ਕਸ਼ਮੀਰ ਦੇਸ਼ ਦੀ ‘ਸ਼ਾਹ ਰਗ’ ਹੈ ਅਤੇ ਇਸ ਦਾ ਹੱਲ ਕਸ਼ਮੀਰੀਆਂ ਦੀਆਂ ਇੱਛਾਵਾਂ ਮੁਤਾਬਕ ਹੋਣਾ ਚਾਹੀਦਾ ਹੈ: ਪਾਕਿਸਤਾਨ ਫੌਜ ਮੁਖੀ

RaheelSharif_1666950f

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਰਹੀਲ ਸ਼ਰੀਫ ਨੇ ਕਸ਼ਮੀਰ ਮਸਲੇ ਦਾ ਰਾਗ ਅਲਾਪਦਿਆਂ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕਸ਼ਮੀਰ ਦੇਸ਼ ਦੀ ‘ਸ਼ਾਹ ਰਗ’ ਹੈ ਅਤੇ ਇਸ ਦਾ ਹੱਲ ਕਸ਼ਮੀਰੀਆਂ ਦੀਆਂ ਇੱਛਾਵਾਂ ਮੁਤਾਬਕ ਹੋਣਾ ਚਾਹੀਦਾ ਹੈ।

ਰਾਵਲਪਿੰਡੀ ’ਚ ਫੌਜੀ ਹੈੱਡਕੁਆਰਟਰ ’ਤੇ ਸ਼ਹੀਦੀ ਦਿਵਸ ਮੌਕੇ ਕੱਲ ਕਰਾਏ ਗਏ ਸਮਾਗਮ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਕਸ਼ਮੀਰ ਕੌਮਾਂਤਰੀ ਮਸਲਾ ਹੈ। ਉਨ੍ਹਾਂ ਕਿਹਾ, ‘‘ਕਸ਼ਮੀਰੀਆਂ ਵੱਲੋਂ ਦਿੱਤਾ ਗਿਆ ਬਲੀਦਾਨ ਬੇਕਾਰ ਨਹੀਂ ਜਾਏਗਾ। ਜਨਰਲ ਸ਼ਰੀਫ ਨੇ ਕਿਹਾ ਕਿ ਕਸ਼ਮੀਰ ਮਸਲੇ ਦਾ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤਿਆਂ ਮੁਤਾਬਕ ਹੋਣਾ ਚਾਹੀਦਾ ਹੈ ਤਾਂ ਜੋ ਖਿੱਤੇ ’ਚ ਅਮਨੋ-ਅਮਾਨ ਬਹਾਲ ਰਹੇ।

ਪਾਕਿਸਤਾਨ ਕਸ਼ਮੀਰ ਨੂੰ ਅਕਸਰ ਦੇਸ਼ ਦੀ ‘ਸ਼ਾਹਰਗ’ ਬਿਆਨਦਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਫੌਜ ਮੁਖੀ ਜਨਰਲ ਸ਼ਰੀਫ ਨੇ ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਅਜਿਹਾ ਵਿਵਾਦਤ ਬਿਆਨ ਦਾਗਿਆ ਹੈ।

ਜਨਰਲ ਸ਼ਰੀਫ ਨੇ ਕਿਹਾ ਕਿ ਪਾਕਿਸਤਾਨੀ ਫੌਜ ਸ਼ਾਂਤੀ ਦੇ ਪੱਖ ’ਚ ਹੈ ਪਰ ਕਿਸੇ ਵੀ ਹਮਲੇ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਉਹ ਹਮੇਸ਼ਾ ਤਿਆਰ ਹਨ। ਪਾਕਿਸਤਾਨ ਦੇ ਅੰਦਰੂਨੀ ਮਸਲਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫੌਜ ਲੋਕਤੰਤਰ ਦੀ ਮਜ਼ਬੂਤੀ, ਸੰਵਿਧਾਨ ਦੀ ਪਾਲਣਾ ਅਤੇ ਕਾਨੂੰਨ ਦੇ ਸ਼ਾਸਨ ’ਚ ਵਿਸ਼ਵਾਸ ਰੱਖਦੀ ਹੈ।

ਜੀਓ ਟੀਵੀ ਦੇ ਪੱਤਰਕਾਰ ਹਾਮਿਦ ਮੀਰ ’ਤੇ ਹਮਲੇ ਤੋਂ ਬਾਅਦ ਚੈਨਲ ਦਾ ਲਾਇਸੈਂਸ ਰੱਖਿਆ ਮੰਤਰਾਲੇ ਵੱਲੋਂ ਰੱਦ ਕਰਨ ਦੀ ਮੰਗ ਦੇ ਵਿਵਾਦ ਵਿਚਕਾਰ ਫੌਜ ਮੁਖੀ ਨੇ ਮੀਡੀਆ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਫੌਜ ਮੀਡੀਆ ਦੀ ਆਜ਼ਾਦੀ ਅਤੇ ਜ਼ਿੰਮੇਵਾਰਾਨਾ ਪੱਤਰਕਾਰਿਤਾ ’ਚ ਭਰੋਸਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਫੌਜ ਅਤਿਵਾਦ ਨੂੰ ਖਤਮ ਕਰਕੇ ਮੁਲਕ ’ਚ ਸ਼ਾਂਤੀ ਬਹਾਲੀ ਦੇ ਯਤਨਾਂ ’ਚ ਸਹਿਯੋਗ ਦਿੰਦੀ ਰਹੇਗੀ।

468 ad