ਕਾਂਗਰਸੀਆਂ ਕੋਲ ਮੈਨੂੰ ਭੰਡਣ ਤੋਂ ਸਿਵਾਏ ਕੋਈ ਕੰਮ ਨਹੀਂ : ਬਾਦਲ

ਕਾਂਗਰਸੀਆਂ ਕੋਲ ਮੈਨੂੰ ਭੰਡਣ ਤੋਂ ਸਿਵਾਏ ਕੋਈ ਕੰਮ ਨਹੀਂ : ਬਾਦਲ

ਜਲੰਧਰ/ਰਾਮਾਂਮੰਡੀ — ”ਕਾਂਗਰਸ ਪਾਰਟੀ ਕੋਲ ਕੋਈ ਮੁੱਦਾ ਹੀ ਨਹੀਂ ਹੈ ਅਤੇ ਹੁਣ ਉਸ ਕੋਲ ਅਕਾਲੀ ਦਲ ਤੇ ਮੈਨੂੰ ਭੰਡਣ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਹੀਂ। ਉਹ ਤਾਂ ਸਿਰਫ ਵਿਹਲੇ ਗਪੌੜਾਂ ਛੱਡਦੇ ਰਹਿੰਦੇ ਨੇ।” ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤਲਵੰਡੀ ਸਾਬੋ ਹਲਕੇ ਦੇ ਦਰਜਨਾਂ ਪਿੰਡਾਂ ‘ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੀ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀਆਂ ਦੇ ਭਰਮ-ਭੁਲੇਖੇ ਤਾਂ ਜਨਤਾ ਨੇ ਲੋਕਸਭਾ ਚੋਣਾਂ ਸਮੇਂ ਹੀ ਕੱਢ ਦਿੱਤੇ ਸਨ ਅਤੇ ਜਿਹੜੇ ਥੋੜ੍ਹੇ-ਬਹੁਤੇ ਰਹਿੰਦੇ ਹਨ, ਉਹ ਹੁਣ ਵੱਖ-ਵੱਖ ਸੂਬਿਆਂ ‘ਚ ਆ ਰਹੀਆਂ ਵਿਧਾਨ ਸਭਾ ਚੋਣਾਂ ਵੇਲੇ ਨਿਕਲ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਦਾ ਵਿਕਾਸ ਕੀਤਾ ਹੈ, ਜਦਕਿ ਕਾਂਗਰਸੀਆਂ ਨੇ ਸਿਰਫ ਬਿਆਨਬਾਜ਼ੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਦੇ ਹੱਕਾਂ ਅਤੇ ਪੰਜਾਬ ਦੀਆਂ ਮੰਗਾਂ ਲਈ ਸਾਲਾਂਬੱਧੀ ਜੇਲਾਂ ਕੱਟੀਆਂ ਹਨ ਪਰ ਕਾਂਗਰਸੀਆਂ ਨੇ ਸਿਰਫ ਰਾਜ ਹੀ ਕੀਤਾ ਹੈ। ਉਹ ਕਿਸੇ ਵੀ ਕਾਂਗਰਸੀ ਜਾਂ ਕਿਸੇ ਹੋਰ ਸਿਆਸੀ ਆਗੂ ਖਿਲਾਫ ਕਦੇ ਨਿੱਜੀ ਤੌਰ ‘ਤੇ ਨਹੀਂ ਬੋਲੇ, ਜਦਕਿ ਕਾਂਗਰਸੀ ਹਮੇਸ਼ਾ ਉਨ੍ਹਾਂ ਖਿਲਾਫ ਭੜਾਸ ਕੱਢਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਬੋਲਣ ਲਈ ਕੋਈ ਮੁੱਦਾ ਹੀ ਨਹੀਂ ਹੈ। ਭਾਵੇਂ ਰਾਜਾ ਅਮਰਿੰਦਰ ਹੋਵੇ, ਬਾਜਵਾ ਜਾਂ ਭੱਠਲ ਉਹ ਸਾਰਿਆਂ ਦਾ ਸਤਿਕਾਰ ਕਰਦੇ ਹਨ ਪਰ ਉਕਤ ਆਗੂ ਉਨ੍ਹਾਂ ਨੂੰ ਭੰਡਣ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ। ਉਨ੍ਹਾਂ ਲੋਕਾਂ ਨੂੰ ਕਈ ਟੋਟਕੇ ਸੁਣਾਉਂਦਿਆਂ ਤੇ ਕਾਂਗਰਸੀਆਂ ਨੂੰ ਗਪੌੜ ਸੰਖ ਦੱਸਦਿਆਂ ਕਾਂਗਰਸ ਦੀ ਤੁਲਨਾ ਟਟੀਹਰੀ  ਨਾਲ ਕੀਤੀ ਅਤੇ    ਕਿਹਾ ਕਿ ਜਿਵੇਂ ਰਾਤ ਨੂੰ ਸੌਣ ਵੇਲੇ ਟਟੀਹਰੀ ਲੱਤਾਂ ਆਸਮਾਨ ਵੱਲ ਕਰਕੇ ਸੌਂਦੀ ਹੈ ਕਿਉਂਕਿ ਉਸ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਜੇਕਰ ਆਸਮਾਨ ਡਿੱਗ ਪਿਆ ਤਾਂ ਉਹ ਆਪਣੀਆਂ ਲੱਤਾਂ ਨਾਲ ਉਸਨੂੰ ਰੋਕ ਲਵੇਗੀ,ਇਹੀ ਭੁਲੇਖਾ ਕਾਂਗਰਸੀਆਂ ਨੂੰ ਸੀ ਕਿ ਉਹ ਆਪਣੀ ਮਨਮਰਜ਼ੀ ਨਾਲ ਦੇਸ਼ ਨੂੰ ਚਲਾਉਂਦੇ ਰਹਿਣਗੇ ਪਰ ਦੇਸ਼ ਦੇ ਲੋਕਾਂ ਨੇ ਲੋਕਸਭਾ ਚੋਣਾਂ ਵਿਚ ਕਾਂਗਰਸ ਦਾ ਸਫਾਇਆ ਕਰ ਦਿੱਤਾ ਤੇ ਆਲਮ ਇਹ ਹੈ ਕਿ ਹੁਣ ਕਾਂਗਰਸ ਕੋਲ ਵਿਰੋਧੀ ਧਿਰ ਵਿਚ ਬੈਠਣ ਜੋਗੀਆਂ ਸੀਟਾਂ ਵੀ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਤਲਵੰਡੀ ਸਾਬੋ ਦਾ ਵਿਕਾਸ ਕਰਵਾ ਸਕਣ ਦੇ ਸਮਰੱਥ ਵਿਅਕਤੀ ਨੂੰ ਹੀ ਕਾਮਯਾਬ ਬਣਾਉਣ। 
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਹਰਿਆਣਾ ਅਤੇ ਸ਼੍ਰੋਮਣੀ ਕਮੇਟੀ ਵਿਵਾਦ ਸੰਬੰਧੀ ਆਏ ਦੇਸ਼ ਦੀ ਮਾਣਯੋਗ ਸਰਵਉੱਚ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ।
ਆਮ ਆਦਮੀ ਪਾਰਟੀ ਵਿਚ ਦਿਨੋ- ਦਿਨ ਵਧ ਰਹੀ ਧੜੇਬੰਦੀ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਇਸ ਬਾਰੇ ਕੁਝ ਨਹੀਂ ਬੋਲਣਗੇ ਪਰ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਵਿਚ ਇਸ ਪਾਰਟੀ ਦੀ ਹਕੀਕਤ ਤੋਂ ਜ਼ਰੂਰ ਜਾਣੂੰ ਹੋ ਜਾਣਗੇ। ਜਗਮੀਤ ਬਰਾੜ ਦੇ ਬਿਆਨ ਕਿ ਪੰਜਾਬ ਵਿਚ ਕਾਂਗਰਸੀ ਵਰਕਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ, ਬਾਰੇ ਸ. ਬਾਦਲ ਨੇ ਕਿਹਾ ਕਿ ਸੱਚਾਈ ਤਾਂ ਕਾਂਗਰਸੀ ਵਰਕਰ ਮੇਰੇ ਨਾਲੋਂ ਬਿਹਤਰ ਜਾਣਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ, ਤਜਿੰਦਰ ਸਿੰਘ ਮਿੱਡੂ ਖੇੜਾ ਚੇਅਰਮੈਨ ਕੋਆਪ੍ਰੇਟਿਵ ਬੈਂਕ ਮੁਕਤਸਰ, ਪਰਮਜੀਤ ਸਿੰਘ ਸਿੱਧਵਾਂ ਤੇ ਚਰਨਜੀਤ ਸਿੰਘ ਬਰਾੜ ਸਲਾਹਕਾਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਦਿ ਆਗੂ ਹਾਜ਼ਰ ਸਨ।

468 ad