ਔਰਬਿਟ ਬੱਸ ‘ਚੋਂ ਮਿਲੀ ਭੁੱਕੀ ਰਹੱਸ ਬਣੀ

orbit

ਬਠਿੰਡਾ ਦੇ ਬੱਸ ਅੱਡੇ ‘ਤੇ ਔਰਬਿਟ ਬੱਸ ਚੋਂ ਮਿਲੀ ਚਾਰ ਕਿਲੋ ਭੁੱਕੀ ਭੇਤ ਬਣ ਗਈ ਹੈ। ਬੱਸ ਦੇ ਡਰਾਈਵਰ ਨੇ ਭੁੱਕੀ ਵਾਲਾ ਥੈਲਾ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਸਟਾਫ ਦਾ ਕਹਿਣਾ ਹੈ ਕਿ ਇਹ ਥੈਲਾ ਪੀ.ਆਰ.ਟੀ.ਸੀ. ਵਲੋਂ ਛਾਂਟੀ ਕੀਤੇ ਕੱਚੇ ਮੁਲਾਜ਼ਮ ਦਾ ਹੈ ਜਦੋਂ ਕਿ ਪੁਲੀਸ ਥੈਲੇ ਵਿੱਚ ਭੁੱਕੀ ਹੋਣ ਤੋਂ ਹੀ ਮੁੱਕਰ ਗਈ ਹੈ। ਔਰਬਿਟ ਬੱਸ (ਨੰਬਰ ਪੀ.ਬੀ 03 1133) ਅੱਜ ਅਬੋਹਰ ਤੋਂ ਬਠਿੰਡਾ ਆ ਰਹੀ ਸੀ ਅਤੇ ਸਵੇਰੇ 10 ਵਜੇ ਪੁਲੀਸ ਨੇ ਇਸ ਬੱਸ ਨੂੰ ਬਠਿੰਡਾ ਨਹਿਰ ਦੇ ਪੁੱਲ ‘ਤੇ ਰੋਕ ਲਿਆ। ਪੁਲੀਸ ਨੇ ਬੱਸ ਵਿੱਚ ਸਵਾਰ ਭੁਪਿੰਦਰ ਸਿੰਘ ਭਿੰਦਾ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮਗਰੋਂ ਉਸ ਨੂੰ ਕੋਤਵਾਲੀ ਪੁਲੀਸ ਹਵਾਲੇ ਕਰ ਦਿੱਤਾ। ਜਦੋਂ ਔਰਬਿਟ ਬੱਸ ਸਥਾਨਕ ਬੱਸ ਅੱਡੇ ਵਿੱਚ ਪੁੱਜੀ ਤਾਂ ਬੱਸ ਦੇ ਡਰਾਈਵਰ ਰਜਿੰਦਰ ਸਿੰਘ ਨੇ ਇਕ ਥੈਲਾ ਪੁਲੀਸ ਹਵਾਲੇ ਕਰ ਦਿੱਤਾ ਜਿਸ ‘ਚੋਂ ਪੁਲੀਸ ਨੂੰ ਚਾਰ ਕਿਲੋ ਭੁੱਕੀ ਮਿਲੀ ਹੈ। ਔਰਬਿਟ ਬੱਸ ਦੇ ਅੱਡੇ ਵਿਚਲੇ ਇੰਚਾਰਜ ਮਹਾਸ਼ਾ ਨੇ ਕਿਹਾ ਕਿ ਉਨ੍ਹਾਂ }ਨੂੰ ਡਰਾਈਵਰ ਰਜਿੰਦਰ ਸਿੰਘ ਨੇ ਥੈਲੇ ਬਾਰੇ ਦੱਸਿਆ ਸੀ ਅਤੇ ਜਦੋਂ ਉਸ ਨੂੰ ਫਰੋਲਿਆ ਗਿਆ ਤਾਂ ਉਸ ਵਿੱਚੋਂ ਭੁੱਕੀ ਨਿਕਲੀ ਅਤੇ ਇਹ ਥੈਲਾ ਬੱਸ ਅੱਡੇ ਵਿਚਲੀ ਪੁਲੀਸ ਚੌਂਕੀ ਦੇ ਇੰਚਾਰਜ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਥੈਲਾ ਪੁਲੀਸ ਵਲੋਂ ਨਹਿਰ ‘ਤੇ ਉਤਾਰੇ ਭੁਪਿੰਦਰ ਸਿੰਘ ਭਿੰਦਾ ਦਾ ਸੀ। ਦੂਜੇ ਪਾਸੇ ਪੁਲੀਸ ਚੌਂਕੀ ਦੇ ਇੰਚਾਰਜ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮਾਮਲਾ ਅਫ਼ਸਰਾਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਪ੍ਰੰਤੂ ਭੁਪਿੰਦਰ ਸਿੰਘ ਭਿੰਦਾ ਥੈਲਾ ਆਪਣਾ ਹੋਣ ਤੋਂ ਇਨਕਾਰ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਥੈਲੇ ਵਿੱਚ ਭੁੱਕੀ ਤੋਂ ਇਲਾਵਾ ਕੱਪੜੇ ਵਗੈਰਾ ਵੀ ਸਨ ਅਤੇ ਭੁਪਿੰਦਰ ਸਿੰਘ ਭਿੰਦਾ ਕਾਫੀ ਸਮੇਂ ਤੋਂ ਔਰਬਿਟ ਵਿੱਚ ਸਫ਼ਰ ਕਰਦਾ ਆ ਰਿਹਾ ਹੈ। ਪੀ.ਆਰ.ਟੀ.ਸੀ ਦੇ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਰਜਿੰਦਰ ਜੋਸ਼ੀ ਦਾ ਕਹਿਣਾ ਸੀ ਕਿ ਪੀ.ਆਰ.ਟੀ.ਸੀ ਦਾ ਇਹ ਛਾਂਟੀ ਕੀਤਾ ਮੁਲਾਜ਼ਮ ਬਠਿੰਡਾ ਵਿੱਚ ਨਵੇਂ ਪ੍ਰਦਰਸ਼ਨ ਦੀ ਰੂਪ ਰੇਖਾ ਘੜਨ ਆ ਰਿਹਾ ਸੀ ਜਿਸ ਬਾਰੇ ਉਨ੍ਹਾਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਆਖਿਆ ਕਿ ਕਿਸੇ ਵਿਘਨ ਦੇ ਡਰੋਂ ਪੁਲੀਸ ਨੇ ਨਹਿਰਾਂ ‘ਤੇ ਹੀ ਭਿੰਦਾ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਹ ਆਪਣਾ ਬੈਗ ਬੱਸ ਵਿੱਚ ਹੀ ਰੱਖ ਗਿਆ ਸੀ ਜਿਸ ਵਿੱਚੋਂ ਮਗਰੋਂ ਭੁੱਕੀ ਮਿਲੀ ਹੈ। ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫ਼ਸਰ ਮਹੇਸ਼ ਕੁਮਾਰ ਦਾ ਕਹਿਣਾ ਸੀ ਕਿ ਮਾਮਲਾ ਹਾਲੇ ਸ਼ੱਕੀ ਹੈ ਅਤੇ ਥੈਲੇ ਵਿੱਚੋਂ ਮਿਲਿਆ ਉਤਪਾਦ ਭੁੱਕੀ ਵਰਗਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਭੁਪਿੰਦਰ ਭਿੰਦਾ ਵਿਘਨ ਪਾਉਣ ਦੀ ਨੀਅਤ ਨਾਲ ਬਠਿੰਡਾ ਆ ਰਿਹਾ ਸੀ ਜਿਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਮੁਲਾਜ਼ਮਾਂ ਦਾ ਵਿਵਾਦ ਚੱਲ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਉਸ ਨੂੰ ਫਸਾਉਣ ਦੀ ਸਾਜ਼ਿਸ਼ ਤਹਿਤ ਇਹ ਕਹਾਣੀ ਘੜੀ ਗਈ ਹੋਵੇ। ਸੂਤਰ ਆਖਦੇ ਹਨ ਕਿ ਕੁਝ ਵੀ ਹੋਵੇ, ਪੁਲੀਸ ਇਸ ਵੇਲੇ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੇ ਰੌਂਅ ਵਿਚ ਹੈ। 

468 ad