰ ਸਿੰਘ 2054, ਪਵਨ ਕੁਮਾਰ ਸ਼ਰਮਾ 997, ਰਮੇਸ਼ ਚੰਦਰ 743, ਅਜੇ ਸਿੰਗਲਾ 660, ਦੀਪਕ ਸ਼ੁਕਲਾ 613, ਅਮਰਜੀਤ  ਕੌਰ 397 ਅਤੇ ਜਸਮੇਰ ਸਿੰਘ 389 ਦੇ ਨਾਂ ਸ਼ਾਮਲ ਹਨ। 
ਕਿਰਨ ਤੋਂ ਇਕ ਵੀ ਰਾਊਂਡ ‘ਚ ਨਹੀਂ ਜਿੱਤ ਸਕੇ ਬਾਂਸਲ 
ਚੋਣਾਂ ਵਿਚ ਕਿਰਨ ਖੇਰ ਦਾ ਪ੍ਰਦਰਸ਼ਨ ਇੰਨਾ ਬਿਹਤਰੀਨ ਰਿਹਾ ਕਿ  ਪਵਨ ਕੁਮਾਰ ਬਾਂਸਲ ਇਕ ਵੀ ਰਾਊਂਡ ਵਿਚ ਨਹੀਂ ਜਿੱਤ ਸਕੇ। ਗਿਣਤੀ ਲਈ  ਯੂ. ਟੀ. ਚੋਣ ਵਿਭਾਗ ਨੇ ਕੁੱਲ 19 ਰਾਊਂਡ ਰੱਖੇ ਸਨ। ਇਨ੍ਹਾਂ ਸਾਰੇ ਰਾਊਂਡਾਂ ਵਿਚ ਕਿਰਨ ਖੇਰ ਨੇ ਚੰਗੇ ਫਰਕ ਨਾਲ ਬੜ੍ਹਤ ਬਣਾਈ ਰੱਖੀ। ਖਾਸ ਗੱਲ ਇਹ ਹੈ ਕਿ ਆਪ ਦੀ ਉਮੀਦਵਾਰ ਗੁਲ ਪਨਾਗ ਨੇ ਬਾਂਸਲ ਨੂੰ ਪੂਰੀਆਂ ਚੋਣਾਂ ‘ਚ ਜ਼ਬਰਦਸਤ ਟੱਕਰ ਦਿੱਤੀ। ਗੁਲ ਪਨਾਗ ਨੇ ਬਾਂਸਲ ਨੂੰ 9 ਰਾਊਂਡਾਂ ਵਿਚ ਪਿੱਛੇ ਛੱਡਣ ਵਿਚ ਸਫ਼ਲਤਾ ਹਾਸਿਲ ਕੀਤੀ। 
ਸਿਰਫ਼ 14 ਮਿੰਟਾਂ ‘ਚ ਸਾਹਮਣੇ ਆ ਗਿਆ ਨਤੀਜਾ 
ਪਵਨ ਕੁਮਾਰ ਬਾਂਸਲ ਸਵੇਰੇ 9 :48 ‘ਤੇ ਕਾਊਂਟਿੰਗ ਸੈਂਟਰ ਪੁੱਜੇ। ਜਦ ਉਨ੍ਹਾਂ ਨੇ ਕਾਊਂਟਿੰਗ ਸੈਂਟਰ ਵਿਚ ਪ੍ਰਵੇਸ਼ ਕੀਤਾ ਤਾਂ ਉਹ ਕਾਫ਼ੀ ਉਤਸ਼ਾਹਿਤ ਸਨ। ਬਾਂਸਲ ਜਾਂਦੇ ਸਮੇਂ ਵਿਕਟਰੀ ਦਾ ਨਿਸ਼ਾਨ ਬਣਾ ਕੇ ਬੇਫਿਕਰ ਸਨ ਕਿ ਉਨ੍ਹਾਂ ਨੂੰ ਹੀ ਜਿੱਤ ਮਿਲੇਗੀ, ਪਰ ਜਦ ਉਹ 10;02 ‘ਤੇ ਕਾਊੁਂਟਿੰਗ ਸੈਂਟਰ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਚਿਹਰੇ ‘ਤੇ ਨਿਰਾਸ਼ਾ ਸੀ। ਉਸ ਸਮੇਂ ਬਾਂਸਲ 2100 ਵੋਟਾਂ ਨਾਲ ਪਿੱਛੇ ਚਲ ਰਹੇ ਸਨ।  ਬਾਂਸਲ ਨੇ ਜਾਂਦੇ ਹੋਏ ਬਸ ਇੰਨਾ ਹੀ ਕਿਹਾ ਕਿ ਅਜੇ ਕਾਫ਼ੀ ਸਾਰੇ ਰਾਊਂਡ ਪਏ ਹਨ।  