ਏਜੰਟ ਬਿਨਾਂ ਰੋਕ ਬਣਾ ਰਹੇ ਹਨ ਜਾਅਲੀ ਮੈਡੀਕਲ ਸਰਟੀਫਿਕੇਟ

**ਬਿਨੈਕਾਰਾਂ ਨੂੰ ਨਹੀਂ ਜਾਣਕਾਰੀ, 

**ਜਾਅਲੀ ਸਰਟੀਫਿਕੇਟ ਬਣਾਉਣ ਦਾ ਮਾਮਲਾ

ਜਲੰਧਰ-ਸੁਵਿਧਾ ਸੈਂਟਰ ਵਿਚ ਲਰਨਿੰਗ ਲਾਇਸੈਂਸ ਅਰਜ਼ੀ ਨਾਲ ਲੱਗਣ ਵਾਲੇ ਮੈਡੀਕਲ ਸਰਟੀਫਿਕੇਟ ਬਾਰੇ ਬਿਨੈਕਾਰਾਂ ਨੂੰ ਘੱਟ ਜਾਣਕਾਰੀ ਦਾ ਫਾਇਦਾ ਲਾਲਚੀ ਕਿਸਮ ਦੇ ਏਜੰਟ ਉਠਾ ਰਹੇ ਹਨ ਜਿਸ ਕਾਰਨ ਸੁਵਿਧਾ ਸੈਂਟਰ ਵਿਚ ਆਏ ਦਿਨ ਕੋਈ ਨਾ ਕੋਈ ਜਾਅਲੀ ਮੈਡੀਕਲ ਸਰਟੀਫਿਕੇਟ ਫੜਿਆ ਹੀ ਜਾਂਦਾ ਹੈ। ਸੁਵਿਧਾ ਸੈਂਟਰ ਦੇ ਕਰਮਚਾਰੀਆਂ ਦੀ ਚੌਕਸੀ ਕਾਰਨ ਅਕਸਰ ਕੋਈ ਨਾ ਕੋਈ ਬਿਨੈਕਾਰ ਜਾਅਲੀ ਸਰਟੀਫਿਕੇਟ ਨਾਲ ਫੜਿਆ ਜਾ ਰਿਹਾ ਹੈ ਤੇ ਲਗਭਗ ਸਾਰੇ ਮਾਮਲਿਆਂ ਵਿਚ ਲਾਇਸੈਂਸ ਲਈ ਅਪਲਾਈ ਕਰਨ ਵਾਲਿਆਂ ਨੂੰ ਮੈਡੀਕਲ ਸਰਟੀਫਿਕੇਟ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਤੇ ਬਹੁਤੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਬਾਰੇ ਵੀ ਨਹੀਂ ਪਤਾ ਹੁੰਦਾ। ਆਮ ਜਨਤਾ ਨੂੰ ਜਾਣਕਾਰੀ ਦੀ ਘਾਟ ਦਾ ਫਾਇਦਾ ਏਜੰਟ ਉਠਾਉਂਦੇ ਹਨ ਤੇ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿਚ ਜਾਅਲੀ ਮੈਡੀਕਲ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ।

ਜਾਅਲੀ ਮੈਡੀਕਲ ਸਰਟੀਫਿਕੇਟ ਨਾਲ ਫੜੀ ਗਈ ਕੁੜੀ ਨੇ ਮੰਨੀ ਗਲਤੀ, ਕਿਹਾ ਭਵਿੱਖ ‘ਚ ਨਹੀਂ ਜਾਵਾਂਗੇ ਏਜੰਟਾਂ ਕੋਲ

