ਕਾਂਗਰਸੀਆਂ ‘ਤੇ ਦਰਜ ਕੇਸਾਂ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ

ਕਾਂਗਰਸੀਆਂ 'ਤੇ ਦਰਜ ਕੇਸਾਂ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ

ਪੰਜਾਬ ‘ਚ 30 ਅਪ੍ਰੈਲ ਨੂੰ ਪੋਲਿੰਗ ਵਾਲੇ ਦਿਨ ਅਤੇ ਉਸ ਦੇ ਬਾਅਦ ਕਾਂਗਰਸੀਆਂ ‘ਤੇ ਪੁਲਸ ਵਲੋਂ ਦਰਜ ਕੀਤੇ ਗਏ ਮਾਮਲਿਆਂ ਦਾ ਚੋਣ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸੰਬੰਧ ‘ਚ ਕਮਿਸ਼ਨ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਜ਼ਰੀਏ ਸੂਬਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੂਬਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਦੀ ਅਗਵਾਈ ‘ਚ ਕਾਂਗਰਸੀ ਨੇਤਾਵਾਂ ਦੇ ਵਫਦ ਨੇ ਨਵੀਂ ਦਿੱਲੀ ‘ਚ ਮੁੱਖ ਚੋਣ ਕਮਿਸ਼ਨਰ ਵੀ. ਐੱਸ. ਸੰਪਤ ਨਾਲ ਮੁਲਾਕਾਤ ਕਰਕੇ ਇਸ ਸੰਬੰਧ ‘ਚ ਸ਼ਿਕਾਇਤ ਕੀਤੀ ਸੀ। ਕਮਿਸ਼ਨ ਵਲੋਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਭੇਜੇ ਗਏ ਸੰਦੇਸ਼ ‘ਚ ਕਿਹਾ ਗਿਆ ਹੈ ਕਿ ਸਾਰੇ ਮਾਮਲਿਆਂ ਦੀ ਸੰਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਵਿਸਥਾਰ ‘ਚ ਰਿਪੋਰਟ ਭੇਜੀ ਜਾਏ। ਜਾਖੜ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੋਲਿੰਗ ਤੇ ਉਸ ਦੇ ਬਾਅਦ ਪੁਲਸ ਵਲੋਂ ਦਰਜ ਕੀਤੇ ਗਏ ਮਾਮਲਿਆਂ ਦੀ ਸੂਚੀ ਪੇਸ਼ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਹ ਮਾਮਲੇ ਸੂਬੇ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਸਾਹਮਣੇ ਵੀ ਚੁੱਕੇ ਸਨ ਪਰ ਦਿਲਚਸਪ ਗੱਲ ਇਹ ਹੈ ਕਿ ਉਸ ਦੇ ਬਾਅਦ ਵੀ ਕਈ ਕਾਂਗਰਸਰੀਆਂ ‘ਤੇ ਮਾਮਲੇ ਦਰਜ ਹੋ ਗਏ ਤਾਂ ਜਾਖੜ ਨੇ ਨਵੀਂ ਦਿੱਲੀ ‘ਚ ਪਹੁੰਚ ਕੇ ਸਿੱਧਾ ਮੁੱਖ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਵਾਲੇ ਦਿਨ ਸੱਤਾ ਧਿਰ ਦੇ ਲੋਕਾਂ ਨੇ ਧਨ ਤੇ ਸਰਕਾਰੀ ਸ਼ਕਤੀ ਦੀ ਖੁੱਲ੍ਹ ਕੇ ਵਰਤੋਂ ਕੀਤੀ। ਅਜਿਹੇ ਮਾਮਲਿਆਂ ਦੀ ਸ਼ਿਕਾਇਤ ਜਾਂ ਵਿਰੋਧ ਕਰਨ ਵਾਲੇ ਕਾਂਗਰਸੀਆਂ ‘ਤੇ ਹੀ ਉਲਟੇ ਕੇਸ ਦਰਜ ਕਰ ਦਿੱਤੇ ਗਏ। ਕਈ ਕਾਂਗਰਸੀ ਵਰਕਰ ਹਾਲੇ ਵੀ ਜੇਲਾਂ ‘ਚ ਬੰਦ ਹਨ। ਇਹ ਵੀ ਦੱਸਿਆ ਗਿਆ ਕਿ ਗਿਦੜਬਾਹਾ ‘ਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ‘ਤੇ ਵੀ ਪੋਲਿੰਗ ਵਾਲੇ ਦਿਨ ਹਮਲੇ ਦੀ ਕੋਸ਼ਿਸ਼ ਕੀਤੀ ਗਈ ਅਤੇ ਹੋਰਨਾਂ ਥਾਵਾਂ ‘ਤੇ ਵੀ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਜਾਖੜ ਨੇ ਮੁੱਖ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਸੀ ਕਿ ਸਰਕਾਰ ਦੇ ਇਸ਼ਾਰਿਆਂ ‘ਤੇ ਕਾਂਗਰਸੀਆਂ ‘ਤੇ ਝੂਠੇ ਮਾਮਲੇ ਬਣਾਉਣ ਵਾਲੇ ਪੁਲਸ ਅਧਿਕਾਰੀਆਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏ।

468 ad