ਉਪ-ਚੋਣਾਂ ਕਾਰਨ ਬਾਦਲ ਨੇ ਡੇਰਾ ਸੌਦਾ ਮੁਖੀ ਦਾ ਕੇਸ ਕਮਜ਼ੋਰ ਕੀਤਾ

ਜਲੰਧਰ- ਪੰਜਾਬ ਦੇ ਗਰਮਦਲੀ ਸੰਗਠਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਉਪ-ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਹੀ ਡੇਰਾ ਸੌਦਾ ਮੁਖੀ Badalਦੇ ਕੇਸ ਨੂੰ ਕਮਜ਼ੋਰ  ਬਣਾਇਆ ਹੈ, ਜਿਸ ਕਾਰਨ ਅਦਾਲਤ ਵਲੋਂ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।  ਯੂਨਾਈਟਿਡ ਸਿੱਖ ਮੂਵਮੈਂਟ ਦੇ ਚੇਅਰਮੈਨ ਡਾ. ਭਗਵਾਨ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ, ਸਕੱਤਰ ਮਨਜੀਤ ਸਿੰਘ, ਸੀਨੀਅਰ ਉਪ-ਪ੍ਰਧਾਨ  ਭਾਈ ਜਤਿੰਦਰ ਸਿੰਘ ਈਸੜੂ ਅਤੇ ਗੁਰਨਾਮ ਸਿੰਘ ਸਿੱਧੂ ਨੇ ਇਕ ਸਾਂਝੇ ਬਿਆਨ ‘ਚ ਕਿਹਾ ਕਿ ਬਾਦਲ ਨੇ ਉਪ-ਚੋਣ ‘ਚ ਡੇਰੇ ਨਾਲ ਸੰਬੰਧਿਤ ਵੋਟਾਂ ਲੈਣ ਲਈ ਹੀ ਉਨ੍ਹਾਂ ਦੇ ਕੇਸ ਨੂੰ ਕਮਜ਼ੋਰ ਬਣਾਇਆ। ਹੁਣ ਬਾਦਲ ਦੀ ਪੋਲ ਖੁੱਲ੍ਹ ਗਈ ਹੈ।  
ਉਨ੍ਹਾਂ ਕਿਹਾ ਕਿ ਬਾਦਲ ਵੋਟਾਂ ਲੈਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਉਹ ਹੇਠਲੇ ਪੱਧਰ ਦੀ ਸਿਆਸਤ ਖੇਡ ਰਹੇ  ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ‘ਚ ਬਾਦਲ ਵਲੋਂ ਖੇਡੀ ਗਈ ਇਸ ਸਿਆਸਤ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਪਟਿਆਲਾ ਅਤੇ ਤਲਵੰਡੀ ਸਾਬੋ ਸੀਟਾਂ ਦੀ ਉਪ-ਚੋਣ ‘ਚ ਸਿੱਖ ਭਾਈਚਾਰਾ ਇਸ ਦਾ ਜਵਾਬ ਬਾਦਲ ਦਲ ਦੇ ਉਮੀਦਵਾਰਾਂ ਨੂੰ ਜ਼ਰੂਰ ਦੇਵੇਗਾ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ।  
ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਸੰਬੰਧ ‘ਚ ਸੂਬਾਈ ਸਰਕਾਰ ਤੋਂ ਜਵਾਬ-ਤਲਬੀ ਕਰਨੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਸਿੱਖ ਭਾਈਚਾਰੇ ਨਾਲ ਅਜਿਹਾ ਹੀ ਹੁੰਦਾ ਰਿਹਾ ਤਾਂ ਫਿਰ ਉਸ ਨਾਲ ਜੁੜੇ ਸਾਰੇ ਮਾਮਲੇ ਕਮਜ਼ੋਰ ਪੈ ਜਾਣਗੇ। ਸਿੱਖਾਂ  ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

468 ad