 ਬੁੱਧਵਾਰ ਨੂੰ ਸੁਵਿਧਾ ਸੈਂਟਰ ਵਿਚ ਇਕ ਕੁੜੀ ਆਪਣੇ ਲਰਨਿੰਗ ਲਾਇਸੈਂਸ ਦੀ ਅਰਜ਼ੀ ਜਮ੍ਹਾ ਕਰਵਾਉਣ ਆਈ। ਪਹਿਲਾਂ ਹੀ ਕਰਵਾਏ ਗਏ ਮੈਡੀਕਲ ਦੀ ਸੁਵਿਧਾ ਸੈਂਟਰ ਦੇ ਕਰਮਚਾਰੀਆਂ ਨੇ ਡੂੰਘਾਈ ਨਾਲ ਜਾਂਚ ਕੀਤੀ। ਜਦੋਂ ਕੁੜੀ ਤੋਂ ਡਾਕਟਰ ਬਾਰੇ ਪੁੱਛਗਿਛ ਕੀਤੀ ਤਾਂ ਕੁੜੀ ਨੇ ਕਿਹਾ ਕਿ ਉਸ ਦੇ ਨਾਲ ਉਸ ਦਾ ਕੋਈ ਰਿਸ਼ਤੇਦਾਰ ਆਇਆ ਹੈ ਜਿਸ ਨੇ ਉਸ ਦੀ ਅਰਜ਼ੀ ਵਾਲਾ ਫਾਰਮ ਭਰਵਾਇਆ ਹੈ ਤੇ ਮੈਡੀਕਲ ਬਾਰੇ ਵੀ ਉਸ ਨੂੰ ਹੀ ਪਤਾ ਹੈ। ਜਦੋਂ ਰਿਸ਼ਤੇਦਾਰ ਨੂੰ ਬੁਲਾਇਆ ਗਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਸੁਰਿੰਦਰ ਨਾਮੀ ਏਜੰਟ ਨੇ ਫਾਈਲ ਭਰ ਕੇ ਤਿਆਰ ਕੀਤੀ ਸੀ ਤੇ ਮੈਡੀਕਲ ਵੀ ਉਸੇ ਨੇ ਕਰਵਾਇਆ ਹੈ। ਜਦੋਂ ਕੁੜੀ ਤੋਂ ਪੁੱਛਿਆ ਗਿਆ ਕਿ ਉਹ ਨਿੱਜੀ ਤੌਰ ‘ਤੇ ਮੈਡੀਕਲ ਕਰਵਾਉਣ ਗਈ ਸੀ ਤਾਂ ਉਸ ਨੇ ਕਿਹਾ ਕਿ ਉਹ ਕਿਤੇ ਨਹੀਂ ਗਈ ਸੀ ਤੇ ਫਾਰਮ ਤਿਆਰ ਹੋ ਕੇ ਉਸ ਨੂੰ ਮਿਲ ਗਿਆ ਸੀ ਜਿਸ ਤੋਂ ਬਾਅਦ ਉਹ ਫਾਰਮ ਜਮ੍ਹਾ ਕਰਵਾਉਣ ਸੁਵਿਧਾ ਸੈਂਟਰ ਆਈ ਸੀ। ਬਿਨੈਕਾਰ ਕੁੜੀ ਤੇ ਰਿਸ਼ਤੇਦਾਰ ਨੌਜਵਾਨ ਨੇ ਮੰਨਿਆ ਕਿ ਉਸ ਤੋਂ ਗਲਤੀ ਹੋਈ ਹੈ ਤੇ ਭਵਿੱਖ ਵਿਚ ਉਹ ਅਜਿਹੀ ਗਲਤੀ ਦੁਬਾਰਾ ਨਹੀਂ ਕਰਨਗੇ ਕਿਉਂਕਿ ਗਲਤ ਜਾਣਕਾਰੀ ਵਾਲੇ ਜਾਅਲੀ ਮੈਡੀਕਲ ਸਰਟੀਫਿਕੇਟ ਨਾਲ ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਸੀ।