ਇਸ ਲਈ ਲੋਕਾਂ ਨੂੰ  ਫਾਈਨਲ ਨਤੀਜੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਬਾਂਸਲ ਦੇ ਨਾਲ ਉਨ੍ਹਾਂ ਦੀ ਪਤਨੀ ਮਧੂ ਬਾਂਸਲ ਵੀ ਪੁੱਜੀ ਹੋਈ ਸੀ। ਖਾਸ ਗੱਲ ਇਹ ਹੈ ਕਿ  ਬਾਂਸਲ ਦੇ ਨਾਲ ਉਸ ਸਮੇਂ ਪਾਰਟੀ ਦਾ ਕੋਈ ਵੀ ਵੱਡਾ ਨੇਤਾ ਨਹੀਂ ਸੀ। 
ਸਾਢੇ ਦਸ ਵਜੇ ਸ਼ੁਰੂ ਹੋ ਚੁੱਕਾ ਸੀ ਜਸ਼ਨ
ਕਿਰਨ ਖੇਰ 10 :31 ਵਜੇ ਪ੍ਰਦੇਸ਼ ਪਾਰਟੀ ਪ੍ਰਧਾਨ  ਸੰਜੇ ਟੰਡਨ ਅਤੇ ਹੋਰ ਨੇਤਾਵਾਂ ਨਾਲ ਕਾਊਂਟਿੰਗ ਸੈਂਟਰ ਪੁੱਜੀ,ਉੱਥੇ ਮੌਜੂਦ ਸਮਰਥਕਾਂ ਨੇ ਕਿਰਨ ਖੇਰ ਦਾ ਜੰਮ ਕੇ ਸਵਾਗਤ ਕੀਤਾ। ਖੇਰ ਨੇ ਸਵੇਰੇ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਜਪਾ 400 ਸੀਟਾਂ ਲੈ ਕੇ ਜਾਵੇਗੀ। ਕਾਊਂਟਿੰਗ ਸੈਂਟਰ ਵਿਚ ਜਿਵੇਂ-ਜਿਵੇਂ ਵੋਟਾਂ ਦੀ ਗਿਣਤੀ ਅੱਗੇ ਵਧਦੀ ਗਈ ਭਾਜਪਾ ਸਮਰਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। 
2009 ਵਿਚ ਬਾਂਸਲ ਦਾ ਪ੍ਰਦਰਸ਼ਨ 
2009  ਵਿਚ ਹੋਈਆਂ ਲੋਕਸਭਾ ਚੋਣਾਂ ਵਿਚ  ਪਵਨ ਕੁਮਾਰ ਬਾਂਸਲ ਨੇ ਹੈਟ੍ਰਿਕ ਮਾਰਦਿਆਂ ਭਾਜਪਾ ਦੇ ਸੱਤਿਆਪਾਲ ਜੈਨ ਨੂੰ ਹਰਾਇਆ ਸੀ। ਇਨ੍ਹਾਂ ਚੋਣਾਂ ਵਿਚ  ਬਾਂਸਲ ਨੂੰ 161042 ਵੋਟਾਂ ਮਿਲੀਆਂ ਸਨ, ਜਦ ਕਿ ਇਸ ਵਾਰ  ਚੋਣਾਂ ਵਿਚ ਇਹ ਸਿਰਫ਼ 121720 ਵੋਟਾਂ ਹੀ ਹਾਸਿਲ ਕਰ ਸਕੇ। 
ਉਮੀਦਵਾਰ  ਪਾਰਟੀ  ਵੋਟਾਂ
ਪਵਨ ਕੁਮਾਰ ਬਾਂਸਲ ਕਾਂਗਰਸ 161042
ਸੱਤਿਆਪਾਲ ਜੈਨ ਭਾਜਪਾ 102075
ਹਰਮੋਹਨ ਧਵਨ  ਬਸਪਾ  61434
ਹਾਫਿਜ਼ ਅਨਵਰ ਉਲ ਹੱਕ ਰਾਸ਼ਟਰੀ  1549
ਜਨਤਾ ਦਲ
ਐੱਸ. ਕੇ. ਸੂਰੀ ਆਜ਼ਾਦ 2776 

468 ad