ਇਕ ਹੀ ਡਾਕਟਰ ਦੇ ਮੈਡੀਕਲ ਸਰਟੀਫਿਕੇਟ ਦੇ ਕਈ ਮਾਮਲੇ ਆ ਚੁੱਕੇ ਹਨ ਸਾਹਮਣੇ : ਬੁੱਧਵਾਰ ਨੂੰ ਜਾਅਲੀ ਮੈਡੀਕਲ ਸਰਟੀਫਿਕੇਟ ਨਾਲ ਫੜੀ ਗਈ ਕੁੜੀ ਦੀ ਅਰਜ਼ੀ ‘ਤੇ ਜਿਸ ਡਾਕਟਰ ਦੀ ਮੋਹਰ ਲਗਾ ਕੇ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਉਸੇ ਡਾਕਟਰ ਵਲੋਂ ਜਾਰੀ ਕਈ ਮੈਡੀਕਲ ਸਰਟੀਫਿਕੇਟ ਪਹਿਲਾਂ ਵੀ ਜਾਅਲੀ ਸਾਬਤ ਹੋ ਚੁੱਕੇ ਹਨ ਪਰ ਫਿਰ ਵੀ ਇਸੇ ਡਾਕਟਰ ਦੇ ਸਰਟੀਫਿਕੇਟ ਬਿਨਾਂ ਕਿਸੇ ਰੋਕ-ਟੋਕ ਨਾਲ ਸੁਵਿਧਾ ਸੈਂਟਰ ਆਉਣੇ ਜਾਰੀ ਹਨ ਤੇ ਅੱਜ ਤੱਕ ਇਸ ਡਾਕਟਰ ਦੀ ਸੱਚਾਈ ਜਾਣਨ ਦਾ ਯਤਨ ਨਹੀਂ ਕੀਤਾ ਗਿਆ ਜਿਸ ਨਾਲ ਅਸਲੀਅਤ ਦਾ ਪਤਾ ਲੱਗ ਸਕੇ।
ਏਜੰਟਾਂ ਨੇ ਬਣਾ ਰੱਖੀਆਂ ਹਨ ਡਾਕਟਰਾਂ ਦੀਆਂ ਜਾਅਲੀ ਮੋਹਰਾਂ : ਡਾਕਟਰ ਨੂੰ ਪ੍ਰਮਾਤਮਾ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਤੇ ਹਰ ਕੋਈ ਉਸ ਦੀ ਕਦਰ ਕਰਦਾ ਹੈ ਪਰ ਕੁਝ ਲਾਲਚੀ ਲੋਕ ਆਪਣੇ ਨਿੱਜੀ ਸੁਆਰਥ ਕਰ ਕੇ ਡਾਕਟਰੀ ਪੇਸ਼ੇ ਨੂੰ ਵੀ ਬਦਨਾਮ ਕਰਨ ਤੋਂ ਨਹੀਂ ਡਰਦੇ। ਜਾਅਲੀ ਮੈਡੀਕਲ ਸਰਟੀਫਿਕੇਟ ਮਾਫੀਆ ਵਾਲੇ ਏਜੰਟਾਂ ਨੇ ਡਾਕਟਰਾਂ ਦੀਆਂ ਜਾਅਲੀ ਮੋਹਰਾਂ ਬਣਾਈਆਂ ਹੋਈਆਂ ਹਨ ਜਿਸ ਨੂੰ ਬਿਨਾਂ ਡਾਕਟਰ ਦੀ ਜਾਣਕਾਰੀ ਦੇ ਇਸਤੇਮਾਲ ਕੀਤਾ ਜਾਂਦਾ ਹੈ।
ਜਾਅਲੀ ਮੈਡੀਕਲ ਸਰਟੀਫਿਕੇਟ ਬਣਾਉਣ ਵਾਲਾ ਮਾਫੀਆ ਹੈ ਤਹਿਸੀਲ ‘ਚ ਸਰਗਰਮ : ਜਾਅਲੀ ਮੈਡੀਕਲ ਸਰਟੀਫਿਕੇਟ ਬਣਾਉਣ ਵਾਲਾ ਮਾਫੀਆ ਇਸ ਸਮੇਂ ਤਹਿਸੀਲ ਕੰਪਲੈਕਸ ਵਿਚ ਸਰਗਰਮ ਹੈ। ਇਸ ਮਾਫੀਆ ਦੀ ਉੱਚੀ ਪਹੁੰਚ ਤੇ ਵਧੀਆ ਨੈੱਟਵਰਕ ਦੀ ਜਾਣਕਾਰੀ ਇਸੇ ਗੱਲ ਤੋਂ ਮਿਲਦੀ ਹੈ ਕਿ ਸੁਵਿਧਾ ਸੈਂਟਰ ਵਿਚ ਬਾਹਰੋਂ ਆਉਣ ਵਾਲੇ ਮੈਡੀਕਲ ਸਰਟੀਫਿਕੇਟ ਜ਼ਿਆਦਾਤਰ ਇਸੇ ਮਾਫੀਆ ਦੇ ਹੱਥੋਂ ਜਾਰੀ ਹੁੰਦੇ ਹਨ। ਪੂਰੇ ਜਲੰਧਰ ਵਿਚ ਇਸ ਮਾਫੀਆ ਦੀਆਂ ਜੜ੍ਹਾਂ ਮਜ਼ਬੂਤ ਤੇ ਵਿਸ਼ਾਲ ਹੋ ਚੁੱਕੀਆਂ ਹਨ। ਇਸ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਏਜੰਟ ਜਾਅਲੀ ਮੈਡੀਕਲ ਸਰਟੀਫਿਕੇਟ ਬਣਾਉਣ ਤੋਂ ਬਿਲਕੁਲ ਨਹੀਂ ਘਬਰਾਉਂਦੇ ਤੇ ਭੋਲੀ-ਭਾਲੀ ਜਨਤਾ ਤੋਂ ਹਜ਼ਾਰਾਂ ਰੁਪਏ ਇਕੱਠੇ ਕਰ ਰਹੇ ਹਨ।
ਲੱਖਾਂ ਦਾ ਹੈ ਜਾਅਲੀ ਮੈਡੀਕਲ ਸਰਟੀਫਿਕੇਟਾਂ ਦਾ ਕਾਰੋਬਾਰ : ਲਰਨਿੰਗ ਲਾਇਸੈਂਸ ਤੇ ਪੱਕੇ ਲਾਇਸੈਂਸ ਦੀ ਅਰਜ਼ੀ ਨਾਲ ਲੱਗਣ ਵਾਲੇ ਜਾਅਲੀ ਸਰਟੀਫਿਕੇਟ ਨੇ ਹੌਲ-ਹੌਲੀ ਬਹੁਤ ਵੱਡੇ ਕਾਰੋਬਾਰ ਦਾ ਰੂਪ ਧਾਰਨ ਕਰ ਲਿਆ ਹੈ ਤੇ ਇਸ ਧੰਦੇ ‘ਚ ਸ਼ਾਮਲ ਏਜੰਟ ਹਰ ਮਹੀਨੇ ਲੱਖਾਂ ਰੁਪਏ ਦੀ ਮੋਟੀ ਕਾਲੀ ਕਮਾਈ ਕਰ ਰਹੇ ਹਨ ਜਿਸ ਦੀ ਜਾਣਕਾਰੀ ਕਿਸੇ ਅਧਿਕਾਰੀ ਨੂੰ ਨਹੀਂ ਹੈ ਤੇ ਨਾ ਹੀ ਅੱਜ ਤੱਕ ਕਿਸੇ ਅਧਿਕਾਰੀ ਨੇ ਗੰਭੀਰਤਾ ਨਾਲ ਇਸ ‘ਤੇ ਨਕੇਲ ਕੱਸਣ ਦਾ ਯਤਨ ਹੀ ਕੀਤਾ ਹੈ।
16 ਮਈ ਤੋਂ ਬਾਅਦ ਬਦਲਵਾਂ ਪ੍ਰਬੰਧ ਹੋਵੇਗਾ ਲਾਗੂ : ਡੀ. ਸੀ. : ਡੀ. ਸੀ. ਵਰੁਣ ਰੂਜਮ ਨੇ ਕਿਹਾ ਕਿ ਇਸ ਮਾਫੀਏ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਬਦਲਵੇਂ ਪ੍ਰਬੰਧ ਬਾਰੇ ਪ੍ਰਸਤਾਵ ਤਿਆਰ ਕੀਤਾ ਜਾ ਚੁੱਕਾ ਹੈ ਤੇ 16 ਮਈ ਤੋਂ ਬਾਅਦ ਕਿਸੇ ਵੀ ਸਮੇਂ ਜਾਅਲੀ ਮੈਡੀਕਲ ਸਰਟੀਫਿਕੇਟ ਨੂੰ ਰੋਕਣ ਲਈ ਠੋਸ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਇਸ ਰੈਕੇਟ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।

468 